Viang

ਵਿਅੰਗ

 ਕੀ ਪ੍ਰੋਰਾਮ ਏ  (Ki Programme ai)

ਮੈਂ ਕਿਸੇ ਦੋਸਤ ਦੇ ਨਾਲ ਇਕ ਸਾਹਿਤਕਾਰ ਦੇ ਕੋਲ ਗਿਆ| ਮੇਰੇ ਦੋਸਤ ਨੇ ਮੇਰੇ ਬਾਰੇ ਜਾਣ-ਪਹਿਚਾਣ ਕਰਾਉਂਦਿਆਂ ਕਿਹਾ, ‘ਇਹ ਸ੍ਰੀ ਐਸ.ਕੇ. ਧਮਾਕਾ, ਇਹ ਵੀ ਲਿਖਦੇ ਹਨ| ਇਨ੍ਹਾਂ ਦੀਆਂ ਕੁਝ ਰਚਨਾਵਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ| ਉਨ੍ਹਾਂ ਮੇਰੇ ਨਾਲ ਘੁੱਟ ਕੇ ਹੱਥ ਮਿਲਾਇਆ ਅਤੇ ਕੁਝ ਚਿਰ ਬਾਅਦ ਦਾਰੂ ਦੀ ਬੋਤਲ ਲੈ ਆਇਆ ਅਤੇ ਇਕ ਗਿਲਾਸੀ ਮੇਰੇ ਅੱਗੇ ਵੀ ਟਿਕਾ ਦਿੱਤੀ| ਪਰ ਮੈਂ ਕਿਹਾ, ‘ਮੈਂ ਸ਼ਰਾਬ ਨਹੀਂ ਜੀਂਦਾ| ਉਨ੍ਹਾਂ ਮੇਰੀ ਮੰਨ ਲਈ|
ਜਦੋਂ ਦੋ-ਦੋ ਪੈੱਗ ਅੰਦਰ ਗਏ ਤਾਂ ਸਾਹਿਤਕਾਰ ਮੈਨੂੰ ਮੁਖਾਤਿਬ ਹੋਇਆ ‘ਵੇਖ ਮਿੱਤਰਾ ਤੂੰ ਪੀ ਭਾਵੇਂ ਨਾ ਪੀ ਪਰ ਅਸੀਂ ਪੀਤਿਆਂ ਬਿਨਾਂ ਨਹੀਂ ਰਹਿ ਸਕਦੇ|’ ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਮੈਂ ਸ਼ਿਸ਼ਟਾਚਾਰ ਵਜੋਂ ਕਿਹਾ, ‘ਜਦੋਂ ਅੰਮ੍ਰਿਤਸਰ ਆਇਓ ਤਾਂ ਮੇਰੇ ਕੋਲ ਦਫ਼ਤਰੋਂ ਜ਼ਰੂਰ ਹੋ ਕੇ ਆਉਣਾ|’
‘ਜ਼ਰੂਰ ਜ਼ਰੂਰ ਕਿਉਂ ਨਹੀਂ|’ ਉਨ੍ਹਾਂ ਬੜੇ ਨਿੱਘ ਨਾ ਮੇਰਾ ਹੱਥ ਘੁੱਟਿਆ…. ਤੇ ਫਿਰ ਇਕ ਦਿਨ ਉਹ ਸਾਹਿਤਕਾਰ ਮੇਰੇ ਕੋਲ ਇਕ ਹੋਰ ਮਿੱਤਰ ਨਾਲ ਆ ਗਿਆ| ਮੈਂ ਕੁਰਸੀ ਤੋਂ ਉਠ ਕੇ ਨਿੱਘਾ ਸਵਾਗਤ ਕੀਤਾ| ਪਹਿਲਾਂ ਠੰਢਾ ਪਿਆਇਆ ਤੇ ਫਿਰ ਚਾਹ ਵੀ| ਉਹ ਰਸਮੀ ਹਾਲ-ਚਾਲ ਪੁੱਛਣ ਤੋਂ ਬਾਅਦ ਬੋਲਿਆ, ‘ਸੁਣਾ ਫਿਰ ਹੋਰ ਕੀ ਪ੍ਰੋਗਰਾਮ ਏ?’
‘ਕੋਈ ਖਾਸ ਨਹੀਂ, ਫਾਈਲਾਂ ਦਾ ਢੇਰ ਲੱਗਾ, ਇਨ੍ਹਾਂ ‘ਚੋਂ ਕੁਝ ਜਰੂਰੀ ਦਾ ਨਿਪਟਾਰਾ ਕਰਨਾ ਹੈ ਕਿਉਂਕਿ ਕੱਲ੍ਹ ਤੋਂ ਅਫ਼ਸਰ ਟੂਰ ਤੇ ਜਾ ਰਿਹਾ ਹੈ|’
ਉਹ ਦੋਵੇਂ ਇਕ-ਦੂਜੇ ਵੱਲ ਵੇਖ ਕੇ ਮੁਸਕਰਾਏ ਤੇ ਮੁੜ ਰਸਮੀ ਗੱਲਾਂ ਬਾਤਾਂ ਕਰਨ ਲੱਗ ਪਏ| ਸਾਹਿਤਕਾਰ ਕੁਝ ਫਿਰ ਚੁੱਪ ਰਿਹਾ ਤੇ ਫਿਰ ਬੋਲਿਆ, ‘ਫਿਰ ਹੋਰ ਕੀ ਪ੍ਰੋਗਰਾਮ ਏ|’
‘ਪ੍ਰੋਗਰਾਮ ਤਾਂ ਕੋਈ ਖਾਸ ਨਹੀ, ਬਸ ਦਫ਼ਤਰ ਦਾ ਕੰਮ ਨਿਪਟਾਣਾ ਏ|’
ਉਹ ਅੱਧ-ਮੰਨੇ ਜਿਹੇ ਮਨ ਨਾਲ ਉਠੇ, ਮੇਰੇ ਹੱਥ ਨਾਲ ਮਾੜੇ ਜਿਹੇ ਪੋਟੇ ਛੁਹਾਏ ਤੇ ਤੁਰ ਪਏ| ਬੂਹਿਉਂ ਬਾਹਰ ਹੋਏ ਤਾਂ ਮੇਰੇ ਕੰਨੀ ਆਵਾਜ਼ ਪਈ| ‘ਇਨ੍ਹਾਂ ਸਾਹਿਤਕਾਰੀ ਸਵਾਹ ਕਰਨੀ, ਜਿਹੜਾ ਸਾਡੀ ਇਹ ਗੱਲ ਹੀ ਨਹੀਂ ਸਮਝ ਸਕਿਆ ਕਿ ਅਗਾਂਹ ਦੀ ਪ੍ਰੋਗਰਾਮ ਏ?’

(1)

… ਚਾਵੇਂ ਚੁੱਲ੍ਹੇ   (… Chavein Chuleh)
ਕੁਝ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਅਰਥ ਆਮ ਆਦਮੀ ਨੂੰ ਵੀ ਸਮਝਾਉਣੇ ਪੈਂਦੇ ਹਨ ਪਰ ਕੁਝ ਸ਼ਬਦ ਸਵੈ-ਸਪੱਸ਼ਟ ਅਰਥਾਂ ਵਾਲੇ ਹੁੰਦੇ ਹਨ ਜਿਵੇਂ ਦੋਮੂੰਹੇ, ਚੁਮੁਖੀਏ ਅਤੇ ਚਾਵੇਂ ਚੁੱਲ੍ਹੇ| ਇਨ੍ਹਾਂ ਸ਼ਬਦਾਂ ਦੀ ਵਰਤੋਂ ਵੀ ਆਮ ਜ਼ਿੰਦਗੀ ਵਿਚ ਹੁੰਦੀ ਰਹਿੰਦੀ ਹੈ| ਦੋਮੂੰਹੋ ਚਮੁਖੀਏ ਅਤੇ ਚਾਵੇਂ ਚੁੱਲ੍ਹੇ ਕਿਸਮ ਦੇ ਲੋਕ ਤੁਹਾਨੂੰ ਕਤੇ ਨਾ ਕਿਤੇ ਮਿਲ ਜਾਣਗੇ| ਜੇਕਰ ਤੁਸੀਂ ਇਸ ਕਿਸਮ ਦੇ ਬੰਦੇ ਇਕੱਠੇ ਇਕੋ ਤਾਂ ਵੇਖਣੇ ਹੋਣ ਤਾਂ ਇਹ ਬੰਦੇ ਕਿਸੇ ਸਰਕਾਰੀ ਦਫਤਰ ਵਿਚ ਮਿਲ ਜਾਣਗੇ| ਦਫਤਰਾਂ ਵਿਚ ਕੁਝ ਮੁਲਾਜਮ ਇਸ ਤਰ੍ਹਾਂ ਦੇ ਮਿਲਣਗੇ ਜੋ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੋਣਗੇ ਭਾਵ ਤੁਹਾਡੇ ਮੂੰਹ ‘ਤੇ ਇਸ ਤਰ੍ਹਾਂ ਦੇ ਮਿਲਣਗੇ ਜੋ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੋਣਗੇ ਭਾਵ ਤੁਹਾਡੇ ਮੂੰਹ ‘ਤੇ ਹੋਰ ਗੱਲਾਂ ਕਰਨਗੇ ਅਤੇ ਤੁਹਾਡੀ ਪਿੱਠ ਪਿੱਛੇ ਹੋਰ ਕਰਨਗੇ| ਤੁਹਾਡੇ ਮੂੰਹ ‘ਤੇ ਇਸ ਤਰ੍ਰਾਂ ਸ਼ੋਅ ਕਰਨਗੇ ਜਿਵੇਂ ਤੁਹਾਡੇ ਵਰਗਾ ਕੋਈ ਹੋਰ ਨਾ ਹੋਵੇ ਪਰ ਬਾਅਦ ਵਿਚ ਤੁਹਾਡੀਆਂ ਬਦਖੋਹੀਆਂ ਅਤੇ ਨਿੰਦਿਆ-ਚੁਗਲੀ ਕਰਨਗੇ| ਮਿਰਚ ਮਸਾਲੇ ਲਾ-ਲਾ ਗੱਲਾਂ ਬਣਾਉਣਗੇ| ਚੰਗਿਆਂ-ਭਲਿਆਂ ਦੇ ਵੀ ਕੀਤੇ ਪਾਉਣਗੇ| ਮੂੰਹ ਵਿਚ ਰਾਮ-ਰਾਮ ਅਤੇ ਬਗਲ ਵਿਚ ਛੁਰੀ ਵਾਲੀ ਗੱਲ ਕਰਨਗੇ| ਅਜਿਹੇ ਮਰਦ ਦੋਮੂੰਹੇ ਅਤੇ ਔਰਤਾਂ ਦੋਮੂੰਹੀਆਂ ਹੁੰਦੀਆਂ ਹਨ| ਸੱਪ ਭਾਵੇਂ ਭਾਰਤ ਵਿਚ ਬਹੁਤ ਕਿਸਮ ਦੇ ਪਾਏ ਜਾਂਦੇ ਹਨ ਪਰ ਜ਼ਹਿਰੀਲੇ ਕਿਸਮ ਦੀਆਂ ਕਿਸਮਾਂ ਬਹੁਤ ਘੱਟ ਹੁੰਦੀਆਂ ਹਨ| ਜ਼ਹਿਰੀਲੇ ਸੱਪਾਂ ਵਿਚੋਂ ਇਕ ਜ਼ਹਿਰੀਲੀ ਕਿਸਮ ਦੀ ਦੋਮੂੰਹੀ ਵੀ ਹੁੰਦੀ ਹੈ ਅਤੇ ਦੋਮੂੰਹੀ ਬਾਰੇ ਆਮ ਪ੍ਰਚਲਿਤ ਹੈ ਕਿ ਦੋਮੂੰਹੀ ਦਾ ਡੰਗਿਆ ਪਾਣੀ ਨਹੀਂ ਮੰਗਦਾ| ਇਸ ਕਿਸਮ ਦੇ ਬੰਦੇ ਵੀ ਬੜੇ ਖਤਰਨਾਕ ਹੁੰਦੇ ਹਨ, ਜਿਨ੍ਹਾਂ ਤੋਂ ਬਚਣ ਵਿਚ ਹੀ ਭਲਾਈ ਹੁੰਦੀ ਹੈ|
ਚਮੁਖੀਆ ਵੀ ਆਪਣੇ-ਆਪ ਵਿਚ ਸਵੈ-ਸਪੱਸ਼ਟ ਸ਼ਬਦ ਹੈ ਭਾਵ ਚਾਰ ਮੁੱਖਾਂ ਵਾਲਾ| ਚਮੁਖੀਏ ਦੀਵੇ ਦੀ ਤੁਸੀਂ ਆਮ ਦੇਖੇ ਹੋਣਗੇ| ਇਸ ਕਿਸਮ ਦੇ ਬੰਦੇ ਵੀ ਤੁਹਾਨੂੰ ਆਮ ਦਫ਼ਤਰਾਂ ਵਿਚ ਮਿਲ ਪੈਣਗੇ| ਇਸ ਕਿਸਮ ਦੇ ਬੰਦੇ ਦਫ਼ਤਰ ਵਿਚ ਆਏ ਆਮ ਬੰਦੇ ਨੂੰ ਵੱਧ ਖਾਣਿਆਂ ਵਾਂਗ ਪੈਣਗੇ ਅਤੇ ਜਦ ਮੁੱਠੀ ਗਰਮ ਹੈ ਜਾਵੇ ਤਾਂ ਉਨ੍ਹਾਂ ਨਾਲ ਵਿਹਾਰ ਬੀਬੇ ਰਾਣਿਆਂ ਵਾਂਗ ਕਰਨਗੇ| ਹੇਠਲੇ ਮੁਲਾਜ਼ਮਾਂ ਨੂੰ ਕੌੜਾ-ਕੌੜਾ ਝਾਕਣਗੇ ਅਤੇ ਸੀਨੀਅਰ ਮੁਲਾਜ਼ਮਾਂ ਨਾਲ ਹਲੀਮੀ ਨਾਲ ਪੇਸ਼ ਆਉਣਗੇ ਅਤੇ ਬੌਸ ਅੱਗੇ ਤਾਂ ਲੇਟਣ ਤੱਕ ਜਾਣਗੇ| ਇਸ ਕਿਸਮ ਦੇ ਲੋਕ ਚਮੁਖੀਏ ਹੁੰਦੇ ਹਨ| ਚਮੁਖੀਆ ਦੀਵਾ ਭਾਵੇਂ ਕਿਸੇ ਪਾਸਿਉਂ ਵੀ ਜਗ੍ਹਾ ਦਿੱਤਾ ਜਾਵੇ, ਉਹ ਚਾਨਣ ਵੰਡਦਾ ਹੈ ਪਰ ਇਸ ਕਿਸਮ ਦੇ ਲੋਕ ਆਪਣੇ ਕਾਲੇ ਕਾਰਨਾਮਿਆਂ ਨਾਲ ਹਨੇਰੇ ਨੂੰ ਸੱਦਾ ਦਿੰਦੇ ਹਨ, ਹਨੇਰਾ ਚਲਾਉਂਦੇ ਹਨ ਜਾਂ ਇਹ  ਚੋਣ ਨਤੀਜਿਆਂ ਵਾਲੀ ਰਾਤ ਪੱਗ ਨੂੰ ਫਿੱਕਾ ਜਿਹਾ ਨੀਲਾ ਰੰਗ ਕਰਵਾ ਲੈਂਦੇ ਹਨ ਜੇਕਰ ਨਤੀਜੇ ਚਿੱਟੀ ਪੱਗ ਵਾਲਿਆਂ ਦੇ ਹੱਕ ਵਿਚ ਆ ਜਾਣ ਤਾਂ ਇਹ ਉਨ੍ਹਾਂ ਨੂੰ ਜਾਂ ਵਧਾਈ ਦੇਣ ਤੋਂ ਬਾਅਦ ਪੱਗ *ਤੇ ਹੱਥ ਰੱਖ ਉਨ੍ਹਾਂ ਦਾ ਧਿਆਨ ਪੱਗ ਵੱਲ ਦਿਵਾਉਂਦਿਆਂ ਕਹਿਣਗੇ, ‘ਲਲਾਰੀ ਨੂੰ ਕਿਹਾ ਸੀ ਕਿ ਮਾੜਾ ਜਿਹਾ ਨੀਲ ਲਾਵੀਂ ਪਰ ਕੰਜਰ ਨੇ ਨੀਲ ਜ਼ਿਆਦਾ ਲਾ ‘ਤਾ, ਜਿਸ ਕਾਰਨ ਪੱਗ ਨੀਲੀ-ਨੀਲਾ ਭਾਅ ਮਾਰਦੀ ਹੈ|’ ਜੇਕਰ ਨੀਲੀ ਪੱਗ ਵਾਲਿਆਂ ਦੀ ਸਰਕਾਰ ਬਣ ਗਈ ਤਾਂ ਇਨ੍ਹਾਂ ਨੂੰ ਜਾ ਵਧਾਈ ਦੇਣਗੇ| ‘ਜਥੇਦਾਰ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਸਰਕਾਰ ਤੁਹਾਡੀ ਬਣਨੀ ਹੈ|’ ਤੇ ਫਿਰ ਉਹ ਅਸਲੀ ਗੱਲ ਵੱਲ ਆਉਣਗੇ| ‘ਜਿੰਨਾ ਚਿਰ ਕੋਲ ਖਲੋ ਕੇ ਕੰਮ ਨਾ ਕਰਵਾਓ ਕੰਮ ਠੀਕ ਨਹੀਂ ਹੁੰਦਾ|’ ਉਹ ਫਿਰ ਪੱਗ ਵੱਲ ਇਸ਼ਾਰਾ ਕਰਕੇ ਕਹਿਣਗੇ, ‘ਲਲਾਰੀ ਕੰਜਰ ਨੂੰ ਕਿਹਾ ਵੀ ਸੀ ਕਿ ਪੱਗ ਦਾ ਰੰਗ ਗੂੜਾ ਕਰੀਂ ਪਰ ਉਹਨੇ ਪੱਗ ਦੀ ਡੰਡ ਲਾਹ ਕੇ ਰੱਖ ‘ਤੀ|’ ਅਜਿਹੀ ਕਿਸਮ ਦੇ ਬੰਦੇ ਚਾਵੇਂ ਚੁੱਲ੍ਹਿਆਂ ਦੀ ਕਿਸਮ ਵਿਚ ਆਉਂਦੇ ਹਨ| ਚੋਣਾਂ ਦੋਰਾਨ ਇਸ ਕਿਸਮ ਦੇ ਬੰਦੇ ਆਪਣੀ ਭ੍ਰਿਸ਼ਟਾਚਾਰ ਦੀ ਕਮਾਈ ਵਿਚੋਂ ਦਸ਼ਵੰਧ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਦੇ ਦਿੰਦੇ ਹਨ ਅਤੇ ਇਹ ਸਾਬਤ ਕਰਦੇ ਹਨ ਕਿ ਅਸੀਂ ਤਾਂ ਬੱਸ ਤੁਹਾਡੇ ਹੀ ਹਾਂ, ਜੇਕਰ ਫਿਰ ਵੀ ਗੱਲ ਨਾ ਬਣੇ ਤਾਂ ਇਹ ਆਪਣੀ ਸੀਟ ਬਦਲਾਉਣ ਜਾਂ ਉਸੇ ਸੀਟ ‘ਤੇ ਜੱਫਾ ਮਾਰੀ ਰੱਖਣ ਲਈ ਨੇਤਾ ਜਨਾਂ ਦੇ ਪੈਰਾਂ ਵਿਚ ਲੰਮੇ ਪੈਣ ਤੋਂ ਵੀ ਨਹੀਂ ਝਿਜਕਦੇ| ਇਹ ਲੋਕ ਇਹ ਵੀ ਭੁੱਲ ਜਾਂਦੇ ਹਨ ਕਿ ਜੇਕਰ ਅਕਾਲ ਪੁਰਖ ਨੇ ਇਨ੍ਹਾਂ ਨੂੰ ਮਨੂੱਖੀ ਜਾਮਾ ਬਖਸ਼ਿਆ ਹੈ ਤਾਂ ਇਸ ਜ਼ਿੰਦਗੀ ਨੂੰ ਘੱਟੋ-ਘੱਟ ਬੰਦਿਆਂ ਵਾਂਗ ਤਾਂ ਜੀਵਿਆ ਜਾਵੇ ਪਰ ਇਹ ਲੋਕ ਨੀਵੇਂ ਤੋਂ ਨੀਵੇਂ ਪੱਧਰ ਤੱਕ ਵੀ ਚਲੇ ਜਾਂਦੇ ਹਨ| ਇਸ ਕਰਕੇ ਇਨ੍ਹਾਂ ਲੋਕਾਂ ਦੀਆਂ ਪਿਛਲੀ ਸਰਕਾਰ ਵਾਂਗ ਹੀ ਪੌਂ ਬਾਰਾਂ ਨਵੀਂ ਸਰਕਾਰ ਵਿਚ ਵੀ ਰਹਿੰਦੀਆਂ ਹਨ| ਰਹਿਣ ਵੀ ਕਿਉਂ ਨਾ, ਹੁੰਦੇ ਜੂੰ ਚਾਵੇਂ ਚੁੱਲ੍ਹੇ