Poetry

ਬਾਲ ਕਵਿਤਾ ਹਾਥੀ

ਪਿੰਡ ਸਾਡੇ ਵਿੱਚ ਹਾਥੀ ਆਇਆ
ਹਾਥੀ ਹਾਥੀ ਦਾ ਬੱਚਿਆਂ ਰੌਲਾ ਪਾਇਆ ।
ਹਾਥੀ ਨੂੰ ਸੀ ਖੂਬ ਸਜਾਇਆ
ਵੇਖ ਕੇ ਸਭ ਦੇ ਮਨ ਨੂੰ ਭਾਇਆ ।
ਸਰੀਰ ਦਾ ਭਾਵੇਂ ਸੀ ਉਹ ਭਾਰਾ
ਵੇਖਣ ਨੂੰ ਪਰ ਲੱਗੇ ਨਿਆਰਾ ।
ਨਿੱਕੀ ਪੂਛ ਤੇ ਤਿੱਖੇ ਦੰਦ
ਵੇਖ ਵੇਖ ਕੇ ਰਹਿ ਗਏ ਦੰਗ ।
ਸੁੰਢ ਨਾਲ ਝਾੜ ਪੱਠੇ ਖਾਵੇ
ਬਾਲਟੀ ਚੁੱਕ ਕੇ ਆਪ ਨਹਾਵੇ ।
ਚੌੜੇ-ਚੌੜੇ ਕੰਨ ਤੇ ਮੋਟੀ ਚਮੜੀ
ਹੂਟਾ ਲੈਣ ਲਈ ਲੱਗੇ ਦਮੜੀ ।
ਵੱਡੀਆਂ ਲੱਤਾਂ ਚੌੜੇ ਚੌੜੇ ਪੈਰ
ਥੱਲੇ ਆਏ ਦੀ ਨਹੀਂਗੀ ਖੈਰ ।
ਹਾਥੀ ਉੱਤੇ ਪੀੜਾ ਡਾਹਿਆ
ਜਿਸ ਤੇ ਬੱਚਿਆਂ ਨੂੰ ਬਠਾਇਆ ।
ਅਕਾਸ਼,ਸੀਰਤ ਤੇ ਏਕਮ ਆਏ
ਸਭਨਾਂ ਨੂੰ “ਬਾਸਰਕੇ” ਹੂਟੇ ਦਵਾਏ ।

ਲੋਕਾਂ ਦੀ ਸੇਵਾ ਮੈਂ ਕਰਾਂਗਾ

ਮੰਮੀ ਮੈਂ ਕਰਕੇ ਕੁਝ ਪੜ੍ਹਾਈ
ਥੋੜੀ ਬਹੁਤੀ ਸੋਝੀ ਏ ਪਾਈ
ਮੈਂ ਪੜ੍ਹ ਲਿਖ ਕੇ ਡਾਕਟਰ ਬਣਾਗਾਂ
ਲੋਕਾਂ ਦੀ ਮੈਂ ਸੇਵਾ ਕਰਾਂਗਾ ।

ਡਾਕਟਰ ਰੱਬ ਦਾ ਨਾਂਅ ਏ ਦੂਜਾ
ਗਰੀਬ ਦੀ ਸੇਵਾ ਰੱਬ ਦੀ ਪੂਜਾ
ਲੋੜ੍ਹਵੰਦ ਦੀ ਮੈਂ ਬਾਂਹ ਫੜਾਂਗਾ
ਲੋਕਾਂ ਦੀ ਸੇਵਾ ਮੈਂ ਕਰਾਂਗਾ ।

ਗਰੀਬ ਤੋਂ ਮੈਂ ਫੀਸ ਨਹੀਂ ਲੈਣੀ
ਹੋ ਸਕਿਆ ਤਾਂ ਦਵਾਈ ਵੀ ਦੇਣੀ
ਬਜੁਰਗਾਂ ਦਾ ਮੈਂ ਦਰਦ ਹਰਾਂਗਾ
ਲੋਕਾਂ ਦੀ ਸੇਵਾ ਮੈਂ ਕਰਾਂਗਾ ।

ਮਨਮੋਹਨ ਬਾਸਰਕੇ ਸਬਕ ਪੜ੍ਹਾਇਆ
ਉਹ ਕੀ ਬੰਦਾ ਜੋ ਕੰਮ ਨਾ ਆਇਆ
ਸੇਵਾ ਕਰਕੇ ਝੋਲੀ ਭਰਾਂਗਾ
ਲੋਕਾਂ ਦੀ ਸੇਵਾ ਮੈਂ ਕਰਾਂਗਾ ।

ਬਾਲ ਕਵਿਤਾ ਵਰਖਾ ਆਈ ਵਰਖਾ ਆਈ

ਵਰਖਾ ਆਈ ਵਰਖਾ ਆਈ
ਗਰਮੀ ਤੋਂ ਕੁਝ ਰਾਹਤ ਪਾਈ ।

ਕਾਲੇ ਬੱਦਲ ਚੜ੍ਹ ਕੇ ਆਏ
ਸੂਰਜ ਤੇ ਚੰਦ ਗਏ ਲੁਕਾਏ ।

ਜੋਰ ਜੋਰ ਦੀ ਬੱਦਲ ਗਰਜਣ
ਬਿਜਲੀ ਚਮਕੇ ਡਰ ਪਏ ਲੱਗਣ ।

ਡੱਡੂਆਂ ਨੇ ਗੜੈਂ ਗੜੈਂ ਲਾਈ
ਮੋਰਾਂ ਨੇ ਵੀ ਪੈਲ ਏ ਪਾਈ ।

ਖੁਸ਼ ਹੋ ਗਏ ਬੱਚੇ ਬੁੱਢੇ ਸਾਰੇ
ਜੋ ਪਏ ਸੀ ਗਰਮੀ ਦੇ ਮਾਰੇ ।

ਬੱਚੇ ਕੱਪੜੇ ਲਾਹ ਕੇ ਭੱਜੇ
ਮੀਂਹ ਦੇ ਵਿੱਚ ਨਹਾਵਣ ਲੱਗੇ ।

ਬੱਚਿਆਂ ਸਾਰਿਆਂ ਰਲ ਕੇ ਗਾਇਆ
ਉੱਚੀ ਉੱਚੀ ਰੌਲਾ ਪਾਇਆ ।

ਮੀਂਹ ਵਸਾ ਦੇ ਜੋਰੋ ਜੋਰ
ਸਭਨਾਂ ਨੂੰ ਹੈ ਇਸ ਦੀ ਲੋੜ ।

‘ਬਾਸਰਕੇ’ ਦੀ ਗੱਲ ਕੰਨੀ ਪਾ ਲਓ
ਸਾਰੇ ਇੱਕ ਇੱਕ ਰੁੱਖ ਲਗਾ ਲਓ ।

ਰੁੱਖ ਲਾਉਣ ਦਾ ਮੌਸਮ ਆਇਆ
ਵਣ ਮਹਾਂਉਤਸਵ ਜਾਵੇ ਮਨਾਇਆ ।

ਸਾਈਕਲ

ਜਨਮ ਦਿਨ ਤੇ ਭੂਆ ਆਈ
ਮੇਰੇ ਲਈ ਸਾਈਕਲ ਲਿਆਈ |ਸਾਈਕਲ ਵੇਖ ਕੇ ਚੜ ਗਿਆ ਚਾਅ
ਮੰਮੀ ਕਹਿੰਦੀ ਵਾਹ ਭਈ ਵਾਹ |

ਸਾਈਕਲ ਮੇਰੇ ਦੀ ਕਾਠੀ ਨੀਲੀ
ਫਰੇਮ ਕਾਲਾ ਤੇ ਟੋਕਰੀ ਪੀਲੀ |

ਅਵਾਜ ਮੇਰੇ ਡੈਡੀ ਦੀ ਆਈ
ਹੌਲੀ ਹੋਲੀ ਘਰੇ ਚਲਾਈ |

ਮਿੱਤਰਾਂ ਦੇ ਵਿੱਚ ਬਣ ਗਿਆ ਟੋਰ
ਕਹਿਣ ਤੇਰੇ ਜਿਹਾ ਨਾ ਕੋਈ ਹੋਰ |

ਸਾਈਕਲ ਤੇ ਸਕੂਲ ਮੈਂ ਜਾਣਾ
ਪੜ੍ਹ ਕੇ ਛੇਤੀ ਵਾਪਸ ਆਣਾ |

ਸਾਈਕਲ ਦੀ ਨਾ ਕੋਈ ਰੀਸ
ਇਸ ਜੇਹੀ ਨਾ ਕੋਈ ਚੀਜ |

ਪੈਟਰੋਲ ਡੀਜਲ ਦਾ ਕੋਈ ਨਾ ਖਰਚਾ
ਕੈਰੀਅਰ ਤੇ ਰੱਖ ਲਈਦਾ ਬਸਤਾ |

ਪ੍ਰਦ੍ਹੂਣ ਵੀ ਇਹ ਨਾ ਫੈਲਾਏ
ਤਾਹੀਓ ਬਾਸਰਕੇ ਗੀਤ ਇਹਦੇ ਗਾਏ |

ਕਵਿਤਾ

ਸਾਰੇ ਇੱਕ ਇੱਕ ਰੁੱਖ ਲਗਾਓ

ਆਓ ਰਲ ਕੇ ਮਤਾ ਪਕਾਈਏ
ਜੰਗਲ ਹੇਠ ਰਕਬਾ ਵਧਾਈਏ
ਸਾਰੇ ਮਿਲ ਕੇ ਰੁੱਖ ਲਗਾਓ
ਅਜੀਤ ਹਰਿਆਵਲ ਲਹਿਰ ਅਪਣਾਓ |
ਇੱਕ ਰੁੱਖ ਦੇ ਨੇ ਸੌ ਸੁੱਖ
ਰੁੱਖ ਹੁੰਦੇ ਨੇ ਵਾਂਗਰ ਪੁੱਤ
ਵਣ ਦਿੰਦੇ ਸਾਨੂੰ ਹਰਿਆਲੀ
ਵਾਤਾਵਰਣ ਦੀ ਕਰਨ ਰਖਵਾਲੀ
ਮਿੱਠੇ ਮਿੱਠੇ ਰੁੱਖ ਫਲ ਦੇਣ
ਇਹਨਾ ਦੀ ਸਭ ਛਾਂਵੇ ਬਹਿਣ
ਰੁੱਖਾਂ ਤੋਂ ਹੀ ਕਾਗਜ ਬਣਦਾ
ਜਿਸਦੇ ਬਿਨਾ ਨਹੀ ਏ ਸਰਦਾ
ਰੰਗ ਬਰੰਗੇ ਫੁੱਲ ਨੇ ਲੱਗਦੇ
ਟਾਹਣੀਆਂ ਉੱਤੇ ਕਿੰਨੇ ਫੱਬਦੇ
ਜੜੀਆਂ ਬੂਟੀਆਂ ਵੀ ਕੰਮ ਆਉਣ
ਕਈ ਰੋਗ ਇਹ ਦੂਰ ਭਜਾਉਣ
ਅੰਤਮ ਵੇਲੇ ਵੀ ਕੰਮ ਆਵੇ
ਲੱਕੜੀ ਨਾਲ ਹੀ ਮੁਕਤੀ ਪਾਵੇ
ਮਨਮੋਹਨ ਬਾਸਰਕੇ ਅਰਜ ਗੁਜਾਰੇ
ਰੁੱਖ ਲਗਾਓ ਮਿਲ ਕੇ ਸਾਰੇ |