Middle

ਜਦੋਂ ਅਸੀਂ ਮੜ੍ਹੀਆਂ ‘ਚ ਪੜ੍ਹੇ
(Jadon Asin Marhian ‘ch Padeh)
ਬੱਚੇ ਦੇ ਪਹਿਲੇ ਗੁਰੂ ਮਾਪੇ ਅਤੇ ਦੂਜੇ ਗੁਰੂ ਅਧਿਆਪਕ ਹੁੰਦੇ ਹਨ| ਸਭ ਤੋਂ ਪਹਿਲਾਂ ਬੱਚੇ ਮਾਪਿਆਂ ਪਾਸੋਂ ਹੀ ਸਿੱਖਿਆ ਗ੍ਰਹਿਣ ਕਰਦੇ ਹਨ| ਬੱਚੇ ਕੋਮਲ ਹਿਰਦੇ ਦੇ ਮਾਲਕ ਹੁੰਦੇ ਹਨ, ਛੋਟੀ ਉਮਰ ਵਿਚ ਜੋ ਗੱਲ ਉਨ੍ਹਾਂ ਦੇ ਦਿਮਾਗ ਵਿਚ ਬੈਠ ਜਾਂਦੀ ਹੈ, ਉਹ ਫਿਰ ਨਿਕਲਣੀ ਔਖੀ ਹੁੰਦੀ ਹੈ| ਭਾਵੇਂ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਅੱਜ ਵੀ ਕਈ ਲੋਕ ਵਹਿਮਾਂ-ਭਰਮਾਂ ਅਤੇ ਫੋਕੇ ਕਰਮ-ਕਾਡਾਂ ਵਿਚ ਉਲਝੇ ਹੋਏ ਹਨ| ਕਹਿੰਦੇ ਹਨ ਕਿ ਮਨੁੱਖ ਆਪਣੇ ਪਿੰਡ ਦੀਆਂ ਮੜ੍ਹੀਆਂ ਅਤੇ ਬੇਗਾਨੇ ਪਿੰਡ ਦੇ ਪਾਣੀ ਤੋਂ ਡਰਦਾ ਹੈ| ਪਿੰਡ ਦੀਆਂ ਮੜ੍ਹੀਆਂ ਤੋਂ ਇਸ ਕਰਕੇ ਡਰਦਾ ਹੈ ਕਿ ਉਸਨੂੰ ਪਤਾ ਹੈ ਇੱਥੇ ਮੜ੍ਹੀਆਂ ਹਨ ਅਤੇ ਆਪਣੇ ਪਿੰਡ ਖੜੇ ਪਾਣੀ ਤੋਂ ਇਸ ਕਰਕੇ ਨਹੀਂ ਡਰਦਾ ਕਿਉਂਕਿ ਉਸਨੂੰ ਪਤਾ ਹੈ ਕਿ ਇੱਥੇ ਟੋਆ ਟਿੱਬਾ ਹੈ, ਇਥੇ ਪਾਣੀ ਕਿੰਨਾ ਕੁ ਡੂੰਘਾ ਹੈ| ਬੇਗਾਨੇ ਪਿੰਡ ਦੇ ਪਾਣੀ ਤੋਂ ਇਸ ਕਰਕੇ ਡਰਦਾ ਹੈ ਕਿਉਂਕਿ ਉਸਨੂੰ ਨਹੀਂ ਪਤਾ ਹੁੰਦਾ ਕਿ ਇਥੇ ਪਾਣੀ ਕਿੰਨਾ-ਕਿਨਾ ਹੈ|
ਛੋਟੇ ਹੁੰਦਿਆਂ ਜਦੋਂ ਅਸੀਂ ਭੂਤ-ਪ੍ਰੇਤ ਦੀਆਂ ਗੱਲਾਂ ਕਰਨੀਆਂ ਤਾਂ ਸਾਡੀ ਮਾਤਾ ਜੀ ਨੇ ਕਹਿਣਾ ਕਿ, ‘ਪਾਠ ਕਰਨ ਨਾਲ ਕੋਈ ਭੂਤ-ਪ੍ਰੇਤ ਲਾਗੇ ਨਹੀਂ ਆਉਂਦਾ|’ ਉਨ੍ਹਾਂ ਇਹ ਵੀ ਕਹਿਣਾ ਕਿ, ‘ਸੌਣ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਪੰਜ ਵਾਰ ਕਰਕੇ ਸੌਂਵੇ|’
ਇਹ ਗੱਲ ਸਾਡੇ ਦਿਮਾਗ ਵਿਚ ਬੈਠ ਗਈ ਕਿ ਮੂਲ ਮੰਤਰ ਦਾ ਪਾਠ ਕਰਨ ਨਾਲ ਭੂਤ-ਪ੍ਰੇਤ ਸਾਡਾ ਕੁਝ ਨਹੀਂ ਵਿਗਾੜ ਸਕਦੇ, ਪਰ ਭੂਤ-ਪ੍ਰੇਤਾਂ ਦੀ ਹੋਂਦ ਸਾਡੇ ਦਿਮਾਗ ਵਿਚ ਕਾਇਮ ਰਹੀ|
1971-72 ਵਿਚ ਜਦੋਂ ਮੈਂ ਭੂਆ ਕੋਲ ਰਹਿ ਕੇ ਗੰਡੀਵਿੰਡ ਪੜ੍ਹਦਾ ਸੀ ਤਾਂ ਸਾਡੇ ਗਵਾਂਢ ‘ਚ ਇਕ ਨੌਜਵਾਨ ਕੁੜੀ ਵਾਲ ਖਿਲਾਰ ਲੈਂਦੀ ਅਤੇ ਮੂੰਹ ਆਇਆ ਅਬਾ-ਤਬਾ ਬੋਲੀ ਜਾਂਦੀ| ਡਾਕਟਰ ਆਉਂਦਾ, ਰੈਸਟ ਲਈ ਇਕ ਟੀਕਾ ਲਾ ਜਾਂਦਾ ਤੇ ਫਿਰ ਉਹ ਕੁਝ ਦਿਨ ਠੀਕ ਰਹਿੰਦੀ| ਫਿਰ ਉਸਦੇ ਮਾਪਿਆਂ ਨੇ ਇਕ ਔਲੀਆ ਸੱਦਿਆ| ਉਹ ਕਈ ਦਿਨ ਢੋਲਕੀਆਂ, ਛੈਣੇ ਤੇ ਥਾਲੀ ਖੜਕਾ ਕੇ ਕੁੜੀ ਨੂੰ ਖਿਡਾਉਂਦਾ ਰਿਹਾ ਅਤੇ ਅਖੀਰ ਕੁੜੀ ਬੋਲੀ, ‘ਮੈਂ ਇਕ ਕੁਆਰੀ ਕੁੜੀ ਦੀ ਆਤਮਾ ਹਾਂ| ਮੈਨੂੰ ਚੂੜਾ ਪਾਉ, ਸੁਰਖੀ-ਪਾਊਡਰ ਤੇ ਸੂਹਾ ਸੂਟ ਦਿਉ, ਮੈਂ ਇਸ ਨੂੰ ਛੱਡ ਜਾਵਾਂਗੀ|’
ਫਿਰ ਪਤਾ ਨਹੀਂ ਉਸ ਔਲੀਏ ਨੇ ਕੁੜੀ ਅਤੇ ਉਸ ਦੇ ਮਾਂ-ਬਾਪ ਦੇ ਕੰਨ ਵਿਚ ਕੀ ਫੂਕ ਮਾਰੀ, ਕੁੜੀ ਨੌ-ਬਰ-ਨੌ ਹੋ ਗਈ ਅਤੇ ਦੋ ਮਹੀਨਿਆਂ ਵਿਚ ਹੀ ਉਸ ਦਾ ਵਿਆਹ ਹੋ ਗਿਆ| ਉਦੋਂ 6ਵੀਂ-7ਵੀਂ ਵਿਚ ਪੜ੍ਹਦੇ ਬੱਚਿਆਂ ਨੂੰ ਬਹੁਤਾ ਪਤਾ ਨਹੀਂ ਸੀ ਹੁੰਦਾ| ਉਦੋਂ ਮੈਨੂੰ ਵੀ ਇਸ ਗੱਲ ਦੀ ਸਮਝ ਨਹੀਂ ਸੀ ਕਿ ਕੁੜੀ ਵਿਚਲੀ ਭੂਤਣੀ ਨੇ ਸੱਜ ਵਿਆਹੀ ਵਾਲਾ ਸਮਾਨ ਹੀ ਕਿਉਂ ਮੰਗਿਆ ਹੈ ਅਤੇ ਭੂਤ-ਪ੍ਰੇਤ ਹੁੰਦੇ ਹਨ, ਇਹ ਧਾਰਣਾ ਮੇਰੇ ਮਨ ਵਿਚ ਹੋਰ ਪੱਕੀ ਹੋ ਗਈ| ਸੌਣ ਸਮੇਂ ਮੂਲ ਮੰਤਰ ਦਾ ਪਾਠ ਕਰਨਾ ਮੈਂ ਆਪਣਾ ਨਿਤਨੇਮ ਬਣਾ ਲਿਆ|
ਜਦੋਂ ਮੈਂ 1973-74 ਵਿਚ ਸਰਕਾਰੀ ਹਾਈ ਸਕੂਲ ਵਡਾਲੀ ਗੁਰੂ ਆ ਕੇ ਦਾਖਲ ਹੋਇਆ ਤਾਂ ਇਕ ਦਿਨ ਕਲਾਸ ਵਿਚ ਮੁੰਡੇ ਭੂਤ-ਪ੍ਰੇਤ ਦੀਆਂ ਗੱਲਾਂ ਕਰ ਰਹੇ ਸਨ ਤਾਂ ਕਲਾਸ ਇੰਚਾਰਜ ਮਾਸਟਰ ਸ੍ਰੀ ਕ੍ਰਿਸ਼ਨ ਚੰਦ ਜੀ ਆ ਗਏ| ਉਹ ਸਾਨੂੰ ਅੰਗਰੇਜ਼ੀ ਪੜ੍ਹਾਇਆ ਕਰਦੇ ਸਨ| ਉਹ ਮਾਸਟਰ ਜੀ ਮੇਰੇ ਮਨਭਾਉਂਦੇ ਮਾਸਟਰ ਸਨ| ਜਿਥੇ ਉਹ ਸਾਨੂੰ ਅੰਗਰੇਜ਼ੀ ਬੜੇ ਪਿਆਰ ਨਾਲ ਪੜ੍ਹਾਉਂਦੇ ਸਨ, ਉਥੇ ਉਹ ਕਿਤਾਬੀ ਗਿਆਨ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਉਂਦੇ ਅਤੇ ਵਿਚ-ਵਿਚ ਬੜੇ ਕੰਮ ਦੀਆਂ ਹੋਰ ਗੱਲਾਂ ਦੱਸਦੇ ਰਹਿੰਦੇ, ਇਸ ਕਾਰਨ ਅੰਗਰੇਜ਼ੀ ਵਿਸ਼ਾ ਵੀ ਸਾਨੂੰ ਬੋਰ ਕਰਨ ਵਾਲਾ ਵਿਸ਼ਾ ਨਾ ਲਗਦਾ| ਮੈਂ ਕਦੇ ਵੀ ਉਨ੍ਹਾਂ ਨੂੰ ਕਿਸੇ ਵਿਦਿਆਰਥੀ ਨੂੰ ਕੁੱਟਦਿਆਂ ਨਹੀਂ ਸੀ ਵੇਖਿਆ| ਜੇਕਰ ਉਹ ਕਦੇ ਬਹੁਤ ਤੈਸ਼ ਵਿਚ ਹੁੰਦੇ ਤਾਂ ਵਿਦਿਆਰਥੀਆਂ ਨੂੰ ਕੰਨੋਂ ਫੜ ਕੇ ਕਹਿੰਦੇ, ‘ਤੂੰ ਬੰਦਾ ਬਣਨੈ ਕਿ ਨਹੀਂ?’ ਵਿਦਿਆਰਥੀ ਨੇ ਕਹਿਣਾ, ‘ਬਣ ਜਾਵਾਂਗਾ ਜੀ|’ ਤਾਂ ਉਨ੍ਹਾਂ ਨੇ ਫੜਿਆ ਕੰਨ ਛੱਡ ਦੇਣਾ ਤਾਂ ਨਾਲ ਹੀ ਕਹਿਣਾ, ‘ਮੈਂ ਧੌਣੀ ਬੜੀ ਲਾਉਂਦਾ ਹੁੰਨਾਂ| ਜੇ ਨਹੀਂ ਪਤਾ ਤਾਂ ਡੈਮਗੰਜ ਸਕੂਲੋਂ ਪਤਾ ਕਰ ਲਉ|’
ਉਹ ਜਿਥੋਂ ਬਦਲ ਕੇ ਆਏ ਸਨ, ਉਸ ਸਕੂਲ ਦਾ ਨਾਮ ਲੈਂਦੇ, ਪਰ ਪੌਣੀ ਉਨ੍ਹਾਂ ਕਦੇ ਕਿਸੇ ਨੂੰ ਲਾਈ ਨਹੀਂ ਸੀ| ਜਦੋਂ ਸਾਡੀ ਭੂਤਾਂ-ਪ੍ਰੇਤਾਂ ਵਾਲੀ ਗੱਲ ਸ੍ਰੀ ਕ੍ਰਿਸ਼ਨ ਚੰਦ ਮਾਸਟਰ ਜੀ ਦੇ ਕੰਨੀ ਪਈ ਤਾਂ ਉਨ੍ਹਾਂ ਨੇ ਆਪੋ ਆਪਣੇ ਬੈਂਚ ਅਤੇ ਉਨ੍ਹਾਂ ਦੀ ਕੁਰਸੀ ਸਕੂਲ ਦੇ ਮੈਦਾਨ ਨਾਲ ਲਗਦੀਆਂ ਮੜੀਆਂ ਵਿਚ ਲਿਜਾਣ ਲਈ ਕਿਹਾ| ਅਸੀਂ ਵੀ ਹੈਰਾਨ ਪ੍ਰੇਸ਼ਾਨ ਤੇ ਦੂਜੇ ਮਾਸਟਰ ਵੀ ਹੱਸਣ ਲੱਗੇ| ਉਨ੍ਹਾਂ ਦਿਨਾਂ ਦੌਰਾਨ ਨਾ ਤਾਂ ਸਕੂਲ ਦੀ ਅਤੇ ਨਾ ਹੀ ਮੜ੍ਹੀਆਂ ਦੀ ਚਾਰ ਦੀਵਾਰੀ ਸੀ| ਜੇਕਰ ਮੜ੍ਹੀਆਂ ਵਿਚ ਮੁਰਦੇ ਲਿਜਾਣ ਵਾਲਾ ਫੱਟਾ ਨਾ ਹੁੰਦਾ ਤਾਂ ਬਿਲਕੁਲ ਪਤਾ ਨਾ ਲਗਦਾ ਕਿ ਇਹ ਮੜ੍ਹੀਆਂ ਹਨ|
ਭਾਵੇਂ ਮਾਸਟਰ ਕ੍ਰਿਸ਼ਨ ਚੰਦ ਸੀ ਪੜ੍ਹਾਉਂਦੇ ਤਾਂ ਅੰਗਰੇਜ਼ੀ ਸਨ, ਪਰ ਉਨ੍ਹਾਂ ਨੇ ਭੂਤ-ਪ੍ਰੇਤਾਂ ‘ਤੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ| ਉਨ੍ਹਾਂ ਕਿਹਾ, ‘ਤੁਸੀਂ ਮੜ੍ਹੀਆਂ ਤੋਂ ਡਰਦੇ ਹੋ, ਪਰ ਡਰ ਕਾਹਦਾ? ਮੁਰਦਾ ਆਇਆ, ਫੂਕਿਆ ਗਿਆ ਤੇ ਕੰਮ ਖਤਮ, ਫਿਰ ਡਰ ਕਾਹਦਾ? ਕੋਈ ਪੂਤ-ਪ੍ਰੇਤ ਨਹੀਂ ਹੁੰਦਾ| ਜੇ ਕਿਸੇ ਨੇ ਭੂਤ-ਪ੍ਰੇਤ ਵੇਖਿਐ ਤਾਂ ਦੱਸੋ?’
ਸਾਰੇ ਵਿਦਿਆਰਥੀ ਚੁੱਪ ਰਹੇ| ਉਨ੍ਹਾਂ ਫਿਰ ਉਦਾਹਰਣ ਦਿੱਤੀ, ‘ਤੋਤੇ ਤੇ ਰਾਮਾ ਜਿਊਂਦੇ-ਜਾਗਦੇ ਹਨ, ਇਕ ਦੂਜੇ ਨੂੰ ਪ੍ਰਤੱਖ ਦਿੱਸਦੇ ਹਨ| ਇਹ ਲੜ-ਝਗੜ ਵੀ ਸਕਦੇ ਹਨ, ਇਕ ਦੂਜੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਪਰ ਜਿਸ ਚੀਜ਼ ਦੀ ਹੋਂਦ ਹੀ ਨਹੀਂ, ਉਹ ਤੁਹਾਨੂੰ ਕੀ ਨੁਕਸਾਨ ਪਹੁੰਚਾ ਸਕਦੀ ਹੈ? ਕੋਈ ਭੂਤ-ਪ੍ਰੇਤ ਨਹੀਂ ਹੁੰਦਾ|’ ਮਾਸਟਰ ਜੀ ਨੇ ਐਲਾਨ ਕਰਨ ਵਾਲਿਆਂ ਵਾਂਗ ਕਿਹਾ|
ਜਦੋਂ ਮੈਂ ਗੰਡੀਵਿੰਡ ਵਾਲੀ ਘਟਨਾ ਬਿਆਨ ਕੀਤੀ ਤਾਂ ਉਹ ਕਹਿਣ ਲੱਗੇ, ‘ਮਨਮੋਹਨ ਸਿੰਘ, ਤੁਸੀਂ ਅਜੇ ਬੱਚੇ ਹੋ? ਸਿਆਣੇ ਹੋਵੋਗੇ ਤਾਂ ਸਭ ਸਮਝ ਜਾਵੋਗੇ|’ ਉਨ੍ਹਾਂ ਇਕ ਨਜ਼ਰ ਕੁੜੀਆਂ ਵਲ ਮਾਰੀ ਤੇ ਬੋਲੇ, ‘ਜਦੋਂ ਉਸ ਕੁੜੀ ਦਾ ਵਿਆਹ ਹੋ ਗਿਆ ਤਾਂ ਫਿਰ ਬੀਮਾਰ ਨਹੀਂ ਹੋਈ?’
‘ਨਹੀਂ ਜੀ|’ ਮੈਂ ਜਵਾਬ ਦਿੱਤਾ|
‘ਚਲੋ ਫਿਰ ਕੱਢੋ ਅੰਗਰੇਜ਼ੀ ਦੀ ਕਿਤਾਬ’ ਤੇ ਉਨ੍ਹਾਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ|

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ

(Kar Bhala Ho Bhala Ant Bhale da Bhala)
ਇਹ ਗੱਲ ਕੋਈ 15 ਕੁ ਸਾਲ ਪੁਰਾਣੀ ਹੈ| ਉਦੋਂ ਮੈਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੇਰਕਾ ਦੇ ਦਫਤਰ ਬਤੌਰ ਜੂਨੀਅਰ ਸਹਾਇਕ ਸੇਵਾ ਕਰਦਾ ਸਾਂ| ਸ਼ਨਿਚਰਵਾਰ ਦਾ ਦਿਨ ਸੀ| ਮੈਂ ਕਹਾਣੀ ਲਿਖ ਕੇ ਅਖਬਾਰ ਨੂੰ ਪੋਸਟ ਕਰਨ ਲਈ ਛੇਹਰਟਾ ਡਾਕ ਘਰ ਗਿਆ ਤਾਂ ਉਥੇ ਰੱਖੇ ਵੱਡੇ ਸਾਰੇ ਮੇਜ਼ ਤੇ ਲਿਫਾਫਾ ਰੱਖ ਐਡਰੈਸ ਪਾਉਣ ਲੱਗਾ| ਮੇਰਾ ਧਿਆਨ ਉਸ ਮੇਜ ਤੇ ਪਏ ਭੂਰੇ ਬਟੂਏ ਵੱਲ ਗਿਆ| ਡਾਕ ਘਰ ਵਿਚ ਹੋਰ ਵੀ ਆਦਮੀ ਸਨ|
ਮੈਂ ਦੁਚਿੰਤੀ ਵਿਚ ਪੈ ਗਿਆ ਕਿ ਇਹ ਬਟੂਆ ਚੁੱਕ ਕੇਆਪਣੀ ਜੇਬ ਵਿਚ ਪਾਵਾਂ ਜਾਂ ਨਾਂ ਪਰ ਮੈਂ ਇਹ ਸੋਚ ਕੇ ਬਟੂਆ ਚੁੱਕ ਕੇ ਆਪਣੀ ਕੋਟ ਦੀ ਜੇਬ ਵਿਚ ਪਾ ਲਿਆ ਕਿ ਅਜਿਹਾ ਨਾ ਹੋਵੇ ਕਿ ਜੇ ਮੈਂ ਇਹ ਬਟੂਆ ਨਾ ਚੁੱਕਿਆ ਤਾ ਕੋਈ ਹੋਰ ਚੁੱਕ ਕੇ ਲੈ ਜਾਵੇ ਅਤੇ ਬਟੂਏ ਵਾਲੇ ਨੂੰ ਵਾਪਸ ਨਾ ਕਰੇ| ਮੈਂ ਬਟੂਆ ਲੈ ਕੇ ਦਸ ਕੁ ਮਿੰਟ ਉਥੇ ਇੱਧਰ ਉੱਧਰ ਫਿਰਦਾ ਰਿਹਾ ਕਿ ਸ਼ਾਇਦ ਕੋਈ ਬਟੂਏ ਦਾ ਮਾਲਕ ਆ ਜਾਵੇ ਤਾਂ ਮੈਂ ਇਹ ਉਸ ਨੂੰ ਵਾਪਸ ਕਰ ਦੇਵਾਂ ਪਰ ਜਦ 10-15 ਮਿੰਟ ਬਾਅਦ ਵੀ ਕਿਸੇ ਵਿਅਕਤੀ ਨੇ ਬਟੂਏ ਬਾਰੇ ਕੋਈ ਪੁੱਛ ਗਿੱਛ ਨਾ ਕੀਤੀ ਤਾਂ ਮੈਂ ਆਪਣਾ ਬਿਜਲੀ ਦਾ ਬਿੱਲ ਤਾਰਨ ਲਈ ਬੈਂਕ ਵਿਚ ਚਲਾ ਗਿਆ, ਜੋ ਡਾਕਖਾਨੇ ਦੇ ਨਜ਼ਦੀਕ ਹੀ ਹੈ|
ਬਿਜਲੀ ਦਾ ਬਿੱਲ ਤਾਰਦਿਆਂ ਮੈਨੂੰ 20-25 ਮਿੰਟ ਲੱਗ ਗਏ| ਜਦ ਮੈਂ ਆਪਣੇ ਘਰ ਨੂੰ ਜਾ ਰਿਹਾ ਸਾਂ ਤਾਂ ਭੱਲਾ ਕਲੋਨੀ ਦਾ ਮੋੜ ਮੁੜਦਿਆਂ ਹੀ ਮੈਂ ਸਰਦੂਲ ਸਿੰਘ ਦਰਜੀ ਦੀ ਦੁਕਾਨ ਕੋਲੋਂ ਲੰਘਿਆ ਤਾਂ ਉਸਨੇ ਮੈਨੂੰ ਮਗਰੋਂ ਆਵਾਜ ਮਾਰੀ, ‘ਭਾਜੀ ਤੁਹਾਨੂੰ ਕੋਈ ਬੰਦਾ ਲੱਭਦਾ ਫਿਰਦਾ ਹੈ|’ ਇਕ ਵਿਅਕਤੀ ਦਾ ਡਾਕ ਘਰ ਤੋਂ ਬਟੂਆ ਗੁੰਮ ਹੋ ਗਿਆ ਹੈ| ਉਹ ਕਹਿੰਦਾ ਹੈ ਕਿ ਤੁਹਾਨੂੰ ਤਾਂ ਨਹੀਂ ਮਿਲਿਆ? ‘ਬਟੂਆ ਤਾਂ ਮੇਰੇ ਪਾਸ ਹੈ ਜੇ ਉਹ ਆਪਣੀਆਂ ਨਿਸ਼ਾਨੀਆਂ ਦਸ ਦੇਵੇ ਤਾਂ ਬਟੂਆ ਉਸਨੂੰ ਦੇ ਦਿੱਤਾ ਜਾਵੇਗਾ| ਉਸਨੂੰ ਕਹਿੰਣਾ ਕਿ ਘਰੋਂ ਆਪਣਾ ਬਟੂਆ ਲੈ ਜਾਵੇ|’
ਸਰਦੂਲ ਸਿੰਘ ਮੈਨੂੰ ਕਹਿਣ ਲੱਗਾ, ਭਾਜੀ ਤੁਸੀਂ ਦੋ ਮਿੰਟ ਇਥੇ ਹੀ ਠਹਿਰੋ, ਉਹ ਤਾਂ ਬਹੁਤ ਪ੍ਰੇਸ਼ਾਨ ਹੈ, ਉਹ ਕਿਸੇ ਹੋਰ ਵਿਅਕਤੀ ਵੱਲ ਗਿਆ ਹੈ, ਹੁਣੇ ਆ ਜਾਵੇਗਾ| ਮੈਨੂੰ ਉਥੇ ਬੈਠਿਆਂ ਦੋ ਕੁ ਮਿੰਟ ਹੀ ਹੋਏ ਸਨ ਕਿ ਉਹ ਹਫਿਆ ਹੋਇਆ ਤੇਜ ਤੇਜ ਸਾਈਕਲ ਦੇ ਪੈਡਲ ਮਾਰਦਾ ਦੁਕਾਨ ਤੇ ਆ ਗਿਆ ਤੇ ਕਹਿਣ ਲੱਗਾ, ਭਾਈ ਸਾਹਿਬ ਮੇਰਾ ਬਟੂਆ ਡਾਕਖਾਨੇ ਤੇਜ ਤੇ ਪਿਆ ਰਹਿ ਗਿਆ ਸੀ| ਮੈਂ ਕਿਹਾ, ਮਿੱਤਰਾ ਮੈਂ ਬਟੂਆ ਦੇਖਿਆ ਹੀ ਨਹੀਂ ਸਗੋਂ ਬਟੂਆ ਮੇਰੇ ਪਾਸ ਹੈ| ਜੇ ਬਟੂਏ ਦੀਆਂ ਨਿਸ਼ਾਨੀਆਂ ਦੱਸ ਦੇਵੋ ਤਾਂ ਬਟੂਆ ਮਿਲ ਜਾਵੇਗਾ’| ਉਸ ਦਾ ਸਾਹ ਵਿਚ ਸਾਹ ਆਇਆ| ਭਰਾਵਾ ਮੇਰੇ ਬਟੂਏ ਵਿਚ ਰਾਧਾ ਸੁਆਮੀ ਵਾਲੇ ਬਾਬੇ ਦੀ ਫੋਟੋ ਹੈ ਅਤੇ 52-53 ਸੌ ਰੁਪਏ ਹੋਣਗੇ| ਮੈਂ ਪੰਜ ਹਜਾਰ ਰੁਪਏ ਵਿਆਜ ਤੇ ਕਿਸੇ ਪਾਸੋਂ ਲੈ ਕੇ ਆਇਆ ਹਾਂ| ਮੈਂ ਜੇਬ ਵਿਚੋਂ ਬਟੂਆ ਕੱਢਿਆ ਅਤੇ ਖੋਲ੍ਹ ਕੇ ਵੇਖਿਆ ਉਸ ਵਿੱਚ ਰਾਧਾ ਸੁਆਮੀ ਵਾਲੇ ਬਾਬੇ ਦੀ ਫੋਟੋ ਸੀ ਅਤੇ 100-100 ਦੇ ਨੌਟਾਂ ਨਾਲ ਬਟੂਆ ਭਰਿਆ ਪਿਆ ਸੀ|
ਮੈਂ ਪੈਸੇ ਗਿਣਨੇ ਮੁਨਾਸਿਬ ਨਾ ਸਮਝੇ ਅਤੇ ਬਟੂਆ ਉਸਨੂੰ ਵਾਪਸ ਕਰ ਦਿੱਤਾ| ਅਜੇ ਕੁਝ ਦਿਨ ਹੀ ਹੋਏ ਸਨ ਕਿ ਸਾਰੇ ਸਟਾਫ ਨੂੰ ਤਨਖਾਹ ਮਿਲਦਿਆਂ ਮਿਲਦਿਆਂ ਐਤਕੀਂ 25 ਤਰੀਕ ਆ ਗਈ ਸੀ| ਉਸ ਵਕਤ ਮੇਰੀ ਤਨਖਾਹ ਵੀ ਕਾਫੀ ਸੀ| ਮੈਂ ਕਿਸੇ ਮਿੱਤਰ ਪਾਸੋਂ 10,000 ਰੁਪਏ ਲੈਣੇ ਵੀ ਸਨ| ਉਹ ਮਿੱਤਰ ਵੀ ਮੈਨੂੰ ਪੈਸੇ ਦੇ ਗਿਆ| ਇੰਨੇ ਚਿਰ ਨੂੰ ਦਫਤਰ ਵਿਚ ਇਕ ਬਟੂਏ ਵੇਚਣ ਵਾਲਾ ਆਇਆ ਅਤੇ ਇਕ ਬਟੂਆ ਲੈ ਲਿਆ| ਪੂਰੀ ਮਿਲੀ ਤਨਖਾਹ ਅਤੇ ਮਿੱਤਰ ਤੋਂ ਲਏ ਪੈਸੇ ਨਵੇਂ ਬਟੂਏ ‘ਚ ਪਾ ਲਏ ਅਤੇ ਪੁਰਾਣਾ ਬਟੂਆ ਵੀ ਰੱਖ ਲਿਆ, ਜਿਸ ਵਿਚ 4-5 ਸੌ ਰੁਪਏ ਹੀ ਸਨ| ਜਦ ਮੈਂ ਘਰ ਆਉਣ ਲਈ ਸਦਰ ਥਾਣੇ ਤੋਂ ਥ੍ਰੀਵੀਲਰ ਤੇ ਬੈਠ ਕੇ ਛੇਹਰਟਾ ਚੌਂਕ ਵਿਚ ਉਤਰਿਆ ਤਾਂ ਕਿਰਾਇਆ ਦੇਣ ਲਈ ਮਗਰਲੀ ਜੇਬ ਵਿਚ ਹੱਥ ਮਾਰਿਆ ਤਾਂ ਪੁਰਾਣਾ ਬਟੂਆ ਤਾਂ ਮੇਰੇ ਹੱਥ ਆ ਗਿਆ ਪਰ ਪੈਸਿਆਂ ਵਾਲਾ ਨਵਾਂ ਬਟੂਆ ਗਾਇਬ ਸੀ|
ਮੈਂ ਦੁਚਿੱਤੀ ਵਿੱਚ ਪੈ ਗਿਆ ਕਿ ਬਟੂਆ ਥ੍ਰੀਵੀਲਰ ਵਿਚੋਂ ਨਿਕਲ ਗਿਆ ਹੈ ਜਾਂ ਕਿਤੇ ਦਫਤਰ ਗੁੰਮ ਹੋ ਗਿਆ ਹੈ| ਮੈਂ ਜੱਕੋ ਤੱਕੀ ਵਿਚ ਮੁੜ ਦਫਤਰ ਰਾਣੀ ਕਾ ਬਾਗ ਗਿਆ ਤਾਂ ਬੀਬੀ ਨਿਰਮਲ ਕੁਮਾਰੀ ਮੁੱਖ ਸੇਵਿਕਾ ਆਪਣੀਆਂ ਸਾਥਣ ਕਰਮਚਾਰੀਆਂ ਨਾਲ 26 ਜਨਵਰੀ ਲਈ ਰੰਗੋਲੀ ਤਿਆ ਕਰ ਰਹੀ ਸੀ| ਜਦ ਉਸ ਨੂੰ ਮੇਰਾ ਬਟੂਆ ਗੁਆਚਣ ਬਾਰੇ ਪਤਾ ਲੱਗਾ ਤਾਂ ਉਹ ਰੰਗੋਲੀ ਵਾਲੇ ਰੰਗਦਾਰ ਬੂਰੇ ਨਾਲ ਲਿਬੜੇ ਹੱਥ ਝਾੜ ਕੇ ਮੇਰੇ ਕਮਰੇ ਵਿਚ ਗਈ ਅਤੇ ਬਟੂਆ ਭਾਲਣ ਦਾ ਯਤਨ ਕੀਤਾ ਪਰ ਹੱਥ ਕੁਝ ਵੀ ਨਾ ਲੱਗਾ| ਇੰਨੇ ਚਿਰ ਨੂੰ ਦਫਤਰ ਦਾ ਚੌਕੀਦਾਰ ਬਦਲੂ ਦੱਤ ਵੀ ਆ ਗਿਆ| ਜਦ ਉਸਨੂੰ ਬਟੂਆ ਗੁਆਚਣ ਦਾ ਪਤਾ ਲੱਗਾ ਤਾਂ ਉਹ ਮੇਰੇ ਦਫਤਰ ਦਾ ਕਮਰਾ ਦੇਖਣ ਚਲਾ ਗਿਆ ਅਤੇ ਹੱਸਦਾ ਹੋਇਆ ਉਸੇ ਤਰ੍ਹਾਂ ਨੋਟਾਂ ਨਾਲ ਭਰਿਆ ਬਟੂਆ ਮੇਰੇ ਪਾਸ ਲੈ ਆਇਆ ਤੇ ਕਹਿਣ ਲੱਗਾ ਕਿ ਇਹ ਬਟੂਆ ਸੁਪਰਡੈਂਟ ਦੀ ਕੁਰਸੀ ਥੱਲੇ ਪਿਆ ਸੀ| ਲਓ ਸਾਂਭੋ ਆਪਣਾ ਬਟੂਆ|
ਉਨ੍ਹਾਂ ਦਿਨ੍ਹਾਂ ਵਿਚ ਸੁਪਰਡੈਂਟ ਛੁੱਟੀ ਤੇ ਹੋਣ ਕਾਰਨ ਉਸਦੀ ਸੀਟ ਦਾ ਕੰਮ ਵੀ ਮੈਂ ਹੀ ਕਰਦਾ ਸਾਂ, ਜਿਸ ਕਾਰਨ ਬਟੂਆ ਉਸ ਕੁਰਸੀ ਦੇ ਥੱਲੇ ਕਿਤੇ ਡਿੱਗ ਪਿਆ ਸੀ| ਮੈਂ ਬਦਲੂ ਦੱਤ ਦਾ ਧੰਨਵਾਦ ਕੀਤਾ ਤੇ ਉਸੇ ਸਮੇਂ ਮੇਰੇ ਮਨ ਵਿਚ ਆਇਆ ਕਿ ਜੇ ਮੈਂ ਕਿਸੇ ਦੇ ਗੁਆਚੇ ਪੈਸੇ ਵਾਪਸ ਕਰ ਦਿੱਤੇ ਸਨ ਤਾਂ ਅੱਜ ਮੇਰੇ ਵੀ ਗੁਆਚੇ ਪੈਸੇ ਵਾਪਸ ਮਿਲ ਗਏ ਹਨ| ਇਹ ਅਖਾਣ ਬਾਰ ਬਾਰ ਮੇਰੇ ਜਿਹਨ ਵਿਚ ਘੁੰਮਣ ਲੱਗਾ, ‘ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ’|

ਚੇਤਿਆਂ ਦੀ ਚੰਗੇਰ ‘ਚੋਂ
(Chaitian Di Changair ‘chon)
ਮੇਰੀ ਇਹ ਖੁਸ਼ਕਿਸਮਤੀ ਰਹੀ ਹੈ ਕਿ ਮੇਰਾ ਨੌਕਰੀ ਦੇ ਮੁੱਢਲੇ ਦਿਨਾਂ ਵਿੱਚ ਵਾਹ ਵਾਸਤਾ ਉਨ੍ਹਾਂ ਅਫਸਰਾਂ ਨਾਲ ਰਿਹਾ ਹੈ ਜੋ ਇਮਾਨਦਾਰ ਅਤੇ ਲੋਕ ਹਿਤੈਸ਼ੀ ਸਨ| ਲੋਕਾਂ ਦੇ ਦਰਦ, ਤਕਲੀਫਾਂ ਨੂੰ ਸਮਝਦੇ ਸਨ ਅਤੇ ਲੋਕ ਪੀੜ੍ਹਾਂ ਹਰਨ ਕਰਨ ਦਾ ਯਤਨ ਕਰਦੇ ਸਨ, ਜਿਵੇਂ ਬੱਚੇ ਦੇ ਪਹਿਲੇ ਗੁਰੂ ਮਾਂ ਬਾਪ ਹੁੰਦੇ ਹਨ ਅਤੇ ਉਹ ਆਪਣੀ ਸੋਚ ਅਨੁਸਾਰ ਬੱਚੇ ਨੂੰ ਚੰਗੇ ਮਾੜੇ ਪਾਸੇ ਤੋਰ ਸਕਦੇ ਹਨ|
ਮੇਰੀ ਪਹਿਲੀ ਨਿਯੁਕਤੀ 11 ਅਪ੍ਰੈਲ 1978 ਨੂੰ 18 ਸਾਲ ਦੀ ਉਮਰ ਵਿਚ ਤਰਸਿੱਕਾ ਵਿਖੇ ਬਤੌਰ ਕਲਰਕ ਹੋਈ ਸੀ| ਉਹ ਗੱਲ 1979-80 ਦੇ ਨੇੜੇ ਤੇੜੇ ਦੀ ਹੈ ਕਿ ਸ. ਜੈ ਸਿੰਘ ਪਟਿਆਲਵੀ ਬੀ.ਡੀ.ਓ. ਆ ਗਹੇ| ਉਨ੍ਹਾਂ ਦਿਨਾਂ ਵਿਚ ਸੀਮੇਂਟ ਸਰਕਾਰ ਦੇ ਕੰਟਰੋਲ ਵਿਚ ਸੀ| ਸੀਮੇਂਟ ਦੇ ਪਰਮਿਟ ਬੀ.ਡੀ.ਓ. ਦਫਤਰ ਵੱਲੋਂ ਕੱਟੇ ਜਾਂਦੇ ਸਨ| ਸੀਮੇਂਟ ਦੀ ਇੰਨੀ ਕਿਲੱਤ ਸੀ ਕਿ ਦਰਖਾਸਤ ਦੇਣ ਤੋਂ 6 ਮਹੀਨੇ ਬਾਅਦ ਪਰਮਿਟ ਮਿਲਣ ਦੀ ਵਾਰੀ ਨਹੀਂ ਸੀ ਆਉਂਦੀ|
ਜਦ ਸ. ਜੈ ਸਿੰਘ ਨੇ ਜਾਇੰਨ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਸੀਮੇਂਟ ਦੇ ਪਰਮਿਟ ਕੱਟਣ ਦੀ ਡਿਊਟੀ ਮੇਰੀ ਲਗਾ ਦਿੱਤਾ ਅਤੇ ਨਾਲ ਹੀ ਮੈਨੂੰ ਇਕੱਲਿਆਂ ਕਰਕੇ ਕਿਹਾ, ਮਨਮੋਹਨ ਸਿੰਘ ਸਾਰੇ ਦਫਤਰ ਵਿਚੋਂ ਇਸ ਕੰਮ ਲਈ ਮੈਂ ਤੇਰੀ ਚੋਣ ਕੀਤੀ ਹੈ, ਮੇਰੇ ਵਿਸ਼ਵਾਸ ਨੂੰ ਬਣਾਈ ਰੱਖੀ| ਮੁਲਾਜ਼ਮਾਂ ਦਾ ਗਹਿਣਾ ਇਮਾਨਦਾਰੀ ਅਤੇ ਕੰਮ ਹੈ| ਬਿਨਾਂ ਕਿਸੇ ਡਰ ਭੈਅ ਦੇ ਹਰੇਕ ਨੂੰ ਵਾਰੀ ਆਉਣ ਤੇ ਸੀਮੇਂਟ ਦਾ ਪਰਮਿਟ ਦੇਣਾ ਹੈ| ਉਨ੍ਹਾਂ ਮੇਰੇ ਮੋਢੇ ਨੂੰ ਥਾਪੜਿਆ ਤੇ ਫਿਰ ਕਿਹਾ, ਮੈਂ ਤੇਰੇ ਨਾਲ ਹਾਂ ਤੇਰੀਆਂ ਲੋੜਾਂ ਥੋੜਾਂ ਦਾ ਧਿਆਨ ਮੈਂ ਖੁਦ ਰੱਖਾਂਗਾ, ਤੇਰੀ ਹਰ ਲੋੜ ਪੂਰੀ ਹੋਵੇਗੀ ਪਰ ਇਕ ਗੱਲ ਦਾ ਖਿਆਲ ਰੱਖੀ, ਸੀਮੇਂਟ ਦਾ ਪਰਮਿਟ ਲੈਣ ਆਏ ਕਿਸੇ ਵਿਅਕਤੀ ਤੋਂ ਇਕ ਪੈਸਾ ਵੀ ਨਹੀਂ ਲੈਣਾ|
ਇਹ ਗੱਲ ਅੱਜ ਵੀ ਮੈਂ ਪੱਲੇ ਬੱਧੀ ਹੈ ਤੇ ਇਸੇ ਇਵਜ ਵਿਚ ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਤਰਨਤਾਰਨ ਪਾਸੋਂ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਤੇ ਸਨਮਾਨ ਪਾ ਚੁੱਕਾ ਹਾਂ|
ਇਹ ਵਾਕਿਆ ਹੀ ਤਰਸਿੱਕਾ ਦਾ ਹੈ| ਸ. ਜੈ ਸਿੰਘ ਪਟਿਆਲਵੀ ਦੇ ਕਾਰਜਕਾਲ ਦੇ ਵੇਲੇ ਦਾ ਹੀ ਹੈ| ਤਰਸਿੱਕਾ ਬਲਾਕ ਵਿੱਚ ਇਕ ਜੋਧਾ ਨਗਰੀ ਹੈ| ਉਥੋਂ ਦਾ ਸ. ਚਰਨ ਸਿੰਘ ਐਮ.ਐਲ. ਏ. ਰਹੇ ਹਨ| ਸੀਮੇਂਟ ਦੀ ਕਿੱਲਤ ਖਤਮ ਹੋ ਚੁੱਕੀ ਹੈ| ਸ੍ਰ. ਚਰਨ ਸਿੰਘ, ਬੀ.ਡੀ.ਓ. ਪਾਸ ਗਏ ਅਤੇ ਸੀਮੇਂਟ ਦੀ ਮੰਗ ਕੀਤੀ| ਉਨ੍ਹਾਂ 10 ਬੋਰੀਆਂ ਸੀਮੇਂਟ ਦੇ ਆਰਡਰ ਕਰ ਦਿੱਤੇ|
ਜਦ ਉਹ ਸੀਮੇਂਟ ਦਾ ਪਰਮਿਟ ਕਟਾਉਣ ਲਈ ਆਏ ਤਾਂ ਮੈਂ ਦਰਖਾਸਤ ਵੇਖ ਕੇ ਪਹਿਲਾਂ ਸਰਪੰਚ ਦੇ ਦਸਤਖਤ ਕਰਾਉਣ ਲਈ ਕਿਹਾ ਤਾਂ ਉਨ੍ਹਾਂ ਦੱਸਿਆ ਕਿ ਮੈਂ ਐਕਸ ਐਮ.ਐਲ.ਏ. ਹਾਂ| ਮੈਂ ਆਪਣੀ ਗੱਲ ‘ਤੇ ਅੜਿਆ ਰਿਹਾ| ਉਹ ਬਜਾਏ ਮੈਨੂੰ ਚੰਗਾ ਮਾੜਾ ਕਹਿੰਦੇ ਮੁੜ ਬੀ.ਡੀ.ਓ. ਕੋਲ ਗਏ ਅਤੇ ਕਹਿਣ ਲੱਗੇ, ਕਾਕਾ ਨਵਾਂ ਆਇਆ ਏ, ਮੈਨੂੰ ਸ਼ਾਇਦ ਜਾਣਦਾ ਨਹੀਂ, ਤੁਸੀਂ ਕਹਿ ਕੇ ਪਰਮਿਟ ਕਟਵਾ ਦਿਓ| ਜਦ ਬੀ.ਡੀ.ਓ. ਨੇ ਮੈਨੂੰ ਸੱਦ ਕੇ ਪਰਮਿਟ ਦੇਣ ਲਈ ਕਿਹਾ ਤਾਂ ਮੈਂ ਮੁੜ ਆਪਣਾ ਸਟੈਂਡ ਦੁਹਰਾਇਆ|
ਬੀ.ਡੀ.ਓ. ਨੇ ਮੈਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਬੋਲੇ, ਸੀਮੇਂਟ ਦੀ ਦਰਖਾਸਤ ‘ਤੇ ਸਰਪੰਚ ਦੇ ਦਸਤਖਤ ਇਸ ਲਈ ਕਰਵਾਈਏ ਹਨ ਕਿ ਇਹ ਤਸਦੀਕ ਹੋ ਸਕੇ ਕਿ ਇਹ ਵਿਅਕਤੀ ਇਸੇ ਪਿੰਡ ਦਾ ਬਸ਼ਿੰਦਾ ਹੈ| ਇਹ ਸਰਦਾਰ ਜੀ, ਐਮ. ਐਲ. ਏ. ਰਹੇ ਹਨ, ਇਨ੍ਹਾਂ ਦਾ ਰੁਤਬਾ ਸਰਪੰਚ ਨਾਲੋਂ ਬਹੁਤ ਉੱਚਾ ਹੈ| ਇਨ੍ਹਾਂ ਨੂੰ ਕਿਸੇ ਸਰਪੰਚ ਦੀ ਤਸਦੀਕ ਦੀ ਲੋੜ ਨਹੀਂ|
ਮੈਂ ਜਦ ਸੀਮੇਂਟ ਦਾ ਪਰਮਿਟ ਦਿੱਤਾ ਤਾਂ ਉਹ ਮੇਰੇ ਮੋਢੇ ਤੇ ਅਪਣੱਤ ਨਾਲ ਹੱਥ ਰੱਖ ਕੇ ਬੋਲੇ, ‘ਬੇਟਾ ਬੀ.ਡੀ.ਓ. ਸਾਬ੍ਹ ਨੂੰ ਕਹਿਣ ਤੇ ਬੁਰਾ ਤਾਂ ਨਹੀਂ ਮਨਾਇਆ’ ‘ਨਹੀਂ ਜੀ ਐਸੀ ਕੋਈ ਗੱਲ ਨਹੀਂ’ ਜੇ ਕੋਈ ਹੁਣ ਦਾ ਕੋਈ ਰਾਜਨੀਤਿਕ ਨੇਤਾ ਹੁੰਦਾ ਤਾਂ ਫਾਇਦ ਉਹ ਅਸਮਾਨ ਸਿਰ ਤੇ ਚੁੱਕ ਲੈਂਦਾ ਕਿ ਤੂੰ ਕੌਣ ਮੈਨੂੰ ਇਹ ਗੱਲ ਕਹਿਣ ਵਾਲਾ ਏ ਕਿ ਦਰਖਾਸਤ ਸਰਪੰਚ ਤੋਂ ਤਸਦੀਕ ਕਰਵਾ ਕੇ ਲਿਆਓ ਤੇ ਮੇਰੀ ਬਦਲੀ ਕਿਤੇ ਦੂਰ ਦੁਰਾਡੇ ਕਰਵਾ ਕੇ ਹੀ ਸਾਰ ਲੈਂਦਾ|
ਇਸ ਦੌਰਾਨ ਅੱਜ ਜਦ ਮੈਂ ਕਦੀ ਕਦੀ ਪੁਰਾਣੀਆਂ ਗੱਲਾਂ ਚੇਤੇ ਕਰਦਾ ਹਾਂ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਉਦੋਂ ਅਫਸਰਸ਼ਾਹ ਵੀ ਬੜੇ ਚੰਗੇ ਹੁੰਦੇ ਸਨ ਅਤੇ ਸਿਆਸਤਦਾਨ ਉਨ੍ਹਾਂ ਤੋਂ ਵੀ ਵੱਧ| ਹਰ ਕੋਈ ਇਮਾਨਦਾਰੀ ਅਤੇ ਨੈਤਿਕਤਾ ਦਾ ਪੱਲਾ ਘੁੱਟ ਕੇ ਫੜੀ ਰਖਦਾ ਸੀ ਅਤੇ ਐਵੇਂ ਆਪਣੀ ਹਉਮੈ ਨੂੰ ਪੱਠੇ ਨਹੀਂ ਸੀ ਪਾਉਂਦਾ| ਸਪਸ਼ਟ ਹੀ ਹੈ ਕਿ ਉਦੋਂ ਮਨੂੱਖੀ ਕਦਰਾਂ ਕੀਮਤਾਂ ਦਾ ਬੜਾ ਬੋਲ ਬਾਲਾ ਸੀ ਅਤੇ ਹਰ ਕੋਈ ਦੂਜੇ ਦੇ ਕੰਮ ਆ ਕੇ ਖੁਸ਼ ਹੁੰਦਾ ਹੈ ਪਰ ਹੁਣ ਬਹੁਤ ਕੁਝ ਬਦਲ ਗਿਆ ਹੈ, ਜਿਵੇਂ ਜ਼ਮਾਨਾ ਹੀ ਬਦਲ ਗਿਆ ਹੈ|

ਮੇਰੀ ਭੂਆ ਮੇਰੀ ਮਾਂ
(Meri Bhua Meri Maan)
ਮੇਰਾ ਜਨਮ ਪੰਜ ਭੈਣਾਂ ਬਾਅਦ ਹੋਇਆ ਸੀ| ਮੇਰੀ ਮਾਂ ਦੱਸਦੀ ਸੀ ਕਿ ਤੇਰੇ ਜਨਮ ਤੇ ਆਪਣੇ ਪਰਵਾਰ ਨੇ ਹੀ ਨਹੀਂ ਸਗੋਂ ਪੂਰੇ ਪਿੰਡ ਨੇ ਖੁਸ਼ੀ ਮਨਾਈ ਸੀ| 52 ਸਾਲ ਪਹਿਲਾਂ ਇਹ ਉਹ ਸਮਾਂ ਸੀ ਜਦੋਂ ਬਹੁਤੇ ਪੇਂਡੂ ਲੋਕਾਂ ਨੂੰ ਅਖਬਾਰ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੁੰਦੀ ਸੀ| ਉਨ੍ਹਾਂ ਦਿਨਾਂ ਵਿਚ ਮੇਰੇ ਜਨਮ ਸਬੰਧੀ ਅਖਬਾਰ ਵਿਚ ਖਬਰ ਛਪੀ ਸੀ ਜਿਸ ਦਾ ਹੈਡਿੰਗ ਸੀ ਪ੍ਰੇਮੀ ਨੂੰ ਪੁੱਤਰ ਦੀ ਦਾਤ ਮਿਲੀ| ਖਬਰ ਛਪਣ ਦਾ ਕਾਰਨ ਇਹ ਸੀ ਕਿ ਇ ਤਾਂ ਮੈਂ ਪੰਜਾਂ ਭੈਣਾਂ ਬਾਅਦ ਹੋਇਆ ਸੀ| ਦੂਜਾ ਮੇਰੇ ਪਿਤਾ ਜੀ (ਗਿਆਨੀ ਹਜ਼ਾਰਾ ਸਿੰਘ ਪ੍ਰੇਮੀ) ਦੀ ਪਛਾਣ ਟਰੇਡ ਯੂਨੀਅਨ ਆਗੂ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਵਜੋਂ ਅਤੇ ਲੋਕਾਂ ਦੇ ਦੁੱਖ ਸੁੱਖ ਵਿਚ ਭਾਈਵਾਲ ਹੋਣ ਕਰਕੇ ਸੀ|
ਮੇਰੇ ਜਨਮ ਸਬੰਧੀ ਛਪੀ ਖਬਰ ਬਾਰੇ ਮੇਰੀ ਮਾਂ ਨੇ ਮੈਨੂੰ ਉਸ ਦਿਨ ਦੱਸਿਆ ਸੀ ਜਦ ਮੇਰੀ ਪਹਿਲੀ ਰਚਨਾ ਅਖਬਾਰ ਵਿਚ ਛਪੀ ਸੀ, ਪਰ ਪਰਵਾਰ ਦੀ ਇਹ ਖੁਸ਼ੀ ਬਹੁਤਾ ਚਿਰ ਕਾਇਮ ਨਾ ਰਹਿ ਸਕੀ| ਮੈਂ ਅਜੇ ਘਰ ਆਉਂਦੇ ਬਾਪੂ ਦੀਆਂ ਲੱਤਾਂ ਨੂੰ ਭੱਜ ਕੇ ਚੰਬੜਨਾ ਵੀ ਨਹੀਂ ਸਿੱਖਿਆ, ਜਦੋਂ ਮੈਂ ਨਾਮੁਰਾਦ ਪੋਲੀਓ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ| ਮੇਰੇ ਮਾਂ ਪਿਓ ਛੋਟੇ ਭਰਾ ਸ੍ਰ. ਇੰਦਰਜੀਤ ਸਿੰਘ ਬਾਸਰਕੇ, ਜੋ ਉਸ ਸਮੇਂ ਬਹੁਤ ਛੋਟੀ ਅਵਸਥਾ ਵਿਚ ਵੀ ਅਤੇ ਜਿਸ ਦੀ ਜ਼ਿਆਦਾ ਸਾਂਭ ਸੰਭਾਲ ਕਰਨ ਦੀ ਜ਼ਰੂਰਤ ਸੀ, ਨੂੰ ਘਰ ਛੱਡ ਕੇ ਮੈਨੂੰ ਡਾਕਟਰਾਂ, ਹਕੀਮਾਂ ਪਾਸ ਲਈ ਫਿਰਦੇ ਰਹੇ ਪਰ ਸਭ ਵਿਅਰਥ|
ਭਾਵੇਂ ਹਰ ਭਾਰਤੀ ਬੱਚੇ ਲਈ ਵਿੱਦਿਆ ਜ਼ਰੂਰੀ ਹੈ, ਪਰ ਅੰਗਹੀਣ ਬੱਚੇ ਲਈ ਵਿੱਦਿਆ ਦਾ ਮਹੱਤਵ ਹੋਰ ਵੀ ਵਧੇਰੇ ਹੁੰਦਾ ਹੈ| ਉਨ੍ਹੀ ਦਿਨੀ ਮੇਰੇ ਪਿੰਡ ਬਾਸਰਕੇ ਗਿੱਲਾਂ ਵਿਖੇ ਪ੍ਰਾਇਮਰੀ ਸਕੂਲ ਹੀ ਹੁੰਦਾ ਸੀ| ਅੱਗੇ ਪੜ੍ਹਨ ਲਈ ਸਰਕਾਰੀ ਹਾਈਸਕੂਲ ਢੰਡ ਜਾਂ ਵਡਾਲੀ ਗੁਰੂ ਜਾਣਾ ਪੈਂਦਾ ਸੀ| ਇਹ ਦੋਵੇਂ ਪਿੰਡ ਮੇਰੇ ਪਿੰਡ ਤੋਂ 4-4 ਕਿਲੋਮੀਟਰ ਹਟਵੇਂ ਸਨ| ਮੈਨੂੰ ਸਾਈਕਲ ਚਲਾਉਣ ਦੀ ਜਾਂਚ ਨਹੀਂ ਸੀ| ਬੱਸ ਤੇ ਵੀ ਸਕੂਲ ਜਾਣਾ ਅਸਾਨ ਨਹੀਂ ਸੀ ਕਿਉਂਕਿ ਕਈ ਵਾਰ ਡਰਾਈਵਰ ਬੱਸ ਰੋਕ ਲੈਂਦਾ ਅਤੇ ਕਈ ਵਾਰ ਥੋੜੀ ਹੌਲੀ ਕਰਕੇ ਲੰਘਾ ਕੇ ਲੈ ਜਾਂਦਾ|
ਜਦੋਂ ਮੈਂ ਪਿੰਡੋਂ ਪ੍ਰਾਇਮਰੀ ਪਾਸ ਕਰ ਲਈ ਤਾਂ ਮੇਰੀ ਲਈ ਅਗਾਂਹ ਪੜ੍ਹਨਾ ਮੇਰੇ ਮਾਂ ਬਾਪ ਲਈ ਚਿੰਤਾ ਦਾ ਵਿਸ਼ਾ ਬਣ ਗਿਆ| ਇਕ ਦਿਨ ਮੇਰੀ ਭੂਆ ਦੇ ਪਿੰਡੋਂ ਗੁਆਂਢ ਘਰ ਆਈ ਪ੍ਰਾਹੁਣੀ ਨੇ ਜਦੋਂ ਮੇਰੀ ਮਾਂ ਨੂੰ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਹ ਖਿੱਦੋ ਵਾਂਗ ਉਧੜ ਗਈ| ਉਸ ਨੇ ਮੇਰੀ ਭੂਆ ਨੂੰ ਪ੍ਰੇਸ਼ਾਨੀ ਦਾ ਕਾਰਨ ਜਾ ਦੱਸਿਆ ਤਾਂ ਭੂਆ ਅਗਲੇ ਦਿਨ ਸਾਡੇ ਕੋਲ ਆ ਗਈ| ਉਸ ਮੇਰੀ ਪੜ੍ਹਾਈ ਦਾ ਜਿੰਮਾ ਆਪਣੇ ਸਿਰ ਲਿਆ ਤੇ ਬਾਸਰਕੇ ਗਿੱਲਾਂ ਤੋਂ ਗੰਡੀਵਿੰਡ (ਸਰਾਂ) ਲੈ ਆਈ| ਪਰ ਭਾਣਾ ਰੱਬ ਦਾ ਉਨੀ ਦਿਨੀ ਮੇਰੀ ਭੂਆ ਖੁਦ ਪ੍ਰੇਸ਼ਾਨੀ ਦੇ ਆਲਮ ਵਿਚ ਵਿਚਰਨ ਲੱਗ ਪਈ| ਭੂਆ ਦੇ ਹੱਥ ਚਲ ਗਏ ਸਨ ਅਤੇ ਉਸ ਕੰਮ ਕਰਨ ਤੋਂ ਅਸਮਰਥ ਸੀ| ਡਾਕਟਰ ਦਵਾਈਆਂ ਦੇ ਦੇ ਹਾਰ ਗਏ ਸਨ| ਭੂਆ ਦੇ ਦਵਾਈਆਂ ਦਾ ਅਸਰ ਤਾਂ ਨਾਂ ਹੋਇਆ ਪਰ ਦੁਆ ਉਹਦੇ ਘਰ ਕਬੂਲੀ ਗਈ| ਭੂਆਂ ਦੇ ਹੱਥ ਹੌਲੀ ਹੌਲੀ ਠੀਕ ਹੋਣ ਲੱਗ ਪਏ| ਜਦੋਂ ਭੂਆ ਦੇ ਹੱਥ ਠੀਕ ਨਹੀਂ ਸਨ ਤਾਂ ਮੇਰੀ ਪੂਰੀ ਸਾਂਭ ਸੰਭਾਲ ਦੀ ਜਿੰਮੇਵਾਰੀ ਭੂਆ ਦੀ ਨੂੰਹ ਨਿਭਾਉਂਦੀ ਰਹੀ|
ਭੂਆ ਵਾਲ ਕਲਾਕ ਤੇ ਯਕੀਨ ਘੱਟ ਕਰਦੀ ਤੇ ਸੂਰਜ ਨਾਲ ਢਲਦੇ ਪਰਛਾਵਿਆਂ ਤੇ ਉਸਨੂੰ ਭਰੋਸਾ ਵੱਧ ਹੁੰਦਾ| ਮੈਂ ਜਦ ਕਦੀ ਸਕੂਲੋਂ ਆਉਂਦਿਆਂ ਲੇਟ ਹੋ ਜਾਣਾ ਤਾਂ ਉਸ ਨੇ ਢਲਦੇ ਪਰਛਾਵਿਆਂ ਵੱਲ ਵੇਖਣਾ ਅਤੇ ਵੱਡੀ ਨੂੰਹ ਨੂੰ ਕਹਿਣਾ, ਕੁੜੇ ਕ੍ਰਿਪਾਲ, ਮੋਹਨ ਅਜੇ ਨਹੀਂ ਆਇਆ ਤੇ ਭੂਆ ਨੇ ਝੱਟ ਮੇਰੇ ਜਮਾਤੀਆ ਬਲਜੀਤ ਤੇ ਹਰਜੀਤ ਦੇ ਘਰ ਨੂੰ ਚੱਲ ਪੈਣਾ| ਜਦ ਉਨ੍ਹਾਂ ਦੀ ਮਾਂ ਨੇ ਦੱਸਣਾ ਕਿ ਅਜੇ ਉਹ ਵੀ ਨਹੀਂ ਆਏ ਤਾਂ ਜਾ ਕੇ ਕਿਤੇ ਭੂਆ ਨੂੰ ਚੈਨ ਆਉਣਾ| ਜਦੋਂ ਮੈਂ ਅੱਧੀ ਛੁੱਟੀ ਵੇਲੇ ਘਰ ਨਾ ਹੋਣਾ ਤਾਂ ਆਉਂਦਿਆਂ ਭੂਆ ਨੇ ਕਿਸੇ ਵੇਲੇ ਘਰ ਨਾ ਹੋਣਾ ਤਾਂ ਆਉਂਦਿਆਂ ਭੂਆ ਨੇ ਪੁੱਛਣਾ, ਮੋਹਨ ਰੋਟੀ ਖਾ ਗਿਆ ਏ, ਤਾਂ ਮੈਨੂੰ ਇਉਂ ਅਨੁਭਵ ਹੋਣਾ ਜਿਵੇਂ ਇਹ ਮੇਰੀ ਭੂਆ ਨਹੀਂ ਸਗੋਂ ਮੇਰੀ ਮਾਂ ਹੋਵੇ|
ਜਦੋਂ ਮੈਂ ਸੀ.ਐਮ. ਖਾਲਸਾ ਹਾਈ ਸਕੂਲ ਗੰਡੀਵਿੰਡ ਤੋਂ ਮਿਡਲ ਕਰ ਲਈ ਤਾਂ ਮੇਰਾ ਛੋਟਾ ਭਰਾ ਬਿੰਦਰਜੀਤ ਸਿੰਘ ਬਾਸਰਕੇ ਉਦੋਂ ਸਰਕਾਰੀ ਹਾਈ ਸਕੂਲ ਵਡਾਲੀ ਗੁਰੂ ਵਿਖੇ ਸੱਤਵੀ ਕਲਾਸ ਵਿਚ ਪੜ੍ਹਦਾ ਸੀ ਅਤੇ ਸਾਈਕਲ ਤੇ ਵਡਾਲੀ ਗੁਰੂ ਜਾਂਦਾ ਸੀ| ਮੈਨੂੰ ਮੇਰੇ ਮਾਂ ਬਾਪ ਨੇ ਗੰਡੀਵਿੰਡ ਤੋਂ ਹਟਾ ਕੇ ਵਡਾਲੀ ਗੁਰੂ ਦਾਖਲ ਕਰਾ ਦਿੱਤਾ| ਵੱਡਾ ਹੋਣ ਦੇ ਨਾਤੇ ਫਰਜ਼ ਤਾਂ ਮੇਰਾ ਬਣਦਾ ਸੀ ਕਿ ਮੈਂ ਸਾਈਕਲ ਚਲਾਉਂਦਾ ਅਤੇ ਉਹ ਮਗਰ ਬੈਠ ਕੇ ਸਕੂਲ ਜਾਂਦਾ ਪਰ ਹੋਇਆ ਇਸ ਦੇ ਉਲਟ| ਉਹ ਸਾਈਕਲ ਚਲਾਉਂਦਾ ਅਤੇ ਮੈਂ ਮਗਰ ਬੈਠ ਕੇ ਸਕੂਲ ਪੜ੍ਹਨ ਜਾਂਦਾ| ਮੈਂ ਅੱਜ ਵੀ ਕਈ ਵਾਰ ਸੋਚਦਾ ਹਾਂ ਕਿ ਜੇ ਮੈਨੂੰ ਭੂਆ ਵੱਲੋਂ ਮਾਂ ਵਰਗਾ ਪਿਆਰ ਨਾ ਮਿਲਦਾ ਜਾਂ ਉਪਰੋਕਤ ਦੂਸਰੀਆਂ ਸ਼ਖਸੀਅਤਾਂ ਦਾ ਸਹਿਯੋਗ ਨਾ ਮਿਲਦਾ ਤਾਂ ਮੈਂ ਕਲਮ ਰਾਹੀਂ ਤੁਹਾਡੇ ਰੂਬਰੂ ਤਾਂ ਕੀ ਹੋਣਾ ਸੀ ਸ਼ਾਇਦ ਮੈਂ ਪਿੰਡ ਦੀਆਂ ਗਲੀਆਂ ਤੱਕ ਹੀ ਸੀਮਤ ਰਹਿ ਜਾਂਦਾ|

ਪ੍ਰਮਾਤਮਾ ਪਾਰਸ ਨੂੰ ਯਾਦ ਕਰਦਿਆਂ
(Parmatma Paras Nu Yaad Kardian)
ਮੇਰੇ ਪਿੰਡ ਗੰਡੀਵਿੰਡ (ਸਰਾਂ) ਨਾਲ ਗੂੜੇ ਸਬੰਧ ਹਨ| ਮੈਂ ਭੂਆ ਫੁੱਫੜ (ਗੁਰਦੀਪ ਸਿੰਘ ਅਤੇ ਸੁਰਜੀਤ ਕੌਰ) ਦੀ ਸਰਪ੍ਰਸਤੀ ਹੇਠ ਮਿਲਡ ਕਲਾਸ ਗੰਡੀਵਿੰਡ ਦੇ ਸਕੂਲ ਤੋਂ ਹੀ ਪਾਸ ਕੀਤੀ ਸੀ| ਉਸ ਸਮੇਂ ਮੇਰੇ ਪਿੰਡ ਬਾਸਰਕੇ ਗਿੱਲਾਂ ਵਿਖੇ ਪ੍ਰਾਇਮਰੀ ਸਕੂਲ ਹੀ ਸੀ| ਇਕ ਮੈਂ ਪਹਿਲਾਂ ਹੀ ਪੋਲੀਓ ਨਾਲ ਪੀੜਤ ਸੀ, ਦੂਸਰਾ ਆਦਮੀ ਹਾਈ ਸਕੂਲ ਵਡਾਲੀ ਗੁਰੂ ਜਾਂ ਢੰਡ ਸੀ ਅਤੇ ਸਰਕਾਰੀ ਬੱਸ ਸਾਰੀ ਦਿਹਾੜੀ ਵਿਚ ਦੋ ਤਿੰਨ ਗੇੜੇ ਹੀ ਲਗਾਉਂਦੀ ਹੁੰਦੀ ਸੀ| ਪ੍ਰਾਈਵੇਟ ਮਿੰਨੀ ਬੱਸਾਂ ਉਦੋਂ ਨਹੀਂ ਸਨ ਚੱਲਦੀਆਂ ਹੁੰਦੀਆਂ| ਮੇਰੀ ਭੂਆ ਨੇ ਮੈਨੂੰ ਉਂਗਲੇ ਲਾਇਆ ਤੇ ਗੰਡੀਵਿੰਡ ਲੈ ਗਈ| ਮੈਨੂੰ ਇੰਨਾ ਯਾਦ ਹੈ ਕਿ ਜਦੋਂ 1971 ਦੀ ਜੰਗ ਲੱਗੀ, ਉਦੋਂ ਮੈਂ ਗੰਡੀਵਿੰਡ ਪੜ੍ਹਦਾ ਹੁੰਦਾ ਸੀ ਤੇ ਹੁਣ ਮੈਂ ਗੰਡੀਵਿੰਡ ਸਰਵਿਸ ਕਰਦਾ ਹਾਂ|
ਪਿੰਡ ਗੰਡੀਵਿੰਡ ਦੇ ਪ੍ਰਮਾਤਮਾ ਪਾਰਸ ਦੀ ਮੇਰੀ ਭੂਆ ਦੇ ਪੁੱਤਰ ਡਾਕਟਰ ਹਰਜਿੰਦਰ ਸਿੰਘ ਨਾਲ ਚੰਗੀ ਨੇੜਤਾ ਸੀ| ਉਹ ਦੋਵੇਂ ਜਮਾਤੀ ਸਨ ਅਤੇ ਸਾਡੇ ਘਰ ਵਾਹਵਾ ਆਉਣ ਜਾਣ ਸੀ| ਭਾਵੇਂ ਉਮਰ ਵਿਚ ਇਹ ਦੋਵੇਂ ਮੈਥੋਂ ਪੰਜ-ਪੰਜ, ਚਾਰ ਚਾਰ ਸਾਲ ਵੱਡੇ ਸਨ ਪਰ ਇਨ੍ਹਾਂ ਦੀ ਸੰਗਤ ਹਮਉਮਰ ਵਾਲਿਆਂ ਵਾਂਗ ਮੈਨੂੰ ਪ੍ਰਾਪਤ ਸੀ| ਪ੍ਰਮਾਤਮਾ ਪਾਰਸ, ਭਾਜੀ ਗੁਰਸ਼ਰਨ ਸਿੰਘ (ਨਾਨਕਸਰ) ਦਾ ਉਪਾਸਕ ਸੀ ਅਤੇ ਪਿੰਡ ਵਿਚ ਉਨ੍ਹਾਂ ਦੇ ਨਾਟਕ ਖੇਡਣ ਵਿਚ ਮੋਹਰੀ ਹੁੰਦਾ ਸੀ| ਪੜ੍ਹਨ ਉਪਰੰਤ ਦੋਹਾਂ ਜਮਾਤੀਆਂ ਹੀ ਡੀ.ਪੀ.ਆਈ. ਦਾ ਕੋਰਸ ਕਰ ਲਿਆ| ਪ੍ਰਮਾਤਮਾ ਪਾਰਸ ਨੂੰ ਨੇੜੇ ਹੀ ਸਕੂਲ ਵਿਚ ਸਰਕਾਰੀ ਨੌਕਰੀ ਮਿਲ ਗਈ| ਨੌਕਰੀ ਤਾਂ ਡਾਕਟਰ ਹਰਜਿੰਦਰ ਸਿੰਘ ਨੂੰ ਵੀ ਮਿਲ ਗਈ ਪਰ ਘਰੋਂ ਦੂਰ ਹੋਣ ਕਾਰਨ ਅਤੇ ਡਾਕਟਰੀ ਦੀ ਪ੍ਰੈਕਟਿਸ ਚੰਗੀ ਚੱਲਣ ਕਾਰਨ ਉਨ੍ਹਾਂ ਨੇ ਨੌਕਰੀ ਜੁਆਇਨ ਨਾ ਕੀਤੀ ਜੋ ਅੱਜਕਲ ਬੀੜ ਸਾਹਿਬ ਸਕੂਲ ਵਿਖੇ ਅਧਿਆਪਕ ਦੀ ਸੇਵਾ ਕਰ ਰਹੇ ਸਨ|
ਗੰਡੀਵਿੰਡ ਕਾਫੀ ਪਰਿਵਾਰ ਕਾਮਰੇਡਾਂ ਦੇ ਸਨ ਅਤੇ ਉਸ ਸਮੇਂ ਦੇ ਸਰਪੰਚ ਲਾਲ ਸਿੰਘ ਵੀ ਕਾਮਰੇਡ ਵਿਚਾਰਾਂ ਨੂੰ ਪ੍ਰਣਾਏ ਹੋਏ ਸਨ, ਪਰ ਪਿੰਡ ਵਿਚ ਅੰਘ ਵਿਸ਼ਵਾਸੀਆਂ ਦੀ ਵੀ ਗਿਣਤੀ ਘੱਟ ਨਹੀਂ ਸੀ| ਮੈਨੂੰ ਪ੍ਰਮਾਤਮਾ ਪਾਰਸ ਨੇ ਦੱਸਿਆ ਕਿ ਇਕ ਪਾਖੰਡੀ ਨੇ ਪਿੰਡ ਵਾਸੀਆਂ ਨੂੰ ਆਪਣੇ ਜਾਲ ਵਿਚ ਫਸਾ ਲਿਆ| ਉਸ ਸਭ ਕਸ਼ਟਾਂ ਦਾ ਨਿਵਾਰਨ ਕਰਨ ਲਈ ਇਕ ਬੇੜਾ ਬਣਾ ਕੇ ਨਹਿਰ ਵਿਚ ਤਾਰਨ ਦੀ ਯੋਜਨਾ ਬਣਾਈ| ਉਸ ਨੇ ਸੋਚਿਆ ਕਿ ਜੋ ਪਿੰਡ ਵਾਸੀਆਂ ਨੂੰ ਅੰਧ ਵਿਸ਼ਵਾਸ ਵਿਚੋਂ ਨਾ ਕੱਢਿਆ ਤਾਂ ਪਾਖੰਡੀ ਪਿੰਡ ਵਾਲਿਆਂ ਦੀ ਲੁੱਟ ਖਸੁੱਟ ਜਾਰੀ ਰੱਖੇਗਾ| ਜਦੋਂ ਅੱਧੀ ਰਾਤ ਨੂੰ ਬੇੜਾ ਪਾਖੰਡੀ ਵਲੋਂ ਨਹਿਰ ਵਿਚ ਤਾਰਿਆ ਗਿਆ ਤਾਂ ਉਹ ਦੋ ਕਿਲੋਮੀਟਰ ਅੱਗੇ ਜਾ ਕੇ ਤੁਰਦੋ ਬੇੜੇ ਨੂੰ ਕੱਢ ਕੇ ਲਿਆਇਆ ਅਤੇ ਪਿੰਡ ਦੇ ਗੁਰਦੁਆਰੇ ਤੇ ਲਿਆ ਟਿਕਾ ਦਿੱਤਾ| ਜਦੋਂ ਪਾਖੰਡੀ ਨੇ ਬੇੜਾ ਵੇਖਿਆ ਤਾਂ ਉਹ ਝੂਠਾ ਪੈਣ ਦੀ ਬਜਾਏ ਉਸ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖੁ ਮੇਰੀ ਕਰਾਮਾਤ, ਬੇੜਾ ਤੁਸੀਂ ਆਪਣੇ ਹੱਥੀਂ ਤਾਰਿਆ ਸੀ ਪਰ ਬੇੜਾ ਤੁਹਾਡੇ ਸਾਹਮਣੇ ਹੈ|
ਪ੍ਰਮਾਤਮਾ ਪਾਰਸ ਦੀ ਸਿੱਧੀ ਵੀ ਪੁੱਠੀ ਹੋ ਗਈ| ਉਹ ਪ੍ਰੇਸ਼ਾਨ ਹੋ ਗਿਆ ਕਿ ਮੈਂ ਤਾਂ ਪਿੰਡ ਵਾਲਿਆਂ ਵਿਚੋਂ ਅੰਧ ਵਿਸ਼ਵਾਸ ਖਤਮ ਕਰਨ ਲਈ ਅਜਿਹਾ ਕੀਤਾ ਸੀ ਪਰ ਲੋਕਾਂ ਨੇ ਪਾਖੰਡੀ ਦਾ ਹੋਰ ਪ੍ਰਭਾਵ ਕਬੂਲ ਕਰ ਲਿਆ ਹੈ ਅਤੇ ਹੁਣ ਜੋ ਨਹੀਂ ਸਨ ਮੰਨਦੇ, ਉਨ੍ਹਾਂ ਲਈ ਵੀ ਸਹਾਇਕ ਸਿੱਧ ਹੋਵੇਗਾ| ਉਸ ਨੇ ਸੋਚਿਆ ਕਿ ਜੋ ਕੰਮ ਪਰਦੇ ਪਿੱਛੇ ਮੈਂ ਕੀਤਾ ਹੈ ਉਸ ਨੂੰ ਜਾਹਰ ਕੀਤਾ ਜਾਵੇ| ਉਸ ਨੇ ਐਲਾਨੀਆ ਕਿਹਾ ਕਿ ਬੇੜੇ ਦਾ ਨਹਿਰ ਵਿਚੋਂ ਇਥੇ ਆਉਣਾ ਇਸ ਪਾਖੰਡੀ ਦੀ ਕਰਾਮਾਤ ਨਹੀਂ, ਇਹ ਬੇੜਾ ਮੈਂ ਲਿਆ ਕੇ ਰੱਖਿਆ ਹੈ| ਬਸ ਇਹ ਕਹਿਣ ਦੀ ਦੇਰ ਸੀ ਕਿ ਪਾਖੰਡੀ ਅਤੇ ਉਸ ਦੇ ਚੇਲੇ ਉਸ ਦੇ ਮਗਰ ਹੱਥ ਧੋਕੇ ਪੈ ਗਏ ਅਤੇ ਉਸ ਨੂੰ ਪੰਦਰਾਂ ਦਿਨ ਘਰੋਂ ਬਾਹਰ (ਕਾਮਰੇਡ ਬਲਦੇਵ ਮਾਨ ਦੇ ਘਰ) ਰਹਿਣਾ ਪਿਆ| ਜਦੋਂ ਠੰਢ ਠੰਢਾਉਲਾ ਹੋਇਆ, ਉਹ ਪਿੰਡ ਆਇਆ ਅਤੇ ਪੰਚਾਇਤ ਜੁੜੀ| ਦੋਹਾਂ ਧਿਰਾਂ ਦੀਆਂ ਤੱਤੀਆਂ ਠੰਡੀਆਂ ਸੁਣਨ ਉਪਰੰਤ ਸਰਪੰਚ ਲਾਲ ਸਿੰਘ ਨੇ ਗੱਲ ਮੁਕਾਉਣ ਦੇ ਲਹਿਜੇ ਨਾਲ ਕਿਹਾ ਤੁਸੀਂ ਕਸ਼ਟਾਂ ਦੇ ਨਿਵਾਰਨ ਲਈ ਬੇੜਾ ਤਾਰਨਾ ਸੀ ਤਾਰ ਦਿੱਤਾ ਅਤੇ ਇਸ ਨੇ ਜੋ ਕਰਨਾ ਸੀ ਕਰ ਲਿਆ, ਪਰ ਮੁੰਡੇ ਦੀ ਭਾਵਨਾ ਮਾੜੀ ਨਹੀਂ ਸੀ| ਬੀਤੇ ਨੂੰ ਸੁਪਨਾ ਜਾਣ ਕੇ ਭੁੱਲ ਜਾਓ| ਇਹਦੇ ਵਿਚ ਹੀ ਭਲਾਈ ਹੈ|
ਜਦੋਂ ਪ੍ਰਮਾਤਮਾ ਪਾਰਸ ਦੇ ਘਰ ਵਿਆਹ ਹੁਣ ਤੇ ਕੋਈ ਬੱਚਾ ਨਾ ਹੋਇਆ ਤਾਂ ਪਾਖੰਡੀ ਚੇਲਿਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਨੂੰ ਸੰਤਾਂ ਦਾ ਸਰਾਪ ਲੱਗਾ ਹੈ, ਪਰ ਉਹ ਜੁਆਬ ਦਿੰਦਾ ਮੇਰਾ ਇਕ ਵਿਆਹ ਹੋਰ ਕਰ ਦਿਓ| ਫਿਰ ਦੇਖਿਓ ਬੱਚਾ ਹੁੰਦਾ ਹੈ ਕਿ ਨਹੀਂ| ਜੇ ਨਾ ਹੋਵੇ ਤਾਂ ਮੈਂ ਤੁਹਾਡਾ ਮੁਜਰਮ| ਇਕ ਗੱਲ ਯਾਦ ਰੱਖਣ ਵਾਲੀ ਹੈ ਕਿ ਅੰਧ ਵਿਸ਼ਵਾਸੀ ਨਾ ਬਣੋ ਅਤੇ ਅੱਖਾਂ ਮੀਚ ਕੇ ਹਰ ਗੱਲ ਤੇ ਯਕੀਨ ਨਾ ਕਰੋ| ਸਗੋਂ ਹਰ ਗੱਲ ਦੀ ਤਰਕ ਦੇ ਅਧਾਰ ਤੇ ਪੁਣ ਛਾਣ ਕਰੋ| ਇਹਦੇ ਵਿਚ ਹੀ ਤੁਹਾਡੀ ਸਾਡੀ ਅਤੇ ਸਭ ਦੀ ਭਲਾਈ ਹੈ|

ਰਣਜੀਤ ਸਿੰਘ ਨੂੰ ਯਾਦ ਕਰਦਿਆਂ
(Ranjit Singh Nu Yaad Kardian)
ਮੈਂ ਦਸਵੀਂ ਜਮਾਤ 1974-75 ਵਿਚ ਸਕਰਾਰੀ ਹਾਈ ਸਕੂਲ ਵਡਾਲੀ ਗੁਰੂ ਤੋਂ ਕੀਤੀ ਸੀ| ਉਸ ਸਮੇਂ ਨੌਂਵੀ ਦੀ ਪ੍ਰੀਖਿਆ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਲੈਂਦਾ ਸੀ ਅਤੇ ਦਸਵੀਂ ਦੀ ਪ੍ਰੀਖਿਆ ਵੀ ਬੋਰਡ ਹੀ ਲੈਂਦਾ ਸੀ| ਇਹ ਵਡਾਲੀ ਗੁਰੂ ਉਹ ਪਿੰਡ ਹੈ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਸੀ| ਇਹ ਪਿੰਡ, ਛੇਹਰਟਾ ਤੋਂ ਦੋ ਕੁ ਕਿਲੋਮੀਟਰ ਹਟਵਾਂ ਹੈ|
ਬੱਚੇ ਦੇ ਪਹਿਲੇ ਗੁਰੂ ਮਾਪੇ ਹੁੰਦੇ ਹਨ ਤੇ ਫਿਰ ਅਧਿਆਪਕ| ਬੱਚੇ ਅਧਿਆਪਕ ਪਾਸੋਂ ਬਹੁਤ ਕੁਝ ਗ੍ਰਹਿਣ ਕਰਦੇ ਹਨ| ਇਕ ਗੱਲ ਨੋਟ ਕਰਨ ਵਾਲੀ ਹੈ ਕਿ ਬੱਚੇ ਅਧਿਆਪਕਾਂ ਪਾਸੋਂ ਬਹੁਤ ਕੁਝ ਗ੍ਰਹਿਣ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਦੀਆਂ ਮਾੜੀਆਂ ਚੰਗੀਆਂ ਹਰਕਤਾਂ ਵੀ ਨੋਟ ਕਰਦੇ ਹਨ| ਮੈਂ ਗੱਲ ਸਰਕਾਰੀ ਹਾਈ ਸਕੂਲ ਵਡਾਲੀ ਗੁਰੂ ਦੀ ਕਰ ਰਿਹਾ ਹਾਂ| ਜਿੱਥੇ ਸਾਨੂੰ ਪੰਜਾਬੀ ਗਿਆਨੀ ਰਣਜੀਤ ਸਿੰਘ ਪੜ੍ਹਾਉਂਦੇ ਸਨ| ਉਹ ਸਭਨਾਂ ਦੇ ਬਾਪੂ ਸਨ| ਵਿਦਿਆਰਥੀਆਂ ਦੇ ਵੀ ਬਾਪੂ ਅਤੇ ਅਧਿਆਪਕਾਂ ਦੇ ਵੀ| ਮੁੱਖ ਅਧਿਆਪਕ ਵੀ ਗਿਆਨੀ ਰਣਜੀਤ ਸਿੰਘ ਨੂੰ ਬਾਪੂ ਜੀ ਹੀ ਕਹਿ ਸੰਬੋਧਨ ਕਰਦੇ ਸਨ| ਜਦੋਂ ਮੈਂ ਮੈਟ੍ਰਿਕ ਕੀਤੀ, ਸਾਹਿਤਕਾਰ ਪਾਂਧੀ ਸਤਨਾਮ ਸਿੰਘ ਮੁੱਖ ਅਧਿਆਪਕ ਸਨ ਜੋ ਬਾਅਦ ਵਿਚ ਸਾਹਿਤਕ ਕਿਰਤਾਂ ਰਚਨ ਲਈ ਮੇਰੇ ਪ੍ਰੇਰਨਾ ਸਰੋਤ ਬਣੇ|
ਬਾਪੂ ਰਣਜੀਤ ਸਿੰਘ ਨੇ ਮੈਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਸੀ| ਉਹ ਬਹੁਤ ਮਿਹਨਤੀ ਅਤੇ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਅਧਿਆਪਕ ਸਨ| ਉਹ ਹਰ ਵਿਦਿਆਰਥੀ ਦੀ ਇਕੱਲੀ ਇਕੱਲੀ ਕਾਪੀ ਚੈਕ ਕਰਦੇ ਅਤੇ ਲਾਲ ਪੈਨ ਨਾਲ ਬਿੰਦੀਆਂ, ਟਿੱਪੀਆਂ ਠੀਕ ਕਰਦੇ| ਉਹ ਅਕਸਰ ਕਿਹਾ ਕਰਦੇ ਕਿ ਪੰਜਾਬੀ ਅਜਿਹਾ ਵਿਸ਼ਾ ਹੈ ਜੋ ਤੁਹਾਡੀ ਪਾਸ ਪ੍ਰਤੀਸ਼ਤ ਵਿਚ ਅਸਾਨੀ ਨਾਲ ਵਾਧਾ ਕਰ ਸਕਦਾ ਹੈ| ਉਨ੍ਹਾਂ ਦਿਨਾਂ ਵਿਚ ਬਾਕੀ ਸਾਰੇ ਵਿਸ਼ਿਆਂ ਦੇ ਪੇਪਰ ਸੌ ਅੰਕਾਂ ਦੇ ਹੁੰਦੇ ਸਨ ਪ੍ਰੰਤੂ ਪੰਜਾਬੀ ਵਿਸ਼ੇ ਦਾ ਪੇਪਰ ਏ.ਬੀ. ਡੇਢ ਸੌਂ ਅੰਕ ਦਾ ਹੁੰਦਾ| ਉਨ੍ਹਾਂ ਦੀ ਇੱਛਾ ਹੁੰਦੀ ਕਿ ਪੰਜਾਬੀ ਵਿਸ਼ੇ ਦੇ ਡੇਢ ਸੋ ਨੰਬਰਾਂ ਵਿਚ ਘੱਟੋ ਘੱਟ ਸੋ ਅੰਕ ਹਰ ਵਿਦਿਆਰਥੀ ਦੇ ਆਉਣੇ ਚਾਹੀਦੇ ਹਨ ਤਾਂ ਮੇਰੀ ਸੰਤੁਸ਼ਟੀ ਹੋਵੇਗੀ ਕਿ ਮੈਂ ਤੁਹਾਨੂੰ ਪੜ੍ਹਾਇਆ ਹੈ| ਉਹ ਹੁਸ਼ਿਆਰ ਵਿਦਿਆਰਥੀਆਂ ਨੂੰ ਇਹ ਵੀ ਕਹਿੰਦੇ ਕਿ ਤੁਹਾਡੇ ਅੰਕ ਪੰਜਾਬੀ ਵਿਚੋਂ ਸਵਾ ਸੌ ਤੋਂ ਉਪਰ ਹੋਣੇ ਚਾਹੀਦੇ ਹਨ| ਇਕ ਦਿਨ ਕੀ ਹੋਇਆ, ਗਿਆਨੀ ਰਣਜੀਤ ਸਿੰਘ ਪੜ੍ਹਾ ਰਹੇ ਸਨ, ਪਿਛੇ ਬੈਠੇ ਦੋ ਵਿਦਿਆਰਥੀ ਸ਼ਰਾਰਤਾਂ ਕਰ ਰਹੇ ਸਨ| ਬਾਪੂ ਦੇ ਗੁੱਸੇ ਦਾ ਪਾਰਾ ਅਸਮਾਨ ਨੂੰ ਚੜ੍ਹ ਗਿਆ|
ਉਨ੍ਹਾਂ ਕਦੇ ਵੀ ਵਿਦਿਆਰਥੀਆਂ ਲਈ ਸੋਟੀ ਦੀ ਵਰਤੋਂ ਨਹੀਂ ਸੀ ਕੀਤੀ| ਸੋਟੀ ਦੀ ਵਰਤੋਂ ਲਈ ਅਕਸਰ ਬਲਬੀਰ ਸਿੰਘ ਪੀ.ਟੀ.ਆਈ. ਮਸ਼ਹੂਰ ਸੀ, ਸੋ ਉਦੋਂ ਭਰ ਜੁਆਨ ਸੀ| ਉਹ ਅਸਕਰ ਸੈਣੀ ਘੁਮਾਉਂਦਾ ਆਉਂਦਾ ਤੇ ਸੋਟੀ ਘੁਮਾਉਂਦਾ ਚਲੇ ਜਾਂਦਾ| ਉਹ ਇਹ ਵੀ ਕਹਿੰਦੇ ਕਿ ਮੁੰਡਾ ਅਤੇ ਰੰਬਾ ਚੰਡਿਆ ਹੀ ਕੰਮ ਆਉਂਦਾ ਹੈ| ਬਾਪੂ ਰਣਜੀਤ ਸਿੰਘ ਗੁੱਸੇ ਵਿਚ ਭਰੇ ਪੀਤੇ ਕੁਰਸੀ ਤੋਂ ਉੱਠੇ ਅਤੇ ਇਹ ਕਹਿੰਦੇ ਕਲਾਸ ਵਿਚੋਂ ਬਾਹਰ ਨਿਕਲ ਗਏ, ‘ਜੇ ਨਹੀਂ ਪੜ੍ਹਨਾ ਤਾਂ ਨਾ ਪੜ੍ਹੋ, ਜੇ ਤੁਹਾਨੂੰ ਨਹੀਂ ਮੈਨੂੰ ਜ਼ਿਆਦਾ ਹੈ’|
ਅਸੀਂ ਵੇਖਿਆ ਬਾਪੂ ਰਣਜੀਤ ਸਿੰਘ ਬਾਹਰ ਧੁੱਪੇ ਕੁਰਸੀ ਡਾਹ ਕੇ ਕੰਧ ਦੇ ਨਜ਼ਦੀਕ ਜਾ ਬੈਠੇ, ਜਿੱਥੇ ਸੀਆ ਪੈਂਦਾ ਸੀ ਤੇ ਫਿਰ 1/3 ਦਿਨ ਦੀ ਛੁੱਟੀ ਲਿਖ ਕੇ ਸੈਕਿੰਡ ਮਾਸਟਰ ਦੀਵਾਨ ਚੰਦ ਨੂੰ ਭੇਜ ਦਿੱਤੀ| ਮਾਸਟਰ ਦੀਵਾਨ ਚੰਦ, ਜਿਸ ਨੂੰ ਅਸੀਂ ਆਪਣੀ ਬੋਲ ਚਾਲ ਸਮੇਂ ਅਕਸਰ ਡੀ.ਸੀ. ਸ਼ਰਮਾ ਕਹਿ ਕੇ ਗੱਲ ਕਰਦੇ ਸੀ, ਸਾਨੂੰ ਗਣਿਤ ਪੜ੍ਹਾਇਆ ਕਰਦੇ ਸਨ| ਉਸ ਦਿਨ ਮੁੱਖ ਅਧਿਆਪਕ ਸਕੂਲੋਂ ਬਾਹਰ ਸਨ| ਜਦੋਂ ਦੀਵਾਨ ਚੰਦ ਸ਼ਰਮਾ ਨੇ ਬਾਪੂ ਕੋਲ ਆ ਕੇ ਪੁੱਛਿਆ, ‘ਬਾਪੂ ਬੈਠਾ ਤਾਂ ਸਕੂਲ ਆਂ, ਫਿਰ ਛੁੱਟੀ ਕਾਹਦੀ?’
‘ਸ਼ਰਮਾ ਜੀ, ਤਨਖਾਹ ਤਾਂ ਮੈਂ ਪੜ੍ਹਾਉਣ ਦੀ ਲੈਂਦਾ ਹਾਂ ਜਦੋਂ ਮੈਂ ਪੜ੍ਹਾ ਨਹੀਂ ਰਿਹਾ ਸਗੋਂ ਧੁੱਪ ਸੇਕ ਰਿਹਾ ਹਾਂ ਤਾਂ ਮੇਰੀ ਜ਼ਮੀਰ ਨੇ ਮੈਨੂੰ ਛੁੱਟੀ ਲੈਣ ਲਈ ਪ੍ਰੇਰਿਤ ਕੀਤਾ ਹੈ ਅਤੇ ਬਾਪੁ ਨੇ ਸ਼ਰਾਰਤੀ ਬੱਚਿਆਂ ਦੀ ਸਾਰੀ ਵਿੱਥਿਆ ਮਾਸਟਰ ਦੀਵਾਨ ਚੰਦ ਨੂੰ ਬੋਲ ਸੁਣਾਈ| ਮਾਸਟਰ ਦੀਵਾਨ ਚੰਦ ਨੇ ਸਾਨੂੰ ਆਣ ਝਿੜਕਿਆ ਅਤੇ ਰੁੱਸੇ ਬਾਪੂ ਨੂੰ ਮਨਾਉਣ ਲਈ ਕਿਹਾ| ਜਦੋਂ ਅਸੀਂ ਪੰਜ ਸੱਤ ਵਿਦਿਆਰਥੀਆਂ ਨੇ ਜਾ ਕੇ ਬਾਪੂ ਰਣਜੀਤ ਸਿੰਘ ਨੂੰ ਕੁਰਸੀ ਤੋਂ ਉਠਾ ਕੇ ਕਲਾਸ ਵਿਚ ਜਾਣ ਲਈ ਕਿਹਾ ਤਾਂ ਉਨ੍ਹਾਂ ਦਾ ਸਾਰਾ ਗੁੱਸਾ ਢਲਦੇ ਸੂਰਜ ਵਾਂਗ ਹੌਲੀ ਹੌਲੀ ਅਸਤ ਹੋ ਗਿਆ ਤੇ ਉਨ੍ਹਾਂ ਦੇ ਚਿਹਰੇ ‘ਤੇ ਚੜ੍ਹਦੇ ਸੂਰਜ ਵਾਲੀ ਲਾਲੀ ਆਗਈ| ਉਹ ਲਾਸ ਵਿਚ ਆਏ ਅਤੇ ਮੁੜ ਪੜ੍ਹਾਉਣ ਲੱਗ ਪਏ ਅਤੇ ਮਾਸਟਰ ਦੀਵਾਨ ਚੰਦ ਨੇ ਉਨ੍ਰਾਂ ਦੀ ਲਿਖੀ ਛੁੱਟੀ ਦੀ ਦਰਖਾਸਤ ਦੇ ਟੋਟੇ ਟੋਟੇ ਕਰ ਦਿੱਤੇ|
ਮੈਂ ਹੁਣ ਜਦ ਮੌਜੂਦਾ ਦੌਰ ਵੱਲ ਵੇਖਦਾ ਹਾਂ ਤਾਂ ਉਨ੍ਹਾਂ ਦੀ ਤੁਲਨਾ ਬਾਪੂ ਰਣਜੀਤ ਸਿੰਘ ਨਾਲ ਕਰਦਾ ਹਾਂ ਤਾਂ ਮੇਰਾ ਸਿਰ ਆਪ ਮੁਹਾਰੇ ਬਾਪੂ ਰਣਜੀਤ ਸਿੰਘ ਵੱਲ ਨਤਮਤਸਕ ਹੋ ਜਾਂਦਾ ਹੈ|

ਸ਼ਾਸਤਰੀ ਜੀ ਦਾ ਪਹਿਲਾ ਸਬਕ
(Shastri Ji da Pehla Sabak)
ਮਨੁੱਖ ਦੀ ਜ਼ਿੰਦਗੀ ਵਿਚ ਕਈ ਖੋਟੀਆਂ ਮਿੱਠੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਅਭੁੱਲ ਯਾਦਾਂ ਬਣ ਜਾਂਦੀਆਂ ਹਨ ਅਤੇ ਚੇਤਿਆਂ ਦੀ ਚੰਗੇਰ ਵਿਚ ਰਹਿੰਦੀਆਂ ਹਨ| ਇਹ ਘਟਨਾ ਵੀ 1971 ਦੇ ਦਿਨਾਂ ਦੀ ਹੈ ਜਦੋਂ ਪਾਕਿਸਤਾਨ ਨਾਲ ਜੰਗ ਲੱਗੀ ਸੀ| ਇਨ੍ਹੀਂ ਦਿਨੀ ਮੈਂ ਸੀ. ਐਸ. ਖਾਲਸਾ ਹਾਈ ਸਕੂਲ ਗੰਡੀਵਿੰਡ ਵਿਖੇ ਛੇਵੀਂ ਕਲਾਸ ਵਿਚ ਪੜ੍ਹਦਾ ਸੀ| ਹੁਣ ਇਸ ਸਕੂਲ ਨੂੰ ਪੰਜਾਬ ਸਰਕਾਰ ਨੇ ਆਪਣੇ ਅਧੀਨ ਲੈ ਕੇ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਹੈ| ਉਸ ਸਮੇਂ ਇਸ ਸਕੂਲ ਦੇ ਹੈਡਮਾਸਟਰ ਸ੍ਰ. ਹਰਦਿਆਲ ਸਿੰਘ ਢਿੱਲੋਂ ਸਨ ਜੋ ਨਜ਼ਦੀਕ ਪਿੰਡ ਢੰਡ ਦੇ ਸਨ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਦੇ ਪ੍ਰਧਾਨ ਸਨ| ਮੇਰੇ ਪਿਤਾ ਜੀ ਉਸ ਸਮੇਂ ਗੁਰਦੁਆਰਾ ਸੰਨ੍ਹ ਸਾਹਿਬ ਦੇ ਮੈਨੇਜਰ ਸਨ| ਛੇਵੀਂ ਕਲਸ ਵਿਚ ਪੰਜਾਬੀ ਸ੍ਰ. ਸੁਜਾਨ ਸਿੰਘ ਪੜ੍ਹਾਇਆ ਕਰਦੇ ਸਨ ਜੋ ਮਾਸਟਰ ਨਹੀਂ ਸਗੋਂ ਸਕੂਲ ਵਿਚ ਬਤੌਰ ਕਲਰਕ ਸੇਵਾ ਕਰਦੇ ਸਨ|
ਹਿੰਦੀ ਸ਼ਾਸਤਰੀ ਜੀ ਪੜ੍ਹਾਇਆ ਕਰਦੇ ਸਨ| ਸ਼ਾਸਤਰੀ ਜੀ ਦਾ ਪੂਰਾ ਨਾਂ ਕੀ ਸੀ ਇਹ ਕਿਸੇ ਵੀ ਵਿਦਿਆਰਥੀ ਨੂੰ ਪਤਾ ਨਹੀਂ ਸੀ ਕਿਉਂਕਿ ਸਾਰੇ ਅਧਿਆਪਕ ਸ਼ਾਸਤਰੀ ਜੀ ਹੀ ਕਹਿ ਕੇ ਸੰਬੋਧਨ ਕਰਦੇ ਸਨ| ਸ਼ਾਸਤਰੀ ਜੀ ਕਿਤੇ ਦੂਰ ਦੇ ਸਨ, ਜਿਸ ਕਾਰਨ ਉਹ ਸਕੂਲ ਵਿਚ ਹੀ ਉਪਰ ਬਣੇ ਇਕ ਕਮਰੇ ਵਿਚ ਰਿਹਾ ਕਰਦੇ ਸਨ| ਉਹ ਹਿੰਦੀ ਦੇ ਨਾਲ ਸਾਨੂੰ ਸੋਸ਼ਲ ਸਟੱਡੀ ਵਿਚ ਪੜ੍ਹਦਿਆਂ ਕਰਦੇ ਸਨ| ਛੇਵਾਂ ਪੀਰੀਅਡ ਹਿੰਦੀ ਦਾ ਅਤੇ ਅੱਠਵਾਂ ਸੋਸ਼ਲ ਸਟੱਡੀ ਦਾ ਹੁੰਦਾ| ਰਵੇਲ ਸਿੰਘ ਸਾਇੰਸ ਪੜ੍ਹਾਇਆ ਕਰਦੇ ਸਨ ਜੋ ਪ੍ਰਿੰਸੀਪਲ ਬਣ ਕੇ ਰਿਟਾਇਰ ਹੋਏ ਸਨ|
1971 ਦੀ ਪਾਕਿਸਤਾਨ ਨਾਲ ਲੱਗੀ ਲੜਾਈ ਦੌਰਾ ਫੌਜਾਂ ਸਕੁਲ ਦੀ ਗਰਾਊਂਡ ਵਿਚ ਤੰਬੂ ਲਗਾ ਕੇ ਬੈਠੀਆਂ ਸਨ| ਉਹ ਹਫਤੇ ‘ਚ ਦੋ ਵਾਰੀ ਫੌਜੀ ਜਵਾਨਾਂ ਨੂੰ ਸਕੂਲ ਦੀ ਚਾਰਦੀਵਾਰੀ ਅੰਦਰ ਪਰਦੇ ‘ਤੇ ਫਿਲਮ ਵੀ ਦਿਖਾਉਂਦੇ ਸਨ ਪਰ ਇਹ ਫਿਲਮ ਕੇਵਲ ਫੌਜੀ ਜਵਾਨਾਂ ਲਈ ਹੀ ਹੁੰਦੀ| ਜੇ ਕੋਈ ਸਿਵਲੀਅਨ ਫਿਲਮ ਕੇਖਣੀ ਚਾਹੁੰਦਾ ਤਾਂ ਸੰਤਰੀ ਅਠਿਆਨੀ ਲੈ ਕੇ ਲੰਘਾ ਦਿੰਦਾ| ਉਸ ਸਮੇਂ ਅਠਿਆਨੀ ਭੂਆ ਤੋਂ ਮੰਗਣ ਲਈ ਹਿੰਮਤ ਨਹੀਂ ਪੈਂਦੀ ਹੈ| ਉਂਜ ਭੂਆ ਦੇ ਪਰਿਵਾਰ ਦੀ ਆਰਕਿਕ ਸਥਿਤੀ ਚੰਗੀ ਸੀ| ਮੇਰੇ ਪਿੰਡ ਉਸ ਸਮੇਂ ਪ੍ਰਾਇਮਰੀ ਸਕੂਲ ਹੀ ਸੀ ਜਿਸ ਕਾਰਨ ਮੈਂ ਭੂਆ ਕੋਲ ਰਹਿ ਕੇ ਪੜ੍ਹ ਰਿਹਾ ਸੀ| ਫਿਲਮਾਂ ਦੇ ਕੋਈ ਸ਼ੌਕੀਨ ਸੰਤਰੀ ਨੂੰ ਧੇਲੀ ਦੇ ਕੇ ਫਿਲਮ ਦੇਖ ਲੈਂਦੇ ਸਨ| ਜਦੋਂ ਇਸ ਗੱਲ ਦਾ ਪਤਾ ਸ਼ਾਸਤਰੀ ਜੀ ਨੂੰ ਲੱਗਾ ਤਾਂ ਕਹਿਣ ਲੱਗੇ, ਓਏ ਸੂਰੋ, ਪੈਸੇ ਦੇ ਕੇ ਫਿਲਮ ਦੇਖਦੇ ਹੈ, ਜਿਸ ਨੇ ਫਿਲਮ ਦੇਖਣੀ ਹੁੰਦੀ ਹੈ, ਸ਼ਾਮ ਛੇ ਵਜੇ ਆ ਜਾਇਆ ਕਰੋ| ਇਹ ਨਹੀਂ ਕਹਿਣਾ ਕਿ ਅਸੀਂ ਫਿਲਮ ਦੇਖਣੀ ਹੈ| ਤੁਸੀਂ ਕਹਿਣਾ ਅਸੀਂ ਸ਼ਾਸਤਰੀ ਜੀ ਕੋਲ ਟਿਊਸ਼ਨ ਪੜ੍ਹਨੀ ਹੈ| ਅਸੀਂ ਸਿੱਧੇ ਸ਼ਾਸਤਰੀ ਜੀ ਕੋਲ ਜਾਂਦੇ| ਉਹ ਕੁਝ ਪਤਾ ਵੀ ਦਿੰਦੇ ਅਤੇ ਕੁਝ ਗੱਪਾਂ ਸ਼ੱਪਾਂ ਵੱਜਦੀਆਂ ਤੇ ਜਦ ਫਿਲਮ ਸ਼ੁਰੂ ਹੁੰਦੀ, ਅਸੀਂ ਮਲਕਤੇ ਜਿਹੇ ਥੱਲੇ ਆਟ ਫਿਲਮ ਵੇਖਣ ਲੱਗ ਪੈਂਦੇ|
ਗੰਡੀਵਿੰਡ ਦੇ ਨਜ਼ਦੀਕ ਹੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਹੈ, ਜਿਥੇ ਬੜਾ ਭਾਰੀ ਸਾਲਾਨਾ ਜੋੜ ਮੇਲੇ ਲਗਦਾ ਹੈ| ਸਾਡੀ ਕਲਾਸ ਵਿਚ 30-35 ਵਿਦਿਆਰਕੀ ਸਨ| ਪਰ ਅੱਧੀ ਛੁੱਟੀ ਤੋਂ ਬਾਅਦ ਅਸੀਂ ਤਿੰਨ ਚਾਰ ਵਿਦਿਆਰਥੀ ਹੀ ਹਾਜ਼ਰ ਹੋਏ, ਬਾਕੀ ਸਾਰੇ ਬੀੜ ਸਾਹਿਬ ਮੇਲਾ ਵੇਖ ਬਿਨ੍ਹਾਂ ਪੜ੍ਹੇ ਹੀ ਚਲੇ ਗਹੇ| ਅਗਲੇ ਦਿਨ ਆਉਂਦਿਆਂ ਉਨ੍ਹਾਂ ਹੁਕਮ ਚਾੜਿਆ, ‘ਜਿਹੜੇ ਕੱਲ ਨਹੀਂ ਆਏ ਖੜ੍ਹੇ ਹੋ ਜਾਓ’ ਤਿੰਨ ਚਾਰ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰੇ ਖੜ੍ਹੇ ਹੋ ਗਏ|
ਸ਼ਾਸਤਰੀ ਜੀ ਨੇ ਪਤਲੀ ਛਮਕ ਜਿਹੀ ਸੋਟੀ ਮੰਗਾ ਕੇ ਸਭਨਾਂ ਦੇ ਹੱਥਾਂ ਤੇ ਚਾਰ-ਚਾਰ ਲਗਾਈਆਂ ਤੇ ਫਿਰ ਉਨ੍ਹਾਂ ਨੇ ਜੋ ਕੱਲ ਅੱਧੀ ਛੁੱਟੀ ਤੋਂ ਬਾਅਦ ਸਕੂਲ ਆਏ ਸਨ| ਉਨ੍ਹਾਂ ਨੂੰ ਖੜ੍ਹੇ ਹੋਣ ਦਾ ਹੁਕਮ ਸੁਣਾਇਆ| ਅਸੀਂ ਤਿੰਨੇ ਚਾਰੇ ਖੜ੍ਹੇ ਹੋ ਗਏ| ਉਨ੍ਹਾਂ ਲੱਤਾਂ ਥਾਣੀਂ ਕੰਨ ਫੜਨ ਲਈ ਕਿਹਾ ਅਤੇ ਸਭਨਾਂ ਦੀ ਪਿੱਠ ਤੇ ਦੋ ਦੋ ਛੱਡੀਆਂ| ਜਦੋਂ ਕੰਨ ਛੱਡੇ ਤਤਾਂ ਸਾਡੇ ਵਿਚੋਂ ਇਕ ਵਿਦਿਆਰਥੀ ਨੇ ਪੁੱਛਿਆ ਮਾਸਟਰੀ ਜੀ ਇਹ ਤਾਂ ਅੱਧੀ ਛੁੱਟੀ ਤੋਂ ਬਾਅਦ ਭੱਜ ਗਏ ਸਨ| ਇਨ੍ਹਾਂ ਇਸ ਕਰਕੇ ਸਜ਼ਾ ਪਾਈ ਹੈ ਪਰ ਸਾਨੂੰ ਸਜ਼ਾ ਕਿਸ ਗੱਲ ਦੀ ਦਿੱਤੀ ਗਈ|
ਇਹ ਕਹਾਣੀ ਸੁਣੀ ਜੇ| ਇਕ ਕਿਸਾਨ ਦੇ ਚਾਰ ਪੁੱਤਰ ਸਨ| ਆਪਸ ਵਿਚ ਲੜ੍ਹਦੇ ਝਗੜਦੇ ਰਹਿੰਦੇ ਸਨ| ਇਕ ਦਿਨ ਕਿਸਾਨ ਨੇ ਉਨ੍ਹਾਂ ਨੂੰ ਸਮਝਾਉਣ ਦੀ ਮਨਸ਼ਾ ਨਾਲ ਇਕ ਇਕ ਸੋਟੀ ਤੋੜਨ ਲਈ ਸਾਰਿਆਂ ਨੂੰ ਦਿੱਤੀ| ਸਭਨਾਂ ਨੇ ਸੋਟੀਆਂ ਭੰਨ ਦਿੱਤੀਆਂ| ਫਿਰ ਉਸ ਨੇ ਚਾਰੇ ਸੋਟੀਆਂ ਇਕੱਠੀਆਂ ਕਰਕੇ ਵਾਰੀ ਵਾਰੀ ਸਭਨਾਂ ਨੂੰ ਤੋੜਨ ਲਈ ਕਿਹਾ| ਪਰ ਇਕੱਠੀਆਂ ਚਾਰ ਸੋਟੀਆਂ ਕਿਸੇ ਤੋਂ ਵੀ ਨਾ ਟੁੱਟੀਆਂ| ਕਿਸਾਨ ਨੇ ਪੁੱਤਰਾਂ ਨੂੰ ਸਮਝਾਇਆ ਕਿ ਸਾਰੇ ਮਿਲ ਕੇ ਰਹੋ ਤਾਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ| ਆਈ ਕੋਈ ਸਮਝ? ਸ਼ਾਸਤਰੀ ਜੀ ਨੇ ਸਾਡੇ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਿਆ| ਅਸੀਂ ਚੁੱਪ ਰਹੇ| ‘ਸੂਰੋ, ਜੇ ਤੁਸੀਂ ਵੀ ਕੱਲ ਅੱਧੀ ਛੁੱਟੀ ਵੇਲੇ ਇਨ੍ਹਾਂ ਨਾਲ ਹੀ ਮੇਲਾ ਵੇਖਣ ਚਲੇ ਜਾਂਦੇ ਕੁੱਟ ਕਿਸੇ ਨੂੰ ਵੀ ਨਾ ਪੈਂਦੀ|’ ਸਾਨੂੰ ਇਵੇਂ ਜਾਪਿਆ ਜਿਵੇਂ ਸ਼ਾਸਤਰੀ ਜੀ ਨੇ ਸਾਨੂੰ ਪਹਿਲਾ ਸਬਕ ਅੱਜ ਹੀ ਪੜ੍ਹਾਇਆ ਹੋਵੇ|

ਕਿਆ ਬਾਤਾਂ ਬਈ ਚਾਚੇ ਚਿਮੋ ਦੀਆਂ
(Kya Batan Bai Chache Chimo Diyan)
ਮੇਰੇ ਪਿੰਡ ਬਾਸਰਕੇ ਗਿੱਲਾਂ ਸਾਡੇ ਗੁਆਂਢ ਇਕ ਦੁਕਾਨਦਾਰ ਚਿਮਨ ਲਾਲ ਸੀ| ਉਹ ਹੈ ਤਾਂ ਬੇਰੀ ਵਾਲੇ ਪਰਿਵਾਰ ਵਿਚੋਂ ਪਰ ਸਾਰਾ ਪਿੰਡ ਉਸਨੂੰ ਚਾਚੇ ਚਿਮੋ ਵਜੋਂ ਜਾਣਦਾ ਸੀ| ਚਾਚਾ ਚਿਮੋ ਹਰ ਇਕ ਨੂੰ ਆਪਣੇਪਨ ਦਾ ਅਹਿਸਾਸ ਕਰਾ ਦਿੰਦਾ ਜਿਸ ਕਾਰਨ ਹਰ ਬੰਦਾ ਆਪਣਾ ਸੁੱਖ ਦੁੱਖ ਉਸ ਨਾਲ ਫੋਲ ਲੈਂਦਾ ਸੀ| ਪਤਾ ਨਹੀਂ ਕਿੰਨੇ ਕੁ ਘਰਾਂ ਦੇ ਭੇਤ ਉਸਨੇ ਆਪਣੇ ਅੰਦਰ ਸਮੋਏ ਹੋਏ ਸਨ|
ਜਦੋਂ ਮੈਨੂੰ ਨੌਕਰੀ ਮਿਲੀ ਤਾਂ ਪੁਲਸ ਚੌਕੀ ਛੇਹਰਟਾਂ ਤੋਂ ਦੋ ਪੁਲਸੀਏ ਮੇਰੀ ਪੁਲਸ ਵੈਰੀਫਿਕੇਸ਼ਨ ਕਰਨ ਲਈ ਆਏ ਤਾਂ ਉਹ ਸਾਡੇ ਘਰ ਆਉਣ ਦੀ ਬਜਾਏ ਚਾਚੇ ਚਿਮੋ ਦੀ ਦੁਕਾਨ ਤੇ ਬੈਠ ਗਏ ਅਤੇ ਮੈਨੂੰ ਵੀ ਉਥੇ ਹੀ ਸੱਦ ਲਿਆ| ਚਿਮਨ ਲਾਲ ਨੇ ਮੈਂਬਰ ਪੰਚਾਇਤ ਦਰਸ਼ਨ ਲਾਲ ਨੂੰ ਖੁਦ ਬੁਲਾ ਲਿਆ ਅਤੇ ਲੋੜੀਂਦੀ ਲਿਖਤ ਪੜ੍ਹਤ ਕਰਕੇ ਮੈਂਬਰ ਪੰਚਾਇਤ ਦੇ ਦਸਖਤਖ ਕਰਵਾ ਲਏ| ਇਸ ਉਪਰੰਤ ਪੁਲਸੀਆ ਮੈਨੂੰ ਮੁਖਾਤਰ ਹੋਇਆ| ਕਿੰਨੀ ਕੁ ਤਨਖਾਹ ਮਿਲਦੀ ਏ? ਤਨਖਾਹ ਤਾਂ ਮੇਰੀ ਕੇਵਲ 273 ਰੁਪਏ ਸੀ ਪਰ ਮੈਂ ਫੂਕ ਵਿਚ ਆ ਗਿਆ| ਮਿਲ ਜਾਂਦੀ ਏ ਪੰਜ ਕੁ ਸੌ ਰੁਪਏ| ਸਾਡਾ ਦਸਵੰਧ ਹੁੰਦਾ ਏ ਕੱਢ ਫਿਰ 50 ਰੁਪਏ| ਮੈਂ ਅਜੇ ਜਕੋ ਤੱਕੀ ਵਿਚ ਹੀ ਸਾਂ ਕਿ ਹੌਲਦਾਰ ਬੋਲਿਆ ਅਸੀਂ ਤਾਂ ਇੰਨਾ ਕੁ ਹੀ ਲਿਖਣਾ ਹੁੰਦਾ ਹੈ ਕਿ ਇਸ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ| ਮੈਂ ਘਰੋਂ ਪੈਸੇ ਲੈਣ ਲਈ ਉਠਿਆ ਤਾਂ ਝੱਟ ਚਿਮੋ ਨੇ ਮੈਨੂੰ ਬਾਹੋਂ ਫੜ ਬਿਠਾਉਂਦਿਆਂ ਗੱਲੇ ‘ਚੋਂ 50 ਦਾ ਨੋਟ ਕੱਢ ਕੇ ਉਨ੍ਹਾਂ ਦੇ ਹੱਥ ਫੜਾਇਆ ਤੇ ਮੇਨੂੰ ਕਹਿਣ ਲੱਗਾ ਕੋਈ ਨਹੀਂ ਲੈ ਲਾਂਗੇ ਤੈਥੋਂ 50 ਰੁਪਏ, ਕਿਤੇ ਨਈ ਭੱਜ ਚੱਲੇ ਮੋਹਨ ਪੁੱਤਰਾਂ| ਮੇਨੂੰ ਤਾਂ ਤੈਨੂੰ ਨੌਕਰੀ ਮਿਲਣ ਦੀ ਖੁਸ਼ੀ ਹੀ ਬਹੁਤ ਹੈ|
ਉਹ ਦਿਨ ਬੜੇ ਚੰਗੇ ਸਨ| ਲੋਕ ਹਾਸਾ ਮਖੌਲ ਕਰਦੇ ਹੀ ਸਨ ਅਤੇ ਇਕ ਦੂਜੇ ਦਾ ਜਰਦੇ ਵੀ ਸਨ| ਚਾਚਾ ਚਿਮੋ ਭਾਵੇਂ ਭੱਲਿਆਂ ਦੇ ਪਰਿਵਾਰ ਵਿਚੋਂ ਸੀ ਪਰ ਕੀ ਨਿੱਕਾ ਅਤੇ ਕੀ ਵੱਡਾ ਉਹ ਸਭਨਾਂ ਦਾ ਚਾਚਾ ਚਿਮੋ ਸੀ| ਚਾਚਾ ਚਿਮੋ ਜਗਤ ਚਾਚਾ ਸੀ| ਕੱਦ 6 ਫੁੱਟ ਦੇ ਨੇੜੇ ਤੇੜੇ ਭਰਵਾਂ-ਗੁੱਦਵਾਂ ਸਰੀਰ, ਵੱਡੇ-ਵੱਡੇ ਪੈਰ ਤੇ ਭਾਰੇ ਭਾਰੇ ਹੱਥ, ਸਿਰੋਂ ਮੋਨਾ ਤੇ ਇਕ ਅੱਖ ਵਿਚ ਮਾਮੂਲੀ ਜਿਹਾ ਨੁਕਸ| ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਤੇ ਉਹ ਸਹੁਰਿਓਂ ਆਈ ਕੁੜੀਆਂ ਨਾਲ ਭਾਜੀ ਵੰਡਦੀ ਤਾਂ ਉਹ ਇਕ ਦੋ ਲੱਡੂ ਚਾਚੇ ਚਿਮੋ ਨੂੰ ਵੀ ਦੇ ਦਿੰਦੀ| ਉਹ ਕੁੜੀ ਨੂੰ ਸਿਰ ਤੇ ਹੱਥ ਫੇਰ ਕੇ ਪਿਆਰ ਦਿੰਦਾ, ਪ੍ਰਾਹੁਣਾ ਰਾਜ਼ੀ ਏ? ਚੰਗਾ ਈ ਸੋਹਰਾ ਪਰਿਵਾਰ? ਕੁੜੀ ਅੱਗੋਂ ਆਹੋ ਚਾਚਾ, ਆਹੋ ਚਾਚਾ ਕਰੀ ਜਾਂਦੀ ਤੇ ਫਿਰ ਮੁੜਨ ਲੱਗੀ ਨੂੰ ਪੁੱਛਦਾ ਕੁੜੇ ਸੱਸ ਸਹੁਰਾ ਹੈ ਈ? ਕੋਈ ਦੂਜੀ ਕੁੜੀ ਕਹਿੰਦੀ, ਚਾਚਾ ਤੂੰ ਸੱਸ ਸਹੁਰੇ ਤੋਂ ਅੰਬ ਲੈਣੇ ਆ| ਕੁੜੇ ਮੈਂ ਤਾਂ ਪੁੱਛ ਲਿਆ ਕਿ ਜੇ ਸਹੁਰਾ ਨਹੀਂ ਹੈਗਾ ਤਾਂ ਸੱਸ ਮੈਨੂੰ ਲਿਆ ਏ| ਕੁੜੀਆਂ ਖਿੜ ਖਿੜਾ ਕੇ ਹੱਸ ਪੈਂਦੀਆਂ ਤੇ ਵਿਆਹ ਵਾਲੀ ਕੁੜੀ ਮੋੜਵਾਂ ਜਵਾਬ ਦੇਂਦੀ ‘ਚਾਚਾ ਕੋਈ ਹੋਰ ਘਰ ਵੇਖ, ਜਿਊਂਦੀ ਰਹੇ ਮੇਰੀ ਸੱਸ ਅਤੇ ਪਿਉ ਵਰਗਾ ਸਹੁਰਾ’ ਤੇ ਕੁੜੀਆਂ ਭਾਜੀ ਵੰਡਣ ਅਗਲੇ ਘਰ ਚਲੇ ਜਾਂਦੀਆਂ|
ਦੱਸਦੇ ਹਨ ਕਿ ਅਸਲ ਵਿਚ ਚਾਚਾ ਚਿਮੋ ਮਰਦ ਨਹੀਂ ਸਗੋਂ ਕਿੰਨਰ ਸੀ ਜੋ ਅਖੀਰ ਤੱਕ ਭੇਤ ਹੀ ਬਣਿਆ ਰਿਹਾ| ਇਕ ਦਿਨ ਸ਼ਾਮ 5 ਕੁ ਵਜੇ ਪਿਤਾ ਜੀ ਕੰਮ ਤੋਂ ਪਰਤੇ ਤਾਂ ਚਿਮਨ ਲਾਲ ਨੇ ਉਲ੍ਹਾਮਾ ਦਿੱਤਾ ‘ਤੇਰੇ ਬਾਰੇ ਪਿੰਡ ਦੀ ਆਮ ਰਾਏ ਹੈ ਕਿ ਤੂੰ ਬਹੁਤ ਹੀ ਭਲਾਮਾਣਸ ਸ਼ਰੀਫ ਅਤੇ ਜਿਸ ਨਾਲ ਵਧੀਕੀ ਹੁੰਦੀ ਏ ਉਸ ਨਾਲ ਖਲੋਣ ਵਾਲਾ ਏਂ ਪਰ ਮੇਰੇ ਨਾਲ ਤਾਂ ਤੂੰ ਖੁਦ ਵਧੀਕੀ ਕਰ ਰਿਹਾ ਏਂ| ਚਿਮਨ ਲਾਲ ਕੀ ਵਧੀਕੀ ਹੋਈ ਏ ਤੇਰੇ ਨਾਲ? ਦੱਸ ਤਾਂ ਸਹੀ| ਗਿਆਨੀ ਆਪ ਤੇ ਤੂੰ ਚਲੇ ਗਿਉਂ ਪਰ ਜਿਹੜਾ ਤੂੰ ਮਿਸਤਰੀ ਲਾਇਆ ਏ ਉਹਨੇ ਕੰਧ ਮੇਰੀ ਥਾਂ ਤੇ ਕਰਤੀ, ਇਹ ਬੇਇਨਸਾਫੀ ਨਹੀਂ ਤਾਂ ਹੋਰ ਕੀ ਏ? ਚਿਮਨ ਲਾਲ ਪੁਰਾ ਹਿਰਖਿਆ ਖੜਾ ਸੀ| ਪਿਤਾ ਜੀ ਚਿਮਨ ਲਾਲ ਨੂੰ ਨਾਲ ਲੈ ਕੇ ਘਰ ਪੁੱਜੇ ਤਾਂ ਦੇਖਿਆ ਇਕ ਤਾਂ ਕੰਧ ਵਿਚ ਕੁੱਬ ਪੈ ਗਿਆ ਸੀ ਦੂਜਾ ਕੰਧ ਚਿਮਨ ਲਾਜਲ ਦੀ ਥਾਂ ਵਿਚ ਕਰ ਦਿੱਤੀ ਸੀ| ਮਿਸਤਰੀ ਤੇ ਮਜ਼ਦੂਰ ਨੂੰ ਹੁਕਮ ਸੁਣਾਉਣ ਵਾਲਿਆਂ ਵਾਂਗ ਕਿਹਾ ਠੇਕੇਦਾਰਾਂ ਪੂਰੀ ਕੰਧ ਢਾਹ ਦੇ ਤੇ ਜਿਥੇ ਚਿਮਨ ਲਾਲ ਕਹਿੰਦਾ ਉਥੇ ਨੀਂਹ ਰੱਖ ਦੇ|
ਇਹ ਸੁਣਦਿਆਂ ਹੀ ਚਿਮਨ ਲਾਲ ਦੀ ਸਥਿਤੀ ਇਸ ਤਰ੍ਹਾਂ ਦੀ ਹੋ ਗਈ ਜਿਵੇਂ ਜ਼ਿਆਦਾ ਭਰੀ ਹਵਾ ਨਾਲ ਫਟਣ ਤੇ ਆਏ ਟਾਇਰ ਟਿਊਬ ਵਿਚੋਂ ਹਵਾ ਨਿਕਲ ਗਈ ਹੋਵੇ| ਉਹ ਬੋਲਿਆ, ਨਾ ਠੇਕੇਦਾਰ ਇਹ ਕੰਮ ਨਾ ਕਰੀ ਗਿਆਨੀ ਦਾ ਨੁਕਸਾਨ ਹੋ ਜਾਊ| ਮੈਂ ਥਾਂ ਕਿੱਥੇ ਚੁੱਕ ਕੇ ਲਿਜਾਣਾ ਏ| ਨਾ ਮੇਰੇ ਕੋਈ ਧੀ ਨਾ ਪੁੱਤ| ਉਸ ਮੁੜ ਪੈਂਤੜਾ ਬਦਲਿਆ ਤੇ ਮੇਰੇ ਵੱਲ ਇਸ਼ਾਰਾ ਕਰਕੇ ਬੋਲਿਆ| ਇਹ ਵੀ ਤਾਂ ਮੇਰੇ ਹੀ ਧੀਆਂ ਪੁੱਤਾਂ ਵਰਗੇ ਨੇ| ਉਹਨੇ ਮਜ਼ਦੂਰ ਨੂੰ ਰਲਿਆ ਰੇਤ ਤੇ ਸੀਮੇਂਟ ਲਿਆਉਣ ਲਈ ਕਿਹਾ ਤੇ ਇਕ ਇੱਟ ਆਪ ਫੜ ਕੇ ਮਿਸਤਰੀ ਨੂੰ ਕੰਧ ਤੇ ਅਗਲਾ ਵਾਰ ਦੇਣ ਲਈ ਫੜਾ ਦਿੱਤੀ| ਸਾਡੀ ਇਹ ਕੰਧ ਅੱਜ ਵੀ ਵਿੰਗੀ ਟੇਢੀ ਹੈ ਪਰ ਚਾਚੇ ਚਿਮੋ ਦੀ ਯਾਦ ਇਸ ਕੰਧ ਵਿਚ ਸਮੋਈ ਹੋਈ ਹੈ|