Kahaniya

ਕਹਾਣੀ
ਇਹ ਗੱਲ  (EH GAL)

ਸ਼ਿਵਚਰਨ ਸਿੰਘ ਢਿੱਲੋਂ ਆਪਣੇ ਸਮੇਂ ਦੇ ਨਾਮੀ ਗਰਾਮੀ ਅਫਸਰ ਅਤੇ ਸਰਗਰਮ ਮੁਲਾਜ਼ਮ ਆਗੂ ਸੀ| ਕਈ ਵਾਰ ਜੇਲ੍ਹ ਵੀ ਗਿਆ ਸੀ, ਰੂਪੇਸ਼ ਵੀ ਰਿਹਾ ਸੀ ਅਤੇ ਭੁੱਖ ਹੜਤਾਲਾਂ ਵੀ ਕੀਤੀਆਂ ਸਨ| ਉਹ ਮੈਟ੍ਰਿਕ ਕਰਕੇ ਫੂਡ ਸਪਲਾਈ ਵਿਭਾਗ ਵਿਚ ਸਬ ਇੰਸਪੈਕਟਰ ਵਜੋਂ ਭਰਤੀ ਹੋਇਆ ਸੀ| ਨੌਕਰੀ ਕਰਨ ਦੇ ਨਾਲ ਪ੍ਰਾਈਵੇਟ ਪੜ੍ਹਦਾ ਵੀ ਰਿਹਾ| ਪਹਿਲਾਂ ਗਿਆਨੀ ਕੀਤੀ ਤੇ ਫਿਰ ਬੀ. ਏ. ਕਰ ਲਈ| ਉਹ ਆਪਣੀ ਮਿਹਨਤ ਤੇ ਨਾਨਕਿਆਂ ਦੀ ਹੱਲਾਸ਼ੇਰੀ ਨਾਲ ਆਪਣੀ ਮੰਜ਼ਿਲ ਵੱਲ ਵਧਦਾ ਗਿਆ| ਉਸ ਦਾ ਮਾਮਾ ਜੋ ਖੇਤੀਬਾੜੀ ਇੰਸਪੈਕਟਰ ਭਰਤੀ ਹੋ ਕੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਤਾਇਨਾਤ ਸੀ, ਉਸ ਲਈ ਪ੍ਰੇਰਨਾ, ਸਰੋਤ ਸੀ| ਢਿੱਲੋਂ ਦੇ ਚਾਚੇ-ਤਾਏ ਸਰਕਾਰੀ ਨੌਕਰ ਤਾਂ ਕੀ ਹੋਣੇ ਸਨ, ਪੜ੍ਹੇ ਲਿਖੇ ਵੀ ਨਹੀਂ ਸਨ ਪਰ ਸ਼ਿਵਚਰਨ ਸਿੰਘ ਢਿੱਲੋਂ ਆਪਣੀ ਮਿਹਨਤ ਅਤੇ ਲਗਨ ਕਰਕੇ ਸਹਾਇਕ ਫੂਡ ਸਪਲਾਈ ਅਫਸਰ ਵਜੋਂ ਸੇਵਾਮੁਕਤ ਹੋਇਆ ਸੀ| ਗਿਆਨੀ ਕਰਨ ਸਮੇਂ ਉਹ ਸਾਹਿਤਕ ਰੰਗ ਵਿਚ ਰੰਗਿਆ ਗਿਆ ਸੀ ਅਤੇ ਸਾਹਿਤਕ ਸਿਰਜਨਾ ਕਰਨ ਲੱਗ ਪਿਆ ਸੀ|
ਉਹ ਜਦੋਂ ਵੀ ਮੀਟਿੰਗ ਵਿਚ ਆਉਂਦਾ ਤਾਂ ਆਪਣੀ ਸਰਵਿਸ ਦੌਰਾਨ ਕੀਤੇ ਕੰਮ ਅਤੇ ਨੇਤਾ ਗਿਰੀ ਦੇ ਕਿੱਸੇ ਛੋਹ ਬੈਠਦਾ| ਉਹ ਗੱਲ ਕੀ ਲੜੀ ਟੁੱਟਣ ਨਾ ਦਿੰਦਾ| ਉਸ ਦੀ ਇਸ ਆਦਤ ਤੋਂ ਸਾਰੇ ਦੁਖੀ ਸਨ ਪਰ ਬੋਲਦਾ ਕੋਈ ਨਾ, ਬਿੱਲੀ ਦੇ ਗਲ ਟੱਲੀ ਕੌਣ ਬੰਨੇ? ਮੀਟਿੰਗ ਵਿਚ ਸਾਰੇ ਚੁੱਪ ਕਰਕੇ ਉਸ ਦੀ ਗੱਲ ਸੁਣੀ ਜਾਂਦੇ ਪਰ ਮੈਨੂੰ ਕਹਿੰਦੇ ਜਨਰਲ ਸਕੱਤਰ ਸਾਹਿਬ ਇਸ ਬੁੱਢੇ ਸ਼ੇਰ ਨੂੰ ਨਾ ਸੱਦਿਆ ਕਰੋ, ਇਹ ਤਾਂ ਕਿਸੇ ਹੋਰ ਨੂੰ ਗੱਲ ਵੀ ਨਹੀਂ ਕਰਨ ਦਿੰਦਾ| ਇਕ ਤਾਂ ਮੈਨੂੰ ਜਨਰਲ ਸਕੱਤਰ ਦੇ ਫਰਜ਼ਾਂ ਦਾ ਅਹਿਸਾਸ ਹੁੰਦਾ ਹੈ| ਦੂਜਾ ਮੈਂ ਉਸਦੇ ਬਜ਼ੁਰਗ ਹੋਣ ਕਰਕੇ ਸਤਿਕਾਰ ਵੀ ਕਰਦਾ| ਮੇਰੇ ਕਈ ਸਾਥੀਆਂ ਗਿਲਾ ਕੀਤਾ| ਉਹ ਤਾਂ ਤੁਹਾਨੂੰ ਵੀ ਨਹੀਂ ਬਖ ਦਾ ਜਦੋਂ ਮੌਕਾ ਮਿਲੇ, ਬਥੇਰਾ ਤੁਹਾਡੇ ਖਿਲਾਫ ਜ਼ਹਿਰ ਉਗਲਦਾ| ਕਹਿੰਦਾ, ਕੀ ਜਨਰਲ ਸਕੱਤਰੀ ਦਾ ਤੁਸੀਂ ਇਹਦੇ ਨਾਂਅ ਪਟਾ ਕਰਾਇਆ? ਜਨਰਲ ਸਕੱਤਰੀ ਹਰ ਨਹੀਂ ਕੋਈ ਕਰ ਸਕਦਾ| ਮੈਂ ਹਾਜ਼ਰ ਹਾਂ ਜਿਥੇ ਮਰਜ਼ੀ ਸੇਵਾਵਾਂ ਲਓ| ਗੱਲ ਉਸ ਦੀ ਸਾਰੇ ਸੁਣ ਲੈਂਦੇ ਪਰ ਉਹਦੀ ਗੱਲ ਦੀ ਹਾਮੀ ਕੋਈ ਨਾ ਭਰਦਾ| ਪਰ ਮੈਂ ਸਬਰ ਦਾ ਪੱਲਾ ਨਾ ਛੱਡਦਾ ਅਤੇ ਸਲਾਹ ਦਿੰਦਾ, ਯਾਰ ਉਸਦੀ ਗੱਲ ਦਾ ਬੂਹਾ ਨਾ ਮਨਾਇਆ ਕਰੋ, ਜਦੋਂ ਬੰਦਾ ਸੱਤਰਿਆ-ਬਹੱਤਰਿਆ ਹੋ ਜਾਵੇ ਤਾਂ ਉਸ ਦੀਆਂ ਆਦਤਾਂ ਅਤੇ ਸੁਭਾਅ ਜਿੱਦੀ ਬੱਚੇ ਵਰਗਾ ਹੋ ਜਾਂਦਾ ਹੈ|
ਅੱਜ ਤਾਂ ਉਸ ਦੀ ਮੀਟਿੰਗ ਵਿਚ ਹੱਦ ਕਰ ਦਿੱਤੀ ਜਦੋਂ ਸੀਨੀਅਰ ਮੈਂਬਰ ਹਰਬੰਸ ਲਾਲ ਸ਼ਰਮਾ ਨੇ ਜਦੋਂ ਢਿੱਲੋਂ ਬੋਲਣੋਂ ਨਾ ਹਟਿਆ ਤਾਂ ਉਸ ਘਰ ਜਾਣ ਦੀ ਇਜਾਜਤ ਮੰਗ ਲਈ| ਢਿੱਲੋਂ ਇਕਦਮ ਕੱਪੜਿਉਂ ਬਾਹਰ ਹੋ ਗਿਆ, ਮੈਨੂੰ ਮੁਰਖ ਸਮਝਦੇ ਹੋ, ਜੋ ਐਵੇਂ ਬੋਲੀ ਜਾਨਾ| ਜੇ ਮੇਰੀ ਗੱਲ ਨਹੀਂ ਸੁਣਨੀ ਤਾਂ ਮੈਨੂੰ ਸੱਦਿਆ ਕਿਉਂ? ਮੈਂ ਕਿੰਨੇ ਕੰਮ ਦੀਆਂ ਤਜਰਬੇ ਦੀਆਂ ਗੱਲਾਂ ਸਾਂਠੀਆਂ ਕਰ ਰਿਹਾ ਹਾਂ| ਅਸੀਂ ਸਾਰੇ ਢਿੱਲੋਂ ਦੇ ਵਿਹਾਰ ਤੋਂ ਪ੍ਰੇਸ਼ਾਨ ਹੋ ਗਏ ਅਤੇ  ਰਮਾ ਜੀ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ| ਮੀਟਿੰਗ ਬਰਖਾਸਤ ਹੋ ਗਈ ਅਤੇ ਘਰਾਂ ਨੂੰ ਚੱਲ ਪਏ| ਅਸੀਂ ਤਿੰਨ-ਚਾਰ ਜਣੇ ਬੀਅਰ ਬਾਰ  ਵਿਚ ਜਾ ਬੈਠੇ| ਜਦੋਂ ਦੋ-ਦੋ ਪੈੱਗ ਅੰਦਰ ਗਏ ਤਾਂ ਮੈਂ ਢਿੱਲੋਂ ਨੂੰ ਮੁਖਾਤਿਬ ਹੋਇਆ, ਢਿੱਲੋਂ ਸਾਹਿਬ ‘ਅੱਜ ਤੁਸੀਂ ਜੋ ਵਿਹਾਰ ਸ਼ਰਮਾ ਜੀ ਨਾਲ ਕੀਤਾ ਠੀਕ ਨਹੀਂ ਸੀ|
‘ਤੁਸੀਂ ਠੀਕ ਕਿਹਾ ਪਰ ਤੁਸੀਂ ਮੇਰੇ ਦਰਦ ਨੂੰ ਸਮਝਦੇ ਕਿਉਂ ਨਹੀਂ?  ਢਿੱਲੋਂ ਸਾਹਿਬ ਕਿੱਥੇ ਹੁੰਦਾ ਦਰਦ, ਕੋਈ ਸਾਨੂੰ ਵੀ ਸਮਝ ਲੱਗੇ, ਸ਼ਾਇਦ ਕੋਈ ਇਲਾਜ ਹੋ ਜੇ|’ ਸੰਧੂ ਨੇ ਦੁਖਦੀ ਰਗ ‘ਤੇ ਹੱਥ ਧਰਿਆ| ਦੇਖੋ ਗਿੱਲ ਸਾਹਿਬ, ਉਹ ਮੈਨੂੰ ਮੁਖਾਤਿਬ ਹੁੰਦਿਆਂ ਬੋਲਿਆ, ‘ਮੈਂ ਸਾਰੀ ਉਮਰ ਲੇਤਾਗਿਰੀ ਕੀਤੀ| ਘੰਟਿਆਂ ਬੰਧੀ ਬੋਲ ਸਕਦਾਂ ਪਰ ਹੁਣ ਮੇਰੀ ਕੋਈ ਸੁਣਨ ਵਾਲਾ ਹੀ ਨਹੀਂ| ਜੇ ਤੁਸੀਂ ਵੀ ਮੇਰੀ ਗੱਲ ਨਹੀਂ ਸੁਣਨੀ ਤਾਂ ਕਿਸਨੂੰ ਸੁਣਾਵਾਂ| ਮੈਂ ਉਹਦੇ ਚਿਹਰੇ ਵੱਲ ਵੇਖਿਆ, ਉਸ ਦੀਆਂ ਉਦਾਸ ਅੱਖਾਂ ਵਿਚੋਂ ਪਾਣੀ ਛਲਕ ਆਇਆ ਸੀ|                                                                                                                          (1)

ਅਮਰਵੇਲ (AMARVAIL)

ਭਾਦਰੋਂ ਦਾ ਮਹੀਨਾ ਹੁੰਮਤ ਭਰੇ ਦਿਨ| ਸਾਉਣ ਤਾਂ ਸਾਰਾ ਸੁੱਕਾ ਹੀ ਲੰਘ ਗਿਆ| ਜਦੋਂ ਕਾਲੇ ਬੱਦਲ ਚੜ੍ਹ ਕੇ ਆਉਂਦੇ, ਕਿਸਾਨਾਂ ਦੇ ਚਿਹਰੇ ਖਿੜ ਜਾਂਦੇ ਪਰ ਜਦੋਂ ਬੱਦਲ ਬਿਨਾਂ ਵਰ੍ਹੇ ਅੱਗੇ ਲੰਘ ਜਾਂਦੇ ਤਾਂ ਕਿਸਾਨਾਂ ਦੀ ਹਾਲਤ ਉਸ ਕਬੱਡੀ ਟੀਮ ਦੇ ਹਮਾਇਤੀਆਂ ਵਰਗੀ ਹੁੰਦੀ, ਜਿਸ ਦਾ ਖਿਡਾਰੀ ਰੇਡ ਪਾਉਣ ਤਾਂ ਬੜੇ ਉਤਸ਼ਾਹ ਨਾਲ ਜਾਂਦਾ ਪਰ ਬਿਨਾਂ ਨੰਬਰ ਲਿਆਂ ਪਰਤ ਆਉਂਦਾ ਹੋਵੇ| ਸੁਆਣੀਆਂ ਦੀ ਆਸ ਨੂੰ ਵੀ ਬੂਰ ਨਾ ਪੈਂਦਾ ਜੋ ਠੰਡਾ ਮੌਸਮ ਹੋਣ ‘ਤੇ ਖੀਰ ਪੂੜੇ ਪਕਾਉਣ ਦੀ ਇੱਛਾ ਰੱਖਦੀਆਂ ਹਨ| ਉਨ੍ਹਾਂ ਦੀ ਇਹ ਇੱਛਾ ਫੌਜੀ ਦੇ ਛੁੱਟੀ ਆਉਣ ਦੀ ਉਡੀਕ ਵਾਂਗ ਲੰਮੀ ਹੁੰਦੀ ਜਾਂਦੀ| ਜੇ ਰਾਤ ਛਿੱਟਾਂ ਪੈ ਵੀ ਜਾਂਦੀਆਂ ਤਾਂ ਫਿਰ ਹੁਮਤ ਸ਼ਰਾਬੀ ਦੀ ਬੋਅ ਵਾਂਗ ਵੱਜਦਾ| ਮੀਂਹ ਘੱਟ ਪੈਣ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਘੱਟ ਗਿਆ ਹੈ ਪਰ ਬਿਜਲੀ ਦੀ ਮੰਗ ਗਰੀਬ ਦੀ ਭੁੱਖ ਵਾਂਗ ਵਧਦੀ ਜਾਂਦੀ ਹੈ| ਬਿਜਲੀ ਅੱਖ ਮਟੱਕਾ ਖੇਡਣ ਲੱਗ ਪਈ ਹੈ| ਬਿਜਲੀ ਆਉਂਦੀ ਤਾਂ ਜਾਨ ਪੈ ਜਾਂਦੀ, ਬਿਜਲੀ ਜਾਂਦੀ ਤਾਂ ਬੇਚੈਨੀ ਵੱਧ ਜਾਂਦੀ| ਨੀਂਦ ਉੱਡ-ਪੁੱਡ ਜਾਂਦੀ ਤੇ ਮੱਛਰ ਭੀਂ-ਭੀਂ ਕਰਕੇ ਆਪਣਾ ਰਾਗ ਅਲਾਪਦੇ| ਮੱਛਰ ਕਦੇ ਪੈਰਾਂ ‘ੇ ਲੜਦਾ ਤੇ ਕਦੇ ਕੰਨ ਲਾਗੇ ਭੀਂ-ਭੀਂ ਦਾ ਰਾਗ ਛੇੜ ਬੈਠਦਾ| ਸਾਰੀ ਰਾਤ ਸਿਮਰੋ ਦੀ ਅੱਖ ਨਾ ਲੱਗੀ|
ਸਿਮਰੋ ਦੇ ਦੋ ਭਰਾ-ਭਰਜਾਈਆਂ ਅੱਡੋ-ਅੱਡ ਆਪਣੀਆਂ ਪਕਾਉਂਦੇ ਤੇ ਆਪਣੀਆਂ ਖਾਂਦੇ ਸਨ| ਸਿਮਰੋ ਦੀ ਮਾਂ ਤਾਰੋ, ਗੇਜੇ ਨਾਲ ਅੱਡ ਰਹਿੰਦੀ ਸੀ ਜੋ ਅਜੇ ਕੁਆਰਾ ਸੀ| ਜਦੋਂ ਸਿਮਰੋ ਪੇਕੇ ਆਉਂਦੀ ਤਾਂ ਉਹ ਮਾਂ ਨੂੰ ਕੰਮ ਨਾ ਕਰਨ ਦਿੰਦੀ| ਮਾਂ ਬਥੇਰਾ ਰੋਕਦੀ, ‘ਨੀ, ਇੱਥੇ ਆ ਕੇ ਤਾਂ ਆਰਾਮ ਕਰ ਲਿਆ ਕਰ|’
‘ਬੀਬੀ ਮੈਂ ਵਿਹਲੀ ਰਹਿ ਕੇ ਮੋਟੀ ਨਹੀਂ ਹੋਣਾ| ਮੈਂ ਸੱਸ ਵਾਂਗ ਬੇੜ-ਬੁਲਾ ਨਹੀਂ ਬਣਨਾ| ਮੋਟੇ ਬੰਦੇ ਕੋਲੋਂ ਤਾਂ ਤੁਰ ਵੀ ਨਹੀਂ ਹੁੰਦਾ| ਅੱਗੇ ਚੰਨ ਦਾ ਫੁੱਫੜ ਬੀਜੀ ਨੂੰ ਟੁਨ-ਟੁਨ ਕਹਿ ਮਖੌਲ ਕਰਦਾ ਏ|’
‘ਚੱਲ ਤੈਨੂੰ ਕੀ, ਉਹ ਨਨਾਣਵੱਈਆ ਤੇ ਉਹ ਸਾਲੇਹਾਰ ਆਪਸੀ ਜਾਣਨ|’
‘ਪਰ ਬੀਬੀ, ਹੁਣ ਤੇਰੀ ਉਮਰ ਆਰਾਮ ਕਰਨ ਦੀ ਹੈ, ਮੇਰੀ ਨਹੀਂ| ਮੈਂ ਤਾਂ ਆਪਣੀ ਸੱਸ ਨੂੰ ਵੀ ਕੰਮ ਨਹੀਂ ਕਰਨ ਦਿੰਦੀ|
‘ਪੁੱਤ ਇਸੇ ਤਰ੍ਹਾਂ ਈ ਆ, ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ, ਜੇ ਤੂੰ ਉਹਨੂੰ ਕੰਮ ਨਹੀਂ ਕਰਨ ਦਿੰਦੀ ਤਾਂ ਉਹ ਵੀ ਤੇਰੀਆਂ ਸਿਫਤਾਂ ਕਰਦੀ ਨਹੀਂ ਥੱਕਦੀ| ਮੇਰੀ ਸਿਮਰੋ, ਮੇਰੀ ਸਿਮਰੋ ਕਰਦੀ ਫਿਰਦੀ ਏ|’
ਸਵੇਰੇ ਰੋਟੀ-ਟੁੱਕ ਤੋਂ ਵਿਹਲੀ ਹੋ ਕੇ ਸਿਮਰੋ ਵਿਹੜੇ ਵਿਚ ਲੱਗੇ ਨਿੰਮ ਥੱਲੇ ਲੰਮੀ ਪੈ ਗਈ| ਠੰਢੀ-ਠਢੀ ਹਵਾ ਨਾਲ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਉਹਦੀ ਅੱਖ ਲੱਗ ਗਈ| …. ਤੇ ਫਿਰ ਉਹ ਸੁੱਤੀ ਬੁੜਬੁੜਾਉਣ ਲੱਗ ਪਈ| ‘ਬਚਾਓ, ਇਨ੍ਹਾਂ ਮੈਨੂੰ ਨੋਚ ਲੈਣਾ ਜੇ|’ … ਤੇ ਫਿਰ ਉਸ ਦੀ ਜਾਗ ਖੁੱਲ੍ਹ ਗਈ ਤੇ ਉਹ ਵਾਗਰੂ-ਵਾਗਰੂ ਕਰਨ ਲੱਗ ਪਈ| ਉਹਨੇ ਨਾਲ ਪਈ ਦੋ ਕੁ ਸਾਲ ਦੀ ਬੱਚੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ| ਧੀ ਨੂੰ ਬੁੜਬੁੜਾਉਂਦੀ ਸੁਣ ਉਹਦੀ ਮਾਂ ਤਾਰੋ ਭੱਜੀ ਆਈ| ‘ਕੁੜੇ ਸਿਮਰੋ ਕੀ ਹੋਇਆ ਈ? ਕੋਈ ਭੈੜਾ ਸੁਪਨਾ ਵੇਖਿਆ ਈ?’
‘ਹਾਂ ਮਾਂ – ਨਾ ਮਾਂ,’ ਉਹਨੇ ਮਾਂ ਨੂੰ ਕੋਈ ਲੜ ਪੱਲਾ ਨਾ ਫੜਾਇਆ| ਤਾਰੋ ਨੇ ਸਿਮਰੋ ਦੇ ਮੱਥੇ ‘ਤੇ ਹੱਥ ਫੇਰਿਆ, ਉਹ ਤਰੇਲੀ ਨਾਲ ਭਿੱਜੀ ਪਈ ਸੀ| ਮਾਂ ਦੀ ਮਮਤਾ ਜਾਗੀ, ‘ਤਾਂ ਵੀ ਕੀ ਹੋਇਆ, ਕੁਝ ਦੱਸ ਤਾਂ ਸਹੀ?’ ਤਾਰੋ ਨੇ ਅਪਣੱਤ ਨਾਲ ਪੁੱਛਿਆ|
‘ਕੁਝ ਨਹੀਂ ਬੀਬੀ’ ਉਹ ਪਲ ਕੁ ਚੁੱਪ ਰਹੀ ਤੇ ਫਿਰ ਬੋਲੀ, ‘ਬੀਬੀ ਮੈਂ ਬੜਾ ਭਿਆਨਕ ਸੁਪਨਾ ਵੇਖਿਆ, ਬਹੁਤ ਹੀ ਡਰਾਉਣਾ| ਮੈਂ ਜੰਗਲ ਵਿਚ ਗੁਆਚ ਗਈ ਆਂ, ਮੇਰੇ ਅੱਗੇ ਪਿੱਛੇ ਖੂੰਖਾਰ ਜਾਨਵਰ ਹਨ| ਚੀਤੇ, ਬਘਿਆੜ, ਹਾਥੀ, ਸੱਪ ਤੇ ਸ਼ੇਰ| ਮੈਂ ਇਨ੍ਹਾਂ ਤੋਂ ਬਚਣਲਈ ਤੇਜ਼-ਤੇਜ਼ ਦੌੜਦੀ ਹਾਂ| ਕਦੇ ਝਾੜੀਆਂ ਪਿੱਛੇ ਲੁਕਦੀ ਹਾਂ ਤੇ ਕਦੇ ਦਰੱਖਤਾਂ ਦੇ ਤਣੇ ਫੜ ਉਪਰ ਚੜ੍ਹਦੀ ਹਾਂ| ਪਰ ਖੂੰਖਾਰ ਜਾਨਵਰ ਨਸ਼ਈ ਨੂੰ ਲੱਗੇ ਨਸ਼ੇ ਵਾਂਗ ਮੇਰਾ ਪਿੱਛਾ ਨਹੀਂ ਛੱਡਦੇ| ਫਿਰ ਮੈਂ ਤੇਜ਼-ਤੇਜ਼ ਦੌੜਦੀ ਹਫ ਕੇ ਡਿੱਗ ਪੈਂਦੀ ਹਾਂ| ਜਾਨਵਰ ਮੇਰੇ ‘ਤੇ ਝਪੜ ਪੈਂਦੇ ਹਨ| ਮੈਂ ਬਚਾਓ-ਬਚਾਓ ਇਨ੍ਹਾਂ ਮੈਨੂੰ ਨੋਚ ਲੈਣਾ ਜੇ ਦਾ ਰੋਲਾ ਪਾਉਂਦੀ ਆਂ|’
‘ਚੱਲ ਛੱਡ, ਸੁਪਨੇ ਸੱਚ ਨਹੀਂ ਹੁੰਦੇ|’
‘ਬੀਬੀ ਇਹ ਸੁਪਨਾ , ਸੁਪਨਾ ਨਹੀਂ ਇਹ ਤਾਂ ਕੌੜਾ ਸੱਚ ਏ, ਜੋ ਮੇਂ ਹੰਢਾ ਰਹੀ ਆਂ| ਤੂੰ ਮੇਰੇ ਨਾਲ ਦਿਲ ਰੱਖਵੀਆਂ ਨਾ ਕਰ, ਮੈਂ ਹੁਣ ਕੋਈ ਨਿਆਣੀ ਨਹੀਂ ਜੋ ਝੂਠੇ ਦਿਲਾਸਿਆਂ ‘ਚ ਆਜਾਂ| ਮੈਂ ਤਾਂ ਇਹ ਸੰਤਾਪ ਭੋਗ ਰਹੀ ਹਾਂ|’
‘ਨਾ ਮੇਰੀ ਬੀਬੀ ਧੀ, ਦਿਲ ਨਾ ਛੋਟਾ ਕਰ ਪ੍ਰਮਾਤਮਾ ਭਲੀ ਕਰੇਗਾ|’
‘ਮਾਏ ਮੇਰੀਏ, ਪ੍ਰਮਾਤਮਾ ਨੂੰ ਕੀ ਦੋਸ਼ ਦੇਵਾਂ, ਮੇਰੀਆਂ ਬੇੜੀਆਂ ‘ਚ ਵੱਟੇ ਤਾਂ ਬਾਪ ਨੇ ਪਾਏ ਨੇ| ਜੇ ਬਾਪੂ ਵੀਰ ਦੇ ਆਖੇ ਲੱਗ ਜਾਂਦਾ ਤਾਂ ਮੈਨੂੰ ਇਹ ਦਿਨ ਨਾ ਵੇਖਣੇ ਪੈਂਦੇ| ਬੀਬੀ ਯਾਦ ਈ? ਜਦੋਂ ਚੰਨ ਨੂੰ ਵੇਖਣ ਗਏ ਤਾਂ ਵੱਡੇ ਵੀਰ ਕਿਹਾ ਵੀ ਸੀ ਕਿ ਘਰ ਤਾਂ ਥੱਲਿਓਂ ਵੀ ਕੱਚਾ ਏ ਤੇ ਛੱਤ ਵੀ ਬਾਲਿਆਂ ਦੀ ਆ| ਹਿਹਦੀ ਮਾਂ ਤਾਂ ਅਜੇ ਵੀ ਗੋਹੇ ਬਾਲਕੀ ਹੈ| ਸਾਡੀ ਭੈਣ ਸੋਹਣੀ-ਸੁਨੱਖੀ, ਹੱਥ ਲਾਇਆਂ ਮੈਲੀ ਹੁੰਦੀ ਹੈ ਤੇ ਹੱਥਾਂ ਦੀ ਸਚਿਆਰੀ| ਸੀਣਾ-ਪਰੋਣਾ ਇਹ ਜਾਣਦੀ ਹੈ, ਭਾਵੇਂ ਪੱਖੀਆਂ ਉਣਾ ਲਓ ਤੇ ਭਾਵੇਂ ਦਰੀਆਂ, ਭਾਵੇਂ ਚਾਦਰਾਂ ਕਢਾ ਲਓ ਤੇ ਭਾਵੇਂ ਕਰੋਸ਼ੀਏ ਤੰਦ ਪਵਾ ਲਉ| ਭੈਣ ਸਾਡੀ ਨੂੰ ਮੁੰਡਿਆਂ ਦਾ ਘਾਟਾ ਹੈ? ਪਰ ਪਿਓ ਮੇਰਾ ਹੀ ਮੇਰਾ ਦੁਸ਼ਮਣ ਬਣ ਗਿਆ| ਕਹਿੰਦਾ ਮੇਰੀ ਇਸ ਦੇ ਪਿਓ ਨਾਲ ਜੁਬਾਨ ਹੋਈ ਸੀ, ਮੈਂ ਥੁੱਕ ਕੇ ਨਹੀਂ ਚੱਟਣਾ| ਘਰ ਨੂੰ ਕੀ ਆ, ਬੰਦੇ ਹੋਏ ਤਾਂ ਘਰ ਬਥੇਰੇ| ਮੁੰਡਾ ਪੰਚਾਇਤ ਸਕੱਤਰ ਲੱਗਾ| ਧੀ ਮੇਰੀ ਪੜ੍ਹੀ ਲਿਖੀ, ਸਾਥ ਦਉ ਕਮਾਈ ਕਰਨਗੇ ਲੈਂਟਰ ਵੀ ਪੈਜੂ ਤੇ ਫਰਸ਼ ਵੀ| ਬਾਰਾਂ ਏਕੜ ਭੋਇੰ, ਛੇ ਕਿਲ੍ਹੇ ਹਿੱਸੇ ਵੀ ਆਉਂਦੀ ਹੈ, ਹੋਰ ਕੀ ਲੈਣਾ| ਮੀਤਿਆ, ਆਪਣੇ ਪਿੰਡ ਆਉਂਦੇ ਛਟਾਂਕੀ ਜਿਹੇ ਪੰਚਾਇਤ ਸਕੱਤਰ ਨੂੰ ਜਾਣਦੈ? ਪਹਿਲਾਂ ਬੱਸ ‘ਤੇ ਆਉਂਦਾ ਸੀ ਫਿਰ ਮੋਟਰਸਾਈਕਲ ਲਿਆ ਤੇ ਹੁਣ ਲੰਮੀ ਸਾਰੀ ਕਾਰ ਲਈ ਫਿਰਦਾ ਹੈ| ਬੀਬੀ, ਬਾਪੂ ਨੇ ਮੇਰਾ ਰਿਸ਼ਤਾ ਕਾਹਦਾ ਕੀਤਾ, ਮੇਰੀ ਕਿਸਮਤ ਨੂੰ ਤਾਲਾ ਮਾਰ ਆਇਆ| ਗੱਲ ਤਾਂ ਉਂਜ ਬਾਪੂ ਦੀ ਵੀ ਠੀਕ ਸੀ, ਇਹਦੇ ਨਾਲ ਦੇ ਵੱਡੀਆਂ-ਵੱਡੀਆਂ ਕਾਰਾਂ ਲਈ ਫਿਰਦੇ ਐ ਤੇ ਸ਼ਹਿਰ ਕੋਠੀਆਂ| ਇੱਕ ਚੰਨ ਏ ਜਿਸ ਦੀ ਕੋਈ ਤਨਖਾਹ ਵੀ ਦੇ ਕੇ ਰਾਜ਼ੀ ਨਹੀਂ|’ ਉਹਨੇ ਚੁੰਨੇ ਦੇ ਪੱਲੇ ਨਾਲ ਅੱਖਾਂ ਪੂੰਝੀਆਂ|
‘ਕਿਉਂ ਕੁੜੇ ! ਤਨਖਾਹ ਕਿਉਂ ਨਹੀਂ ਮਿਲਦੀ?’ ਮਾਂ ਨੇ ਜਾਣਨਾ ਚਾਹਿਆ|
‘ਜਦੋਂ ਡਿਊਟੀ ‘ਤੇ ਜਾਣਾ ਨਹੀਂ, ਕੰਮ ਕਰਨਾ ਨਹੀਂ, ਸਰਪੰਚ ਮਗਰ-ਮਗਰ ਤੁਰੇ ਫਿਰਦੇ ਸਾਡਾ ਰਿਕਾਰਡ ਮੁਕੰਮਲ ਕਰਦੇ ਨੇ, ਇਨ੍ਹੇ ਆਪਣੀ ਮਸਤੀ ‘ਚ ਰਹਿਣਾ| ਜਦੋਂ ਕੰਮ ਨਹੀਂ ਕਰਨਾ ਤਾਂ ਤਨਖਾਹ ਕਾਹਦੀ ਲੈਣੀ ਹੈ| ਜੇ ਤਨਖਾਹ ਮਿਲਦੀ ਏ ਤਾਂ ਖਾ-ਚੱਟ ਜਾਂਦੈ| ਇਕ ਛੁੱਟਣ ਨਾਲ ਪਾਇਆ ਯਰਾਨਾ, ਰਹਿੰਦੀ-ਖੂੰਹਦੀ ਕਸਰ ਇਹ ਪੂਰੀ ਕਰੀ ਜਾਂਦੀ ਹੈ| ਮੈਂ ਕੀਹਦੇ ਅੱਗੇ ਰੋਵਾਂ, ਮੇਰੀ ਤਾਂ ਕੋਈ ਸੁਣਨ ਵਾਲਾ ਵੀ ਨਹੀਂ| ਪਿਉ ਵੀ ਤੁਰ ਗਿਆ ਤੇ ਸਹੁਰਾ ਵੀ| ਜੇਠ-ਜਠਾਣੀ ਵੀ ਕਹਿੰਦੇ ਬੀਬਾ ਆਪਣਾ ਘਰ ਸੰਭਾਲੋ, ਜੇ ਬਹੁਤੀ ਗੱਲ ਗੱਲ ਏ ਤਾਂ ਮਾਤਾ ਮੇਰੇ ਵੱਲ ਭੇਜ ਦਿਓ| ਮੈਂ ਦੋ ਰੋਟੀਆਂ ਖੁਣੋਂ ਸੱਸ ਨੂੰ ਧੱਕਾ ਦੇ ਦਿਆਂ? ਜੇ ਸੱਸ ਵੀ ਉਧਰ ਚਲੀ ਗਈ ਤਾਂ ਫਿਰ ਮੇਰਾ ਕੌਣ ਆ? ਮੈਂ ਇਸ ਬੰਦੇ ਨਾਲ ਬਥੇਰੀਆਂ ਮੱਥੇ ਦੀਆਂ ਠੀਕਰੀਆਂ ਭੰਨ-ਭੰਨ ਵੇਖ ਲਈਆਂ, ਪੱਥਰ ‘ਤੇ ਪਾਣੀ ਪਾਉਣ ਦਾ ਕੋਈ ਫਾਇਦਾ ਨਹੀਂ| ਜੇ ਮੈਂ ਨਾਲ ਸੀਣਾ-ਪਰਾਉਣਾ ਨਾ ਕਰਦੀ ਹੋਵਾਂ ਤਾਂ ਇਹ ਨਿਆਣੇ ਵੀ ਭੁੱਖੇ ਮਾਰ ਦੇਵੇ| ਮੈਨੂੰ ਤਾਂ ਕੁਝ ਔੜਦਾ-ਸੁੱਝਦਾ ਨਹੀਂ|’ ਸਿਮਰੋ ਅਜੇ ਅੰਬ ਵਾਂਗ ਫਿਸ ਪਈ| ‘ਧੀਏ ਰੋਣਾ ਕਿਸੇ ਮਸਲੇ ਦਾ ਹੱਲ ਨਹੀਂ|’ ਉਹਨੇ ਸਿਮਰੋ ਨੂੰ ਕਲਾਵੇ ਵਿਚ ਲੈ ਲਿਆ|
‘ਲੋਕ ਨਸ਼ਾ ਕਰਦੇ ਵੀ ਆਏ ਆ ਤੇ ਛੱਡੇ ਵੀ, ਆਪਣੇ ਪਿਓ ਵੱਲ ਹੀ ਵੇਖ ਲੈ| ਉਹਨੇ ਵੀ ਸਾਰੀ ਉਮਰ ਸ਼ਰਾਬ ਹੀ ਪੀ ਛੱਡੀ| ਪੁੱਤ ਮੈਂ ਵੀ ਤਾਂ ਕੱਟੀ ਆ| ਧੀਏ ਹਿੰਮਤ ਕਰ, ਔਰਤ ਬਹੁਤ ਕੁਝ ਕਰ ਸਕਦੀ ਏ| ਔਰਤ ਵਿੱਚ ਤਾਂ ਪ੍ਰਮਾਤਮਾ ਨੇ ਉਹ ਸ਼ਕਤੀ ਭਰੀ ਹੈ ਕਿ ਉਹ ਆਦਮੀ ਨੂੰ ਮੋਮ ਵਾਂਗ ਜਿੱਧਰ ਮਰਜੀ ਮੋੜ ਸਕਦੀ ਹੈ|’
‘ਬੀਬੀ ਨਾ ਤੈ ਤੂੰ ਮੋੜ ਸਕੀਓਂ ਤੇ ਨਾ ਮੈਂ, ਬੀਬੀ ਮੈਂ ਤਾਂ ਹਾਰ ਗਈ ਆਂ| ਮੇਰਾ ਤਾਂ ਹੁਣ ਜੀਅ ਕਰਦਾ ਕਿਸੇ ਖੂਹ-ਟੋਭੇ ਵਿਚ ਜਾ ਪਵਾਂ ਪਰ ਜਦ ਨਿਆਣਿਆਂ ਵੱਲ ਧਿਆਨ ਜਾਂਦਾ ਹੈ ਤਾਂ ਮਰ ਵੀ ਨਹੀਂ ਹੁੰਦਾ| ਪਿਓ ਤਾਂ ਪਹਿਲਾਂ ਹੀ ਨਾ ਹੋਇਆ ‘ਚੋਂ ਹੈ, ਮੇਰੇ ਨਿਆਣੇ ਰੁਲ ਜਾਣਗੇ|’
‘ਕਿਉਂ, ਮਰਨਾ ਕਿਉਂ ਏ, ਮਰਨ ਤੇਰੇ ਦੁਸ਼ਮਣ| ਤੂੰ ਚਾਰ ਦਿਨ ਇੱਥੇ ਰਹਿ ਤੇਰਾ ਦਿਲ ਆਪੇ ਹੋਰ ਦਾ ਹੋਰ ਹੋ ਜੂ ਤੇ ਨਾਲੇ ਉਹਦੀ ਅਕਲ ਟਿਕਾਣੇ ਆ ਜੂ|’
‘ਬੀਬੀ ਤੂੰ ਤਾਂ ਉਹ ਗੱਲ ਕੀਤੀ ਹੈ, ਰੋਂਦੀ ਕਿਉਂ ਏ ਥਾਲੀ ‘ਚ ਕੁਝ ਨਹੀਂ| ਮੈਂ ਕੱਲ੍ਹ ਦੀ ਆਈ ਆਂ, ਭਰਜਾਈਆਂ ਨੇ ਪੁੱਛਿਆ ਤੱਕ ਨਹੀਂ| ਇਨ੍ਹਾਂ ਮੈਨੂੰ ਰੱਖਣਾ ਏ? ਮੈਂ ਭਰਾ-ਭਰਜਾਈਆਂ ਦੇ ਘਰ ਨਹੀਂ ਬਹਿਣਾ| ਮੇਰੇ ਜੋ ਭਾਅ ਪਵੇਗੀ ਮੈਂ ਕੱਟਾਂਗੀ|’
‘ਐਂਤਕੀ ਤੇਰੇ ਵੀਰ ਮੇਰੇ ਹਿੱਸੇ ਦਾ ਠੇਕਾ ਦਿੰਦੇ ਤਾਂ ਇਸ ਨੂੰ ਨਸ਼ਾ ਛੁਡਾਉ ਕੇਂਦਰ ਲੈ ਜਾਂਦੇ ਆਂ|’
‘ਬੀਬੀ ਅਸੀਂ ਇਹ ਪਾਪੜ ਵੀ ਵੇਲ ਕੇ ਵੇਖ ਲਏ ਆ| ਗਹਿਣਾ ਵੀ ਗੁਆਇਆ ਤੇ ਹੱਥ ਵੀ ਕੁਝ ਨਹੀਂ ਆਇਆ| ਉੱਥੋਂ ਵੀ ਚੋਰੀ ਭੱਜ ਆਇਆ| ਘਰ ਆ ਕੇ ਵੀ ਲੇਟਣੀਆਂ ਲਈ ਜਾਵੇ| ਮੈਂ ਮਰ ਚੱਲਿਆ ਈ ਜੇ ਮੈਨੂੰ ਬਚਾ ਸਕਦੀ ਏਂ ਤਾਂ ਬਚਾ ਲੈ| ਜੇ ਮੈਨੂੰ ਜਿਊਂਦਿਆਂ ਵੇਖਣਾ ਚਾਹੁੰਦੀ ਹੈ ਤਾਂ ਮੈਨੂੰ ਸਮੈਕ ਲਿਆ ਏ| ਜੇ ਮੈਂ ਕਿਹਾ ਸਮੈਕ ਕਿੱਥੋਂ ਲਿਆ ਕੇ ਦੇਵਾਂ ਤਾਂ ਉਹਨੇ ਬੇਸ਼ਰਮੀ ਦੀ ਹੱਦ ਮੁਕਾ ਦਿੱਤੀ, ਕਹਿੰਦਾ ਲੈ ਤੈਨੂੰ ਕੀ ਏ, ਤੂੰ ਤਾਂ ਲਾਲੇ ਨੂੰ ਪੈਸੇ ਦੇ ਕੇ ਲਿਆਉਣੀ ਏਂ, ਕਈ ਤਾਂ …| ਇਹ ਸੁਣ ਕੇ ਮੇਰੀਆਂ ਧਾਹਾਂ ਨਿਕਲ ਗਈਆਂ| ਰੱਬਾ ਇਹ ਦਿਨ ਵੀ ਦੇਖਣੇ ਸਨ| ਮੈਨੂੰ ਰੋਂਦੀ ਵੇਖ ਮੇਰੀ ਸੱਸ ਵੀ ਭੱਜੀ ਆਈ| ਜਦੋਂ ਉਸਨੂੰ ਪਤਾ ਲੱਗਾ ਉਹ ਵੀ ਵਿਚਾਰੀ ਬਥੇਰਾ ਕਲਪੀ| ਉਹ ਵੀ ਦੁਹੱਥੜੀ ਪਿੱਟੀ, ਇਹਦੇ ਨਾਲੋਂ ਤਾਂ ਜੰਮਦਾ ਮਰ ਜਾਂਦਾ ਇਕ ਲਾਲ ਸਬਰ ਕਰ ਲੈਂਦੀ| ਇਹ ਦਿਨ ਤਾ ਨਾਂ ਵੇਖਦੇ|’
‘ਖੋਰੇ ਕੀ ਹੋ ਗਿਆ ਜਦ ਵੇਖਣ ਗਏ ਸੀ ਉਦੋਂ ਤਾਂ ਨਹੀਂ ਸੀ ਇਸ ਤਰ੍ਹਾਂ ਦਾ, ਉਦੋਂ ਤਾਂ ਚੰਗਾ ਭਲਾ ਸੀ| ਸੋਹਣਾ ਛੈਲ-ਛਬੀਲਾ ਗੱਭਰੂ| ਹੁਣ ਤਾਂ ਜਾਪਦਾ ਨਹੀਂ ਕਿ ਇਹ ਉਹੋ ਚੰਨ ਹੈ| ਹੁਣ ਤਾਂ ਜਿਵੇਂ ਪਿੰਜਰ ਹੀ ਰਹਿ ਗਿਆ ਹੋਵੇ, ਮਾਸ ਤਾਂ ਚੂੰਡੀ ਵੱਢਿਆਂ ਵੀ ਨਹੀਂ ਲੱਭਦਾ| ਖੋਰੇ ਕਿਸ ਚੰਦਰੇ ਨੇ ਲਾਤੀ ਏ ਸਮੈਕ|’ ਤਾਰੋ ਨੇ ਲੰਮਾ ਹਉਕਾ ਲਿਆ|
‘ਬੀਬੀ ਪੀਂਦਾ ਤਾਂ ਪਹਿਲਾਂ ਵੀ ਸੀ| ਮੈਨੂੰ ਤਾਂ ਸਹੁਰੇ ਗਈ ਨੂੰ ਹਫ਼ਤੇ ਬਾਅਦ ਹੀ ਪਤਾ ਲੱਗ ਗਿਆ ਸੀ, ਜੇ ਸਮੈਕ ਦੀ ਪੁੜੀ ਨਾ ਮਿਲੇ ਤਾਂ ਅਫ਼ੀਮ ਖਾ ਲੂ| ਉਹ ਕਿਹੜਾ ਨਸ਼ਾ ਜੋ ਇਹ ਨਹੀਂ ਕਰਦਾ| ਪਹਿਲਾਂ-ਪਹਿਲਾਂ ਸਰਪੰਚ ਦੇ ਛੀਜੇ ਨੇ ਸ਼ੋਂਕ-ਸ਼ੋਂਕ ਨਾਲ ਦੋ-ਚਾਰ ਵਾਰ ਮੁਫ਼ਤ ਪਿਲਾਈ ਤੇ ਫਿਰ ਆਪਦਾ ਪੱਕਾ ਗਾਹਕ ਬਣਾ ਲਿਆ| ਬੀਬੀ ਇਕ-ਦੋ ਵਾਰ ਸਰਪੰਚ ਦਾ ਭਤੀਜਾ ਤੇ ਇਹ ਥਾਣੇ ਵੀ ਗਏ ਪਰ ਸਰਪੰਚ ਦੀ ਵੱਡੇ ਲੀਡਰਾਂ ਤੱਕ ਪਹੁੰਚ ਏ, ਉਹ ਛੁਡਾ ਲਿਆਉਂਦਾ| ਬੀਬੀ ਮੇਰੀਆਂ ਆਂਦਰਾਂ ਤਪਦੀਆਂ ਨੇ ਮੈਂ ਤਾਂ ਦੁਹੱਥੜੀ ਪਿੱਟਦੀ ਆਂ| ਇਹਨੂੰ ਨਸ਼ਾ ਲਾਉਣ ਵਾਲਿਉ ਤੁਹਾਡਾ ਕੱਖ ਨਾ ਰਹੇ| ਨਸ਼ੇ ਦੇ ਸੌਦਾਗਰੋ ਅਤੇ ਇਨ੍ਹਾਂ ਦੀ ਪੁਸ਼ਤ-ਪਨਾਈ ਕਰਨ ਵਾਲਿਓ ਤੁਹਾਡਾ ਬੇੜਾ ਭਰ ਕੇ ਪੁੱਬੇ| ਲੋਕਾਂ ਦੇ ਪੁੱਤ ਖਾਣ ਵਾਲਿਓ ਇਹ ਅਮਰਵੇਲ ਤੁਹਾਨੂੰ ਵੀ ਨਿਗਲੇ,’ ਕਹਿ ਉਹ ਗਸ਼ ਖਾ ਕੇ ਡਿੱਗ ਪਈ|

ਕੁਰਬਾਨੀ
ਰਮਾ ਮੇਰੀ ਕੁਲੀਗ ਰਣਜੀਤ ਕੌਰ ਦੀ ਸਹੇਲੀ ਸੀ| ਦੋਹਾਂ ਨੇ ਇਕੱਠਿਆਂ ਮੈਟ੍ਰਿਕ ਕੀਤੀ ਤੇ ਇਕੱਠਿਆਂ ਹੀ ਸਟੈਨੋਗ੍ਰਾਫਰ ਦਾ ਕੋਰਸ| ਰਮਾ ਨੇ ਇਹ ਕੋਰਸ ਸਰਕਾਰੀ ਆਈ.ਟੀ.ਆਈ. ਤੋਂ ਅਤੇ ਰਣਜੀਤ ਨੇ ਇਹ ਕੋਰਸ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾ ਤੋਂ ਕੀਤਾ ਸੀ| ਦੋਵੇਂ ਹੀ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਸਟੈਨੋ ਟਾਈਪਿਸਟ ਸਿਲੈਕਟ ਹੋ ਗਈਆਂ ਸਨ| ਰਣਜੀਤ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਰਮਾ ਨੂੰ ਫੂਡ ਸਪਲਾਈ ਵਿਭਾਗ ਅਲਾਟ ਹੋ ਗਿਆ ਸੀ| ਇਤਵਾਕਨ ਦੋਹਾਂ ਦੀ ਨਿਯੁਕਤੀ ਅੰਮ੍ਰਿਤਸਰ ਹੋ ਗਈ ਸੀ|
ਮੇਰੀ ਰਮਾ ਨਾਲ ਪਹਿਲੀ ਮੁਲਾਕਾਤ ਮੇਰੇ ਦਫ਼ਤਰ ਰਣਜੀਤ ਕੌਰ ਕੋਲ ਆਈ ਨਾਲ ਹੀ ਹੋਈ ਸੀ| ਪਹਿਲੀ ਮੁਲਾਕਾਤ ਵਿਚ ਹੀ ਰਮਾ ਮੇਰੇ ਨਾਲ ਘੁਲ-ਮਿਲ ਗਈ ਸੀ| ਦੋਵੇਂ ਹੀ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀਆਂ ਮਾਲਕ ਸਨ ਅਤੇ ਗੁਲਾਬ ਦੇ ਫੁੱਲ ਵਾਂਗ ਟਹਿਕਦੀਆਂ ਸਨ| ਜਦੋਂ ਦੋਵੇਂ ਹੱਸਦੀਆਂ ਤਾਂ ਇਉਂ ਜਾਪਦਾ ਜਿਵੇਂ ਫੁੱਲਝੜੀਆਂ ਚੱਲ ਰਹੀਆਂ ਹੋਣ| ਰਮਾ ਅਗਸਤ ਮਹੀਨੇ ਦੇ ਮਹੀਨੇ ਬਾਅਦ ਰਣਜੀਤ ਕੋਲ ਆਉਂਦੀ ਰਹਿੰਦੀ| ਇਕ ਦਿਨ ਰਮਾ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਆਪਣਾ ਕਾਰੋਬਾਰ ਹੈ ਅਤੇ ਮੰਮੀ ਘਰੇਲੂ ਔਰਤ ਹੈ| ਉਸ ਤੋਂ ਛੋਟੇ ਇਕ ਭੈਣ ਅਤੇ ਇਕ ਭਰਾ ਹੈ, ਜੋ ਅਜੇ ਪੜ੍ਹਦਾ ਹੈ| ਫਿਰ ਇਕ ਦਿਨ ਰਮਾ ਨੇ ਦੱਸਿਆ ਕਿ ਉਸ ਦਾ ਪਿਤਾ ਕੁਝ ਢਿੱਲਾ-ਮੱਠਾ ਰਹਿਣ ਲੱਗ ਪਿਆ ਹੈ ਅਤੇ ਉਸ ਦੇ ਮਾਂ-ਬਾਪ ਉਸ ਦੇ ਵਿਆਹ ਬਾਰੇ ਸੋਚਣ ਲੱਗ ਪਏ ਹਨ| ਰਮਾ ਦੇ ਜਾਣ ਉਪਰੰਤ ਰਣਜੀਤ ਮੈਨੂੰ ਮੁਖਾਤਿਬ ਹੋਈ, ‘ਸੋਢੀ ਸਾਹਿਬ, ਜੇ ਕਹੋ ਤਾਂ ਮੈਂ ਰਮਾ ਦੇ ਡੈਡੀ ਨਾਲ ਤੁਹਾਡੇ ਵਿਆਹ ਦੀ ਗੱਲ ਚਲਾਵਾਂ| ਤੁਸੀਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹੀ ਨਹੀਂ, ਸਗੋਂ ਇਕ ਦੂਜੇ ਪ੍ਰਤੀ ਮੋਹ ਵੀ ਰੱਖਦੇ ਹੋ|’
‘ਜੇਕਰ ਰਮਾਂ ਮੇਰੀ ਜੀਵਨ ਸਾਥੀ ਬਣੇ ਤਾਂ ਹੋਰ ਕੀ ਚਾਹੀਦਾ ਹੈ ਪਰ ਮੈਨੂੰ ਪਤੈ ਕਿ ਇਹ ਗੱਲ ਸਿਰੇ ਨਹੀੱ ਲੱਗਣੀ|’
‘ਕਿਉਂ ਕੀ ਕਮੀ ਏ ਰਮਾ ਵਿੱਚ?’
‘ਰਮਾ ਵਿਚ ਕੋਈ ਕਮੀ ਨਹੀਂ|’
‘ਕਮੀ ਤਾਂ ਤੁਹਾਡੇ ਵਿਚ ਵੀ ਕੋਈ ਨਹੀਂ, ਫਿਰ ਗੱਲ ਬਣੂ ਕਿਉਂ ਨਾ|’
‘ਸਮਾਜ ਨੂੰ ਸਾਡਾ ਇਹ ਰਿਸ਼ਤਾ ਪ੍ਰਵਾਨ ਨਹੀਂ ਹੋਣਾ|’
‘ਕਿਉਂ|’
‘ਜਾਤ ਬਰਾਦਰੀਆਂ ਸਾਨੂੰ ਇੱਕ ਨਹੀੱ ਹੋਣ ਦੇਣਗੀਆਂ|’
‘ਮੈਂ ਯਤਨ ਕਰਾਂਗੀ|’ ਉਸ ਵਾਅਦਾ ਕੀਤਾ|
‘ਕਰ ਵੇਖ’ ਮੈਂ ਹਾਮੀ ਭਰੀ ਪਰ ਰਣਜੀਤ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ| ਉਹੀ ਹੋਇਆ, ਜਿਸ ਦਾ ਡਰ ਸੀ| ਰਮਾ ਦੇ ਡੈਡੀ ਦਾ ਦੋ-ਟੁੱਕ ਫੈਸਲਾ ਸੀ| ਰਮਾ ਦੀ ਸ਼ਾਦੀ ਬਰਾਦਰੀ ਦੇ ਮੁੰਡੇ ਨਾਲ ਹੀ ਹੋਵੇਗੀ ਤੇ ਬਰਾਦਰੀ ਦਾ ਮੁੰਡਾ ਲੱਭਣ ਤੋਂ ਪਹਿਲਾਂ ਰਮਾ ਦੇ ਡੈਡੀ ਦੀ ਮੌਤ ਹੋ ਗਈ| ਮਾਂ ਜਦੋਂ ਵੀ ਸ਼ਾਦੀ ਕਰਾਉਣ ਲਈ ਕਹਿੰਦੀ ਤਾਂ ਰਮਾ ਦਾ ਜੁਆਬ ਹੁੰਦਾ, ‘ਮੰਮੀ, ਜੇ ਮੈਂ ਵਿਆਹ ਕਰਾ ਲਿਆ ਤਾਂ ਤੁਹਾਡਾ ਖਿਆਲ ਕੌਣ ਰੱਖੂ? ਮੰਮੀ ਹੌਸਲਾ ਰੱਖੋ, ਹੋਰ ਪੰਜ-ਸੱਤ ਸਾਲ ਦੀ ਤਾਂ ਗੱਲ ਹੈ, ਆਪਾਂ ਬੱਬੂ ਵੀਰ ਵਿਆਹਵਾਂਗੇ, ਸੋਹਣੀ ਜਿਹੀ ਭਾਬੀ ਘਰ ਹੋਊ, ਉਹ ਤੈਨੂੰ ਸਾਂਭੂੰਗੀ ਤੇ ਨਾਲੇ ਘਰ ਤੇ ਫਿਰ ਮੈਂ ਆਪਣੇ ਘਰ ਚਲੀ ਜਾਵਾਂਗੀ| ਮੰਮੀ ਮੈਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਕਿਵੇਂ ਚਲੀ ਜਾਵਾਂ, ਬੇਗਾਨਾ ਪੁੱਤ ਮੈਨੂੰ ਇੱਥੇ ਇਵੇਂ ਰਹਿਣ ਦਊ| ਮੰਮੀ ਮੇਰੀ ਤਨਖਾਹ ਤਾਂ ਉਹ ਸਾਂਭ ਲੈਣਗੇ, ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲੂ, ਨਾਲੇ ਪਹਿਲਾਂ ਅਨੀਤਾਂ ਨੂੰ ਆਪਣੇ ਘਰ ਤੋਰ ਕੇ ਮੈਂ ਫਿਰ ਵਿਆਹ ਕਰਵਾਊਂ| ਉਸ ਛੋਟੀ ਭੈਣ ਬਾਰੇ ਕਿਹਾ|’
‘ਤੂੰ ਮੇਰੀ ਧੀ ਨਹੀਂ, ਤੂੰ ਤਾਂ ਮੇਰਾ ਪੁੱਤ ਏਂ’ ਮਾਂ ਨੇ ਰਮਾ ਦਾ ਮੱਥਾ ਚੁੰਮਦੀ ਨੇ ਕਿਹਾ|
ਇਕ ਦਿਨ ਦਫਤਰ ਆਈ ਰਮਾ ਨੂੰ ਰਣਜੀਤ ਨੇ ਉਸਦੀਆਂ ਦੋਵੇਂ ਗੱਲ੍ਹਾਂ ਪਿਆਰ ਨਾਲ ਹੱਥ ਵਿਚ ਲੈ ਕਿਹਾ, ‘ਅੜੀਏ, ਹੁਣ ਤੂੰ ਵੀ ਵਿਆਹ ਕਰਵਾ ਲੈ, ਹਰ ਕੰਮ ਸਮੇਂ ਨਾਲ ਹੀ ਚੰਗਾ ਲੱਗਦੈ|’
‘ਮੇਰੀ ਰਾਣੋ, ਤੂੰ ਇੰਨਾ ਪ੍ਰੇਸ਼ਾਨ ਕਿਉਂ ਹੁੰਦੀ ਏਂ? ਤੂੰ ਵਿਆਹ ਕਰਵਾ ਲਿਆ ਨਾ, ਤੂੰ ਮੇਰਾ ਫਿਕਰ ਨਾ ਕਰ’ ਉਸ ਆਪਣੇ-ਆਪ ਨੂੰ ਰਣਜੀਤ ਤੋਂ ਛੁਡਾਉਂਦਿਆਂ ਕਿਹਾ|
‘ਤੇਰਾ ਫਿਕਰ ਕਿਉਂ ਨਾ ਕਰਾਂ? ਤੂੰ ਮੇਰੀ ਭੈਣ ਨਹੀ, ‘ਅੱਛਾ ਬਾਬਾ, ਮੈਂ ਵੀ ਕਰਵਾਲਾਂਗੀ, ਕੋਈ ਮੁੰਡਾ ਲੱਭ’ ਤੇ ਉਹ ਮੇਰੇ ਵੱਲ ਵੇਖ ਪਹਿਲਾਂ ਸ਼ਰਮਾਈ ਤੇ ਫਿਰ ਦੋਵੇਂ ਖਿੜ-ਖਿੜਾ ਕੇ ਹੱਸ ਪਈਆਂ| ਤੇ ਫਿਰ ਇਕ ਦਿਨ ਰਮਾ ਨੇ ਆਪਣੀ ਛੋਟੀ ਭੈਣ ਅਨੀਤਾ ਦੇ ਵਿਆਹ ਦਾ ਕਾਰਡ ਅਤੇ ਮਠਿਆਈ ਦਾ ਡੱਬਾ ਫੜਾਇਆ| ਭਾਵੇਂ ਅਨੀਤਾ ਆਪ ਤਾਂ ਸਰਵਿਸ ਨਹੀਂ ਸੀ ਕਰਦੀ ਪਰ ਉਸ ਦਾ ਪਤੀ ਬਿਜਲੀ ਬੋਰਡ ਵਿਚ ਏ.ਐੱਲ.ਐੱਮ. ਸੀ| ਰਮਾ ਭੈਣ ਨੂੰ ਵਿਆਹ ਕੇ ਆਪਣੇ-ਆਪ ਨੂੰ ਕੁਝ ਹਲਕਾ-ਫੁਲਕਾ ਮਹਿਸੂਸ ਕਰਨ ਲੱਗ ਪਈ ਸੀ|
ਸਮਾਂ ਆਪਣੀ ਚਾਲੇ ਚੱਲਦਾ ਗਿਆ| ਮੈਂ ਅਤੇ ਰਣਜੀਤ ਆਪੋ-ਆਪਣੇ ਘਰ ਬਾਗ ਪਰਿਵਾਰ ਵਾਲੇ ਹੋ ਗਏ| ਰਮਾ ਕਦੀ-ਕਦੀ ਆਉਂਦੀ ਤੇ ਘਰ ਪਈ ਬੀਮਾਰ ਮਾਂ ਦੀਆਂ ਗੱਲਾਂ, ਭੈਣ ਦੀਆਂ ਗੱਲਾਂ ਤੇ ਭਰਾ ਦੀਆਂ ਗੱਲਾਂ ਕਰਕੇ ਚਲੀ ਜਾਂਦੀ ਪਰ ਆਪਣਾ ਦਰਦ ਵਿਚੇ ਵਿਚ ਪੀ ਲੈਂਦੀ| ਰਮਾ ਨੇ ਤਨਖਾਹ ‘ਚੋਂ ਬੱਚਤ ਕਰਕੇ ਪਹਿਲਾਂ ਅਨੀਤਾ ਦਾ ਵਿਆਹ ਕੀਤਾ ਤੇ ਫਿਰ ਭਰਾ ਨੂੰ ਪੜ੍ਹਾ-ਲਿਖਾ ਕੇ ਪੈਰਾਂ ਸਿਰ ਖੜ੍ਹੇ ਹੋਣ ਯੋਗ ਬਣਾਇਆ ਤੇ ਭਰਾ ਦਾ ਵਿਆਹ ਕਰਦਿਆਂ ਆਪਣੀ ਜ਼ਿੰਦਗੀ ਦੇ ਕੀਮਤੀ 35 ਸਾਲ ਇਸ ਪਰਿਵਾਰ ਦੇ ਲੇਖੇ ਲਾ ਦਿੱਤੇ|
ਪਹਿਲਾਂ ਰਮਾ ਬੀਮਾਰ ਮਾਂ ਦਾ ਫਿਕਰ ਕਰਦੀ ਸੀ ਕਿ ਮੈਂ ਸਹੁਰੇ ਚਲੀ ਗਈ ਤਾਂ ਮੰਮੀ ਨੂੰ ਕੌਣ ਸਾਂਭੂੰ, ਭੈਣ-ਭਰਾਵਾਂ ਦਾ ਸਹਾਰਾ ਕੌਣ ਬਣੂ ਤੇ ਹੁਣ ਮਾਂ ਰਮਾ ਬਾਰੇ ਫਿਕਰਮੰਦ ਸੀ, ‘ਮੈਂ ਤਾਂ ਨਦੀ ਕਿਨਾਰੇ ਰੁੱਖੜਾ ਹਾਂ, ਭਾਵੇਂ ਅੱਜ ਅੱਖਾਂ ਮੀਟ ਜਾ ਤੇ ਭਾਵੇਂ ਕੱਲ’ ਉਹ ਰਮਾ ਨੂੰ ਵਿਆਹ ਕਰਾਉਣ ਦੀ ਸਲਾਹ ਦਿੰਦੀ ਤਾਂ ਰਮਾ ਸੋਚਦੀ ਹੁਣ ਮੇਰੇ ਨਾਲ ਵਿਆਹ ਕੌਣ ਕਰਵਾਊ| ਜਦੋਂ ਸਮਾਂ ਸੀ ਮੈਂ ਵਿਆਹ ਬਾਰੇ ਸੋਚਿਆ ਨਾ| ਚੜ੍ਹਦੇ ਸੂਰਜ ਨੂੰ ਸਭ ਤੱਕਦੇ ਹਨ ਪਰ ਢਲਦੇ ਨੂੰ ਦੇਖ ਦਿਨ ਗਿਆ ਕਹਿੰਦੇ ਹਨ| ਜੇ ਰਿਸ਼ਤੇ ਦੀ ਗੱਲ ਚੱਲੀ ਹੀ ਚੱਲੀ ਤਾਂ ਮੁੰਡਾ ਦੁਹਾਜੂ ਸੀ| ਭਰਜਾਈ ਕਹਿੰਦੀ ਹੋਰ ਇਸ ਅੱਧਬੁੱਢ ਨੂੰ ਖੀਰਾ ਮਿਲਣਾ| ਕਰੋ ਇਹਦਾ ਝੜਾਅ, ਇਹ ਆਪਣੇ ਘਰ ਜਾਵੇ ਮੈਥੋਂ ਨਹੀਂ ਹੁੰਦਾ ਮਾਵਾਂ-ਧੀਆਂ ਦਾ ਗੋਲਪੁਣਾ|’ ਰਮਾ ਨੇ ਆਪਣੇ-ਆਪ ਨਾਲ ਸਮਝੌਤਾ ਕਰ ਲਿਆ ਅਤੇ ਦੁਹਾਜੂ ਨਾਲ ਰਿਸ਼ਤਾ ਗੰਢਣ ਦੀ ਸਹਿਮਤੀ ਪ੍ਰਗਟਾਅ ਦਿੱਤੀ ਪਰ ਮੂੰਹ ਫੁੱਟ ਮੁੰਡੇ ਦੀ ਮਾਂ ਨੇ ਪਹਿਲੀ ਮਿਲਣੀ ਵਿਚ ਹੀ ਆਪਣਾ ਅਸਲੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ| ‘ਤਨਖਾਹ ਕਿੰਨੀ ਮਲਦੀ ਏ? ਨੌਕਰੀ ਕਿੰਨੀ ਕੁ ਰਹਿੰਦੀ ਏ? ਪੈਨਸ਼ਨ ਮਿਲੂ?’ ਇਹ ਸ਼ਬਦ ਰਮਾ ਦਾ ਕਲੇਜਾ ਚੀਰ ਗਏ| ਰਮਾ ਨੇ ਇਨ੍ਹਾਂ ਸ਼ਬਦਾਂ ਦੇ ਦੋ ਅਰਥ ਲਏ| ਇਕ ਤਾਂ ਉਸ ਨੇ ਰਮਾ ਨੂੰ ਉਮਰ ਦਾ ਅਹਿਸਾਸ ਕਰਾ ਦਿੱਤਾ ਸੀ ਅਤੇ ਦੂਜਾ ਉਸ ਦੇ ਬੋਲਾਂ ‘ਚੋਂ ਉਸ ਦਾ ਲਾਲਚੀ ਚਿਹਰਾ ਨਜ਼ਰੀਂ ਆਇਆ| ਉਸ ਮਹਿਸੂਸ ਕੀਤਾ ਜਿਵੇਂ ਇਨ੍ਹਾਂ ਨੂੰ ਮੇਰੀ ਲੋੜ ਘੱਟ ਅਤੇ ਮੇਰੀ ਤਨਖਾਹ ‘ਤੇ ਨਿਗ੍ਹਾ ਜ਼ਿਆਦਾ ਹੋਵੇ ਤੇ ਰਮਾ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ| ਉਸ ਸੋਚਿਆ ਮੈਂ ਕਿਹੜਾ ਕਿਸੇ ‘ਤੇ ਬੋਝ ਹਾਂ| ਆਪਣਾ ਕਮਾਵਾਂਗੀ ਅਤੇ ਆਪਣਾ ਖਾਵਾਂਗੀ|
ਤੇ ਕੁਝ ਸਮੇਂ ਬਾਅਦ ਰਮਾ ਦੀ ਮਾਂ ਚੱਲ ਵੱਸੀ| ਰਮਾ ਬਿਲਕੁੱਲ ਆਪਣੇ-ਆਪ ਨੂੰ ਇਕੱਠੀ-ਇਕੱਲੀ ਮਹਿਸੂਸ ਕਰਨ ਲੱਗ ਪਈ| ਭਾਬੀ ਦੇ ਤੇਵਰ ਵੀ ਤਿੱਖੇ ਹੋਣ ਲੱਗ ਪਏ| ਇਕ ਦਿਨ ਰਮਾ ਨੇ ਸੁਣਿਆ, ਉਸ ਦਾ ਭਰਾ ਬੱਬੂ ਆਪਣੀ ਘਰਵਾਲੀ ਨੂੰ ਕਹਿ ਰਿਹਾ ਸੀ, ‘ਸੀਮਾ, ਤੈਨੂੰ ਖਾਣਾ ਵੀ ਨਹੀਂ ਆਉਂਦਾ, ਰਮਾ ਤਨਖਾਹ ਲੈਂਦੀ ਏ, ਉਸ ਪੈਸੇ ਕਿੱਥੇ ਲੈ ਕੇ ਜਾਣੇ ਨੇ, ਸਾਡੇ ਲਈ ਹੀ ਤਾਂ ਹਨ, ਤੂੰ ਆਪਣਾ ਸੁਭਾਅ ਕੁਝ ਬਦਲ, ਉਸ ਨਾਲ ਬਣਾ ਕੇ ਰੱਖਿਆ ਕਰ|’
‘ਐਹ ਤਾਂ ਮੈਂ ਸੋਚਿਆ ਹੀ ਨਹੀਂ’ ਸੀਮਾ ਨੇ ਕਿਹਾ|
‘ਮਨ ‘ਤੇ ਕੁਝ ਬੋਝ ਪਾ ਲਿਆ ਕਰ, ਚੱਤੇ ਪਹਿਰ ਸੱਤ ਕਵਿੰਜਾ ਵੱਲ ਹੀ ਧਿਆਨ ਨਾ ਰੱਖਿਆ ਕਰ, ਉਹ ਮੇਰੀ ਭੈਣ ਏ, ਕੋਈ ਦੁਸ਼ਮਣ ਨਹੀਂ|’
… ਤੇ ਸੱਚਮੁੱਚ ਉਸ ਨੇ ਆਪਣੇ-ਆਪ ਨੂੰ ਮਿੱਠੀ ਛੁਰੀ ਬਣਾ ਲਿਆ| ਉਹ ਦੀਦੀ ਕਰਨ ਲੱਗ ਪਈ| ਦਫਤਰੋਂ ਆਈ ਨੂੰ ਪਾਣੀ ਵੀ ਪਿਆਉਂਦੀ ਅਤੇ ਚਾਹ ਦਾ ਕੱਪ ਵੀ ਪੇਸ਼ ਕਰਦੀ| ਰਮਾ ਨੇ ਸੋਚਿਆ, ਚਲੋ ਕੋਈ ਗੱਲ ਨਹੀਂ| ਮੈਂ ਕਿਹੜਾ ਨਾਲ ਲੈ ਜਾਣਾ, ਸਭ ਕੁਝ ਇਨ੍ਹਾਂ ਦਾ ਹੀ ਤਾਂ ਹੈ| ਸਮਾਂ ਆਪਣੀ ਚਾਲੇ ਚੱਲਦਾ ਗਿਆ| ਛੋਟੀ ਭੈਣ ਕਦੀ-ਕਦੀ ਆਉਂਦੀ ਤੇ ਰਾਤ ਰਹਿ ਕੇ ਭੈਣ ਨਾਲ ਦੁੱਖ-ਸੁੱਖ ਫੋਲ ਕੇ ਚਲੀ ਜਾਂਦੀ| ਇਕ ਦਿਨ ਸੀਮਾ ਕਹਿਣ ਲੱਗੀ, ‘ਦੀਦੀ, ਜਦੋਂ ਕੋਈ ਆਉਂਦਾ-ਜਾਂਦਾ ਏ ਤਾਂ ਬੜੀ ਮੁਸ਼ਕਿਲ ਹੁੰਦੀ ਏ ਬਹਿਣ-ਖਲ੍ਹੋਣ ਦੀ, ਜੇ ਤੁਸੀਂ ਬੈਂਕ ਤੋਂ ਕਰਜਾ ਲੈ ਲਓ ਤਾਂ ਉਪਰ ਪੋਰਸ਼ਨ ਬਣਾ ਲਈਏ, ਬੈਂਕ ਦੀਆਂ ਕਿਸ਼ਤਾਂ ਤੇਰਾ ਵੀਰ ਤਾਰੀ ਜਾਊ, ਇਹਨੂੰ ਕਿਸ ਨੇ ਕਰਜ਼ਾ ਦੇਣਾ ਏ| ਤੇਰੀ ਤਾਂ ਸਰਕਾਰੀ ਨੌਕਰੀ ਏ, ਬੈਂਕ ਵਾਲਿਆਂ ਦਰਜਾ ਦੇਣ ਲੱਗਿਆਂ ਦੇਰ ਨਹੀਂ ਕਰਨੀ|’ ਰਮਾ ਜਾਣਦੀ ਸੀ ਕਿ ਕਰਜਾ ਤਾਂ ਮੈਂ ਲੈ ਲਊ, ਫਿਰ ਇਹ ਕਿਸ਼ਤਾਂ ਕਿਸੇ ਨਹੀਂ ਤਾਰਨੀਆਂ, ਮੈਨੂੰ ਹੀ ਤਾਰਨੀਆਂ ਪੈਣੀਆਂ ਨੇ, ਉਸ ਫਿਰ ਸੋਚਿਆ, ਚਲੋ ਮੇਰਾ ਵੀ ਤਾਂ ਸਾਰਾ ਕੁਝ ਇਨ੍ਹਾਂ ਦਾ ਹੀ ਏ| ਰਮਾ ਨੇ ਬੈਂਕ ਤੋਂ ਕਰਜਾ ਲਿਆ ਤੇ ਉਪਰਲਾ ਪੋਰਸ਼ਨ ਬਣ ਗਿਆ|
ਸੀਮਾ ਦੀਆਂ ਮੁੜੀ ਅੱਖਾਂ ਫਿਰ ਗਈਆਂ| ਜਿਵੇਂ ਉਹ ਰਮਾ ਨੂੰ ਅੱਖੀਂ ਨਾ ਦੇਖਣਾ ਚਾਹੁੰਦੀ ਹੋਵੇ| ਉਹ ਉਪਰ ਰਹਿਣ ਲੱਗ ਪਈ| ਰਮਾ ਥੱਲੇ ਆਪਣੀ ਰੋਟੀ ਆਪ ਪਕਾਉਂਦੀ ਤੇ ਆਏ-ਗਏ ਨੂੰ ਵੀ ਰਮਾ ਹੀ ਸਾਂਭਦੀ ਤੇ ਫਿਰ ਇਕ ਦਿਨ ਮੈਨੂੰ ਰਣਜੀਤ ਦਾ ਫੋਨ ਆਇਆ, ‘ਸੋਢੀ ਸਾਹਬ, ਰਮਾ ਹਸਪਤਾਲ ਦਾਖਲ ਏ, ਕਿਡਨੀ ਦੇ ਹਸਪਤਾਲ, ਉਸ ਦੀ ਭੈਣ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਹਨ ਅਤੇ ਉਸ ਆਪਣੀ ਕਿਡਨੀ ਭੈਣ ਨੂੰ ਦੇ ਦਿੱਤੀ ਹੈ|’ ‘ਕਿਡਨੀ ਉਸ ਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਦੇਣੀ ਚਾਹੀਦੀ ਸੀ’ ਮੈਂ ਕਿਹਾ|
‘ਗੱਲ ਚੱਲੀ ਸੀ, ਸੱਸ ਕਹਿਣ ਲੱਗੀ, ‘ਮੈਂ ਅੱਗੇ ਕਿਹੜੀ ਤੰਦਰੁਸਤ ਹਾਂ, ਕਿਡਨੀ ਦੇ ਕੇ ਪਹਿਲੇ ਸੁਆਦੋਂ ਵੀ ਜਾਊਂ| ਉਹਦੇ ਆਦਮੀ ਨੇ ਆਪਣਾ ਇਕ ਗੁਰਦਾ ਦੇਣ ਲਈ ਸਹਿਤਮੀ ਪ੍ਰਗਟਾਈ ਸੀ ਪਰ ਸੱਸ ਨੇ ਮਲ੍ਹਾਂ ਕਰ ਦਿੱਤਾ, ਕਹਿੰਦੀ ਪੁੱਤ ਤੇਰੀ ਤੀਵੀਂ ਏ, ਤੂੰ ਪੈਸੇ ਲਾ ਪਰ ਗੁਰਦਾ ਮੈਂ ਨਹੀਂ ਦੇਣ ਦੇਣਾ, ਮੈਂ ਤੈਨੂੰ ਕਿਵੇਂ ਬੱਜਾਰਿੱਤ ਹੋਣ ਦੇਵਾਂ| ਤੀਵੀਂ ਦਾ ਕੀ ਆ, ਤੀਵੀਂ ਤਾਂ ਹੋਰ ਮਿਲਜੂ, ਜੇ ਤੈਨੂੰ ਕੁਝ ਹੋ ਗਿਆ ਤਾਂ ਅਸੀਂ ਕੀ ਕਰਾਂਗੇ| ਅਸੀਂ ਤਾਂ ਤੇਰਾ ਮੁੰਹ ਦੇਖ ਕੇ ਜਿਊਂਦੇ ਹਾਂ|’
‘ਕਿੰਨੀ ਖੁਦਗਰਜ਼ ਏ, ਇਹ ਔਰਤ’ ਮੇਰੇ ਅੰਦਰੋਂ ਹੌਕਾ ਨਿਕਲਿਆ| ਮੈਂ ਰਣਜੀਤ ਦਾ ਟੈਲੀਫੋਨ ਸੁਣ ਰਮਾ ਦਾ ਪਤਾ ਲੈਣ ਗਿਆ ਤਾਂ ਉਸਦੀ ਹਾਲਤ ਕਾਫੀ ਖਰਾਬ ਸੀ ਅਤੇ ਕੋਲ ਵਕੀਲ ਬੈਠਾ ਸੀ| ਉਹ ਹੌਲੀ-ਹੌਲੀ ਮੈਨੂੰ ਮੁਖਾਤਿਬ ਹੋਈ, ‘ਸੋਢੀ ਸਾਹਿਬ, ਮੇਰਾ ਕੋਈ ਪਤਾ ਨਹੀਂ, ਇਸ ਲਈ ਮੈਂ ਆਪਣੀ ਵਸੀਅਤ ਭਾਣਜੇ ਰਮਨ ਦੇ ਨਾਂ ਕਰ ਦਿੱਤੀ ਹੈ|’ ਇਹ ਸੁਣ ਮੇਰਾ ਸਿਰ ਆਪ-ਮੁਹਾਰੇ ਕੁਰਬਾਨੀ ਦੀ ਮੂਰਤ ਰਮਾ ਵੱਲ ਝੁਕ ਗਿਆ|

()

ਅਸੀਸ (ਂਤਕਕਤ)
ਆਗਿਆਪਾਲ ਸਿੰਘ ਨਿੱਤ ਦਾ ਸ਼ਰਾਬੀ ਤਾਂ ਨਹੀਂ ਸੀ ਪਰ ਜਦੋਂ ਕਦੇ ਕੋਈ ਰਿਸ਼ਤੇਦਾਰ ਘਰ ਆਉਂਦਾ ਜਾਂ ਉਹ ਕਿਸੇ ਰਿਸ਼ਤੇਦਾਰੀ ਵਿਚ ਜਾਂਦਾ ਤਾਂ ਦੋ ਘੁੱਟ ਜਰੂਰ ਪੀ ਲੈਂਦਾ| ਕਿਸੇ ਪਾਰਟੀ ਵਿਚ ਵੀ ਦੋ ਪੈੱਗ ਲਾ ਲੈਂਦਾ| ਦੋ ਪੈੱਗ ਲਾਉਣ ਨੂੰ ਜਾਇਜ ਠਹਿਰਾਉਂਦਾ, ਉਹ ਦਲੀਲ ਦਿੰਦਾ ਕਿ ਬੰਦਾ ਵਾਹਵਾ ਖੁੱਲ੍ਹ ਕੇ ਗੱਲਬਾਤ ਕਰ ਲੈਂਦਾ ਹੈ, ਉਂਜ ਨੱਪਿਆ-ਘੁੱਟਿਆ ਰਹਿੰਦਾ ਹੈ, ਦਿਲ ਦੀ ਗੱਲ ਨਹੀਂ ਕਰਦਾ| ਜੇਕਰ ਅਸੀਂ ਸੱਜਣ-ਮਿੱਤਰ, ਰਿਸ਼ਤੇਦਾਰ ਨਾਲ ਦਿਲ ਖੋਲ੍ਹ ਕੇ ਗੱਲ ਨਹੀਂ ਕਰਨੀ ਤਾਂ ਉਸ ਨਾਲ ਬੈਠਣ ਦਾ ਕੀ ਫਾਇਦਾ| ਉਸ ਭਾਵੇਂ ਉਸ ਨੇ ਸ਼ਰਾਬ ਦੀ ਬੋਤਲ ‘ਤੇ ਲਿਖਿਆ ਕਈ ਵਾਰ ਪੜ੍ਹਿਆ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ| ਇਸ ਸਬੰਧੀ ਵੀ ਉਸਦੀ ਆਪਣੀ ਦਲੀਲ ਹੈ| ਉਹ ਕਹੇਗਾ, ‘ਸ਼ਰਾਬ ਦੀ ਬੋਤਲ ਹਾਨੀਕਾਰਕ ਹੈ, ਇਕ ਦੋ ਪੈੱਗ ਨਹੀਂ|’
ਆਗਿਆਪਾਲ ਸਿੰਘ ਦੇ ਮੁੰਡੇ ਦੇ ਵਿਆਹ ਦੀ ਗੱਲਬਾਤ ਪੱਕੀ ਹੋਈ ਤਾਂ ਕੁੜੀ ਵਾਲੇ ਕਹਿਣ ਲੱਗੇ ਕਿ ਅਸੀਂ ਰੋਟੀ ਵੈਸ਼ਨੋ ਕਰਾਂਗੇ, ਜਿਸ ਦਾ ਸਿੱਧਾ ਭਾਵ ਸੀ ਕਿ ਬਰਾਤ ਨੂੰ ਮੀਟ-ਸ਼ਰਾਬ ਨਹੀਂ ਪਾਵਾਂਗੇ| ਇਹ ਸੁਣ ਕੇ ਉਹ ਇਕ ਵਾਰ ਤਾਂ ਅੰਦਰੋਂ ਅੰਦਰੀ ਹਿੱਲ ਗਿਆ, ਲੋਕਾਂ ਦੇ ਵਿਆਹਾਂ ‘ਤੇ ਖਾਧਾ-ਪੀਤਾ ਯਾਦ ਆ ਗਿਆ| ਪਰ ਉਸਨੂੰ ਜਲਦੀ ਧੀਆਂ ਵਾਲਿਆਂ ਦਾ ਦਰਦ ਮਹਿਸੂਸ ਹੋਇਆ ਅਤੇ ਆਪਣੇ ਘਰ ਬੈਠੀ ਵਿਆਹੁਣਯੋਗ ਮੁਟਿਆਰ ਧੀ ਅੱਖਾਂ ਅੱਗੇ ਘੁੰਮੀ| ਉਹ ਝੱਟ ਸੰਭਲਿਆ ਤੇ ਬੋਲਿਆ, ‘ਕੋਈ ਨਹੀਂ, ਕੋਈ ਨਹੀਂ, ਤੁਸੀਂ ਰੋਟੀ ਵੈਸ਼ਨੋ ਕਰ ਲਿਓ, ਜੇ ਤੁਸੀਂ ਕਹੋ ਤਾਂ ਬਰਾਤ ਵੀ ਗਿਆਰਾਂ ਬੰਦੇ ਆ ਜਾਣਗੇ|’
‘ਨਹੀਂ, ਨਹੀਂ, ਜੋ ਭੈਣ-ਭਰਾ ਬਰਾਤ ਵਿਚ ਲਿਆਉਣੇਬਣਦੇ ਹਨ, ਲੈ ਕੇ ਆਇਓ, ਪਰ ਹੋਣ ਤੁਹਾਡੀ ਅਤੇ ਸਾਡੀ ਇੱਜ਼ਤ ਦੇ ਭਾਈਵਾਲ|’
ਇਹ ਸੋਚ ਕੇ ਕਿ ਜਿਨ੍ਹਾਂ ਦੇ ਵਿਆਹਾਂ ‘ਤੇ ਖਾਧਾ-ਪੀਤਾ, ਆਗਿਆਪਾਲ ਸਿੰਘ ਨੇ ਕਿਹਾ, ࠿’ਕੋਈ ਗੱਲ ਨਹੀਂ ਅਸੀਂ ਸ਼ਗਨ ‘ਤੇ ਸਭ ਕਰ ਲਵਾਂਗੇ|’
‘ਹਾਂ ਤੁਸੀਂ ਆਪਣੇ ਘਰ ਜੋ ਮਰਜ਼ੀ ਕਰੋ, ਸਾਨੂੰ ਕੀ ਇਤਰਾਜ ਹੋ ਸਕਦਾ’ ਤੇ ਵਿਆਹ ਦੀ ਸਾਰੀ ਪੱਕ ਤਿੱਥ ਹੋ ਗਈ|
‘ਜੇ ਕੋਈ ਹੋਰ ਗੱਲ ਹੈ ਤਾਂ ਦੱਸੋ|’ ਵਿਚੋਲਿਆਂ ਨੇ ਪੁੱਛਿਆ|
‘ਨਹੀਂ ਹੋਰ ਕੋਈ ਗੱਲ ਨਹੀਂ|’
‘ਹੁਣ ਸਮਾਂ ਹੈ, ਜੇਕਰ ਕੋਈ ਗੱਲ ਕਰਨੀ ਚਾਹੋ ਤਾਂ ਖੁੱਲ੍ਹ ਕੇ ਕਰ ਸਕਦੇ ਹੋ’, ਉਨ੍ਹਾਂ ਮੁੜ ਦੁਹਰਾਇਆ|
‘ਨਾ ਕੋਈ ਹੋਰ ਗੱਲ ਹੈ ਅਤੇ ਨਾ ਹੀ ਹੋਵੇਗੀ’ ਆਗਿਆਪਾਲ ਸਿੰਘ ਨੇ ਦ੍ਰਿੜ੍ਹਤਾ ਨਾਲ ਕਿਹਾ|
ਆਗਿਆਪਾਲ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਉਦੋਂ ਚੁੱਪ ਰਹੀ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਪੁੱਛਣ ਲੱਗੀ, ‘ਉਹ ਹੋਰ ਕੋਈ, ਹੋਰ ਕੋਈ ਗੱਲ, ਵਾਰ-ਵਾਰ ਕੀ ਕਰ ਰਹੇ ਸੀ|’
‘ਉਨ੍ਹਾਂ ਦਾ ਮਤਲਬ ਸੀ ਜੇਕਰ ਕੋਈ ਮੰਗ ਹੈ ਤਾਂ ਦੱਸੋ|’
‘ਲੈ ਦੱਸ| ਮੰਗ ਸਾਡੀ ਕਾਹਦੀ, ਜਿਨ੍ਹਾਂ ਧੀ ਦੇ ਦਿੱਤੀ ਮਗਰ ਕੀ ਰੱਖਿਆ| ਨਾਲੇ ਸੁੱਖ ਨਾਲ ਸਾਡੇ ਘਰ ਕੀ ਨਹੀਂ, ਹਰ ਲੋੜ ਦੀ ਚੀਜ਼ ਹੈ| ਜੇ ਹੋਰ ਚੀਜ਼ ਦੀ ਲੋੜ ਮਹਿਸੂਸ ਹੋਈ ਤਾਂ ਆਪ ਲੈ ਲਵਾਂਗੇ| ਰੱਬ ਹਰ ਇਕ ਨੂੰ ਘਰ ਹੀ ਦੇਵੇ’ ਸੁਖਪ੍ਰੀਤ ਨੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਏ|
‘ਮੈਨੂੰ ਤੇਰੇ ਤੋਂ ਇਹੀ ਆਸ ਸੀ’ ਆਗਿਆਪਾਲ ਸਿੰਘ ਨੇ ਸ਼ਾਬਾਸ਼ ਦੇਣ ਵਾਲਿਆਂ ਵਾਂਗ ਪਤਨੀ ਨੂੰ ਕਿਹਾ| ‘ਨਾਲੇ ਜਿਹੜੀ ਚੀਜ਼ ਧੀ ਨੂੰ ਦੇਣੀ ਬਣਦੀ ਸੀ, ਉਹ ਤਾਂ ਉਨ੍ਹਾਂ ਪਹਿਲਾਂ ਦੇ ਦਿੱਤੀ|’
‘ਕੀ ਜੀ?’
‘ਜਿਹੜੀ ਚੀਜ਼ ਧੀ ਲਈ ਜਰੂਰੀ ਹੈ, ਉਹ ਹੈ ਵਿੱਦਿਆ| ਵਿੱਦਿਆ ਸੌ ਗਹਿਣਿਆਂ ਦਾ ਇਕ ਗਹਿਣਾ ਹੈ ਤੇ ਉਹ ਗਹਿਣਾ ਕੁੜੀ ਕੋਲ ਹੈ| ਵਿੱਦਿਆ ਇਕ ਅਜਿਹਾ ਗਹਿਣਾ ਹੈ ਜਿਸ ਨੂੰ ਚੋਰੀ ਹੋਣ ਦਾ ਕੋਈ ਡਰ ਨਹੀਂ| ਗਿਆਨ ਵੰਡਿਆਂ ਵਧਦਾ ਹੈ, ਘਟਦਾ ਨਹੀਂ|’
‘ਠੀਕ ਹੈ ਜੀ, ਸਾਡੀ ਹੋਰ ਕੋਈ ਗੱਲ ਨਹੀਂ’, ਸੁਖਪ੍ਰੀਤ ਨੇ ਆਗਿਆਪਾਲ ਸਿੰਘ ਦੀ ਗੱਲ ਨੂੰ ਸਾਂਗ ਲਾਉਣ ਵਾਲਿਆਂ ਵਾਂਗ ਦੁਹਰਾਇਆ ਤੇ ਹੱਸ ਪਈ|
ਵਿਆਹ ਹੋਇਆ, ਨੂੰਹ ਘਰ ਆਈ ਅਤੇ ਆਪਣੇ ਪਰਿਵਾਰ ਵਿਚ ਰਚਮਿਚ ਗਈ| ਉਹ ਸਵੇਰੇ ਉਠ ਸੱਸ-ਸਹੁਰੇ ਦੇ ਪੈਰੀਂ ਹੱਥ ਲਾਉਂਦੀ| ਸੱਸ-ਸਹੁਰਾ ਵੀ ਅਸ਼ੀਰਵਾਦ ਦੇ ਕੇ ਸੌ-ਸੌ ਅਸੀਸਾਂ ਦਿੰਦੇ, ‘ਜਿਊਂਦੀ ਵਸਦੀ ਰਹੋ, ਬੁੱਢ ਸੁਹਾਗਣ ਹੋਵੇਂ, ਦੁੱਧੀ-ਪੁੱਤੀਂ ਨਹਾਏ, ਕੁੱਲ ਦੁਨੀਆਂ ਦੀਆਂ ਨਿਆਮਤਾਂ ਤੇਰੇ ਚਰਨਾਂ ਵਿਚ ਹੋਣ, ਪਾਊਂਡਾਂ ਡਾਲਰਾਂ ਵਿੱਚ ਖੇਡੇਂ|’
ਆਗਿਆਪਾਲ ਸਿੰਘ ਨੂੰਹ ਨੂੰ ਧੀਆਂ ਵਾਲਾ ਪਿਆਰ ਦਿੰਦਿਆਂ ਕਹਿੰਦਾ, ‘ਅਸਲ ਸਾਡੀ ਧੀ ਤਾਂ ਇਹੀ ਹੈ, ਜਿਸ ਨੇ ਸਾਰੀ ਉਮਰ ਸਾਡੇ ਨਾਲ ਰਹਿਣਾ, ਦੁੱਖ-ਸੁੱਖ ਦੀ ਭਾਈਵਾਲ ਬਣਨਾ| ਜੋ ਸਾਡੀ ਧੀ ਰਾਣੀ ਹੈ ਇਸ ਨੇ ਤਾਂ ਅਗਾਂਹ ਆਪਣੇ ਘਰ ਚਲੇ ਜਾਣਾ ਹੈ|
‘ਪੁੱਤ ਤੂੰ ਪੈਰਾਂ ਨੂੰ ਹੱਥ ਨਾ ਲਾਇਆ ਕਰ, ਤੇਰੀ ਥਾਂ ਸਾਡੇ ਦਿਲ ਵਿਚ ਹੈ ਚਰਨਾਂ ਵਿਚ ਨਹੀਂ, ਸੱਸ ਨੂੰਹ ਦਾ ਮੱਥਾ ਚੁੰਮਦਿਆਂ ਕਹਿੰਦੀ|
ਨਨਾਣ ਵੀ ਭਾਬੀ ਤੋਂ ਬਲਿਹਾਰੇ ਜਾਂਦੀ| ਨਨਾਣ ਭਾਬੀ ਇਵੇਂ ਵਿਚਰਦੀਆਂ ਜਿਵੇਂ ਇਹ ਨਨਾਣ ਭਾਬੀ ਨਹੀਂ ਸਗੋਂ ਸਹੇਲੀਆਂ ਹੋਣ|
ਇਕ ਦਿਨ ਸਾਰਾ ਪਰਿਵਾਰ ਰਾਤ ਨੂੰ ਰੋਟੀ ਖਾ ਰਿਹਾ ਸੀ| ਆਗਿਆਪਾਲ ਸਿੰਘ ਨੇ ਦੋ ਘੁੱਟ ਲਾਈ ਹੋਈ ਸੀ| ਆਗਿਆਪਾਲ ਨੇ ਨੂੰਹ ਨੂੰ ਪੁੱਛਿਆ, ‘ਪੁੱਤ ਤੇਰੇ ਡੈਡੀ ਪੀਂਦੇ?’
‘ਨਹੀਂ ਪਿਤਾ ਜੀ, ਉਹ ਨਹੀਂ ਪੀਂਦੇ, ਉਨ੍ਹਾਂ ਅੰਮ੍ਰਿਤ ਛਕਿਆ ਹੈ|’
‘ਵੀਰ ਵੀ ਨਹੀਂ ਪੀਂਦੇ’?
‘ਨਹੀਂ ਉਹ ਵੀ ਨਹੀਂ ਪੀਂਦੇ’
‘ਕੋਈ ਚਾਚਾ-ਤਾਇਆ ਪੀਂਦਾ?’
‘ਉਹ ਤਾਂ ਪੀਂਦੇ ਨੇ’ ਨੂੰਹ ਰਾਣੀ ਨੇ ਦੱਸਿਆ|
‘ਚਲੋ ਠੀਕ ਹੈ, ਤੁਹਾਡੇ ਘਰ ਵੀ ਕੋਈ ਪੀਣ ਵਾਲਾ ਹੁੰਦਾ|’ ਆਗਿਆਪਾਲ ਸਿੰਘ ਨੇ ਸਹਿਜ ਸੁਭਾਅ ਕਹਿ ਦਿੱਤਾ|
ਇਹ ਸੁਣ ਸਾਰੇ ਹੱਸ ਪਏ| ‘ਹੱਦ ਹੋ ਗਈ ਤੁਹਾਡੇ ਵਾਲੀ, ਕੋਈ ਚੱਜ ਦੀ ਗੱਲ ਕਰੋ’, ਸੁਖਪ੍ਰੀਤ ਨੇ ਘੂਰ ਕੇ ਪਤੀ ਵੱਲ ਵੇਖਿਆ|
‘ਚਲੋ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ, ਜਿਵੇਂ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਬੋਲਿਆ ਅਣ-ਪਾਰਲੀਮੈਂਟ ਸ਼ਬਦ ਵਾਪਸ ਲੈਣ ‘ਤੇ ਕਾਰਵਾਈ ਵਿਚ ਦਰਜ ਨਹੀਂ ਹੁੰਦਾ, ਇਸੇ ਤਰ੍ਹਾਂ ਇਹ ਅਣਕਿਆਸੇ ਸ਼ਬਦ ਮੇਰੇ ਵੱਲੋਂ ਦਿੱਤੀਆਂ ਅਸੀਸਾਂ ਵਿਚੋਂ ਖਾਰਜ ਕੀਤੇ ਜਾਂਦੇ ਹਨ’ … ਤੇ ਸਾਰੇ ਚਲਦੀ ਫੁਲਝੜੀ ਵਾਂਗ ਹਾਸੇ ਬਿਖੇਰਨ ਲੱਗ ਪਏ