Gurudwara Manji Sahib

ਗੁਰਦੁਆਰਾ ਮੰਜੀ ਸਾਹਿਬ       Gurudwara Manji Sahib

ਗੁਰਦੁਆਰਾ ਮੰਜੀ ਸਾਹਿਬ ਦਾ ਸੰਖੇਪ ਇਤਿਹਾਸ ਸੰਨ 1595 ਈ. ’ਚ ਗੁਰੂ ਕੀ ਵਡਾਲੀ ਵਿਖੇ ਬਾਲਕ ਹਰਿਗੋਬਿੰਦ ਜੀ ਦੇ ਪ੍ਰਕਾਸ਼ ਲੈਣ ਦੀ ਖੁਸ਼ੀ ’ਚ ਪੰਚਮ ਪਾਤਸ਼ਾਹ ਜੀ ਨੇ ਨੱਤਾਂ ਦੀ ਵਡਾਲੀ ਦੇ ਵਸਨੀਕ ਸੇਵਕਾਂ ਭਾਈ ਢੋਲ ਤੇ ਭਾਈ ਖਾਨ ਦੀ ਬੇਨਤੀ ’ਤੇ ਨਵਾਂ ਨਗਰ ‘ਗੁਰੂ ਕੀ ਵਡਾਲੀ’ ਵਸਾ ਕੇ ਇੱਥੇ ਨਿਵਾਸ ਕਰ ਲਿਆ ਅਤੇ ਮੰਜੀ ’ਤੇ ਬੈਠ ਕੇ ਖੂਹਾਂ ਦੀ ਸੇਵਾ ਕਰਾਉਣ ਤੋਂ ਇਲਾਵਾ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਜਿਸ ਕਰਕੇ ਇਸ ਅਸਥਾਨ ਦਾ ਨਾਮ ‘ਮੰਜੀ ਸਾਹਿਬ’ ਪ੍ਰਸਿੱਧ ਹੋਇਆ।
ਨਗਰ ਲੋਕ ਸਭਿ ਆਨਿ ਬਸਾਏ। ਗੁਰੂ ਵਡਾਲੀ ਬੀਚ ਰਹਾਏ। ਗੁਰੂ ਅਰਜਨ ਜੀ ਤਹਾਂ ਬਸਾਏ। ਸੁੰਦਰ ਕੂਪ ਬਹੁ ਤਹਾਂ ਲਗਾਏ’- (ਗੁਰ ਬਿਲਾਸ ਪਾਤਸ਼ਾਹੀ ਛੇਵੀਂ,        ਪੰਨਾ 17)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਲ ਅਵਸਥਾ ’ਚ ਇਸ ਅਸਥਾਨ ’ਤੇ ਖੇਡਦੇ ਰਹੇ ਅਤੇ ਪੰਚਮ ਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਗਤਾਂ ਸਮੇਤ ਬੋਹੜੀ ਸਾਹਿਬ ਰਸਤੇ ਵਹਿੰਗੀਆਂ ’ਤੇ ਲੰਗਰ ਲਿਆ ਕੇ ਆਪਣੇ ਹੱਥੀਂ ਸੰਗਤਾਂ ਨੂੰ ਵਰਤਾਇਆ ਕਰਦੇ ਸਨ। ਗੁਰਦੁਆਰਾ ਮੰਜੀ ਸਾਹਿਬ ਦੇ ਪਵਿੱਤਰ ਅਸਥਾਨ ’ਤੇ ਪੰਚਮ ਪਾਤਸ਼ਾਹ ਜੀ ਨੇ ਆਪਣੇ ਸਪੱੁਤਰ ਦੇ ਪ੍ਰਕਾਸ਼ ਲੈਣ ਦੀ ਖੁਸ਼ੀ ’ਚ ਤਿੰਨ ਹਲਟਾਂ ਖੂਹ ਦਾ ਨਿਰਮਾਣ ਕਰਵਾਇਆ ਜਿਸ ’ਤੇ ਤਿੰਨ ਮਾਲ੍ਹਾਂ ਚੱਲਣ ਕਰਕੇ ਇਸ ਦਾ ਨਾਮ ‘ਤਿੰਨ ਹਲਟਾਂ ਖੂਹ’ ਰੱਖਿਆ। ਇਸ ਖੂਹ ਵਿੱਚ ਵੀ ਗੁਰੂ ਜੀ ਨੇ ਹੋਰ ਖੂਹਾਂ ਵਾਂਗ ਨਾਨਕਸ਼ਾਹੀ ਨਿੱਕੀਆਂ ਇੱਟਾਂ ਦੀ ਚਿਣਵਾਈ ਕਰਵਾਉਣ ਤੋਂ ਇਲਾਵਾ ਮਿੱਟੀ ਦੀਆਂ ਬਣੀਆਂ ਟਿੰਡਾਂ ਨੂੰ ਆਪਣੇ ਲਗਵਾਏ ਆਵਿਆਂ (ਭੱਠੀਆਂ) ’ਤੇ ਪਕਵਾ ਕੇ ਤਿੰਨ ਮਾਲ੍ਹਾਂ ਚਲਾਉਣੀਆਂ ਕੀਤੀਆਂ ਜੋ ਲੱਕੜ ਦੇ ਬਣੇ ਬੈੜ ਉੱਤੇ ਮੁੰਜ ਦੀਆਂ ਬਣੀਆਂ ਰੱਸੀਆਂ ਨਾਲ ਬੰਨ੍ਹੀਆਂ ਹੁੰਦੀਆਂ ਸਨ। ਗੁਰੂ ਜੀ ਨੇ ਖੂਹ ਚਾਲੂ ਕਰਕੇ ਵਰ ਦਿੱਤਾ ਕਿ ‘ਜਿਹੜਾ ਵੀ ਪ੍ਰਾਣੀ ਇਸ ਖੂਹ ਦਾ ਪਵਿੱਤਰ ਜਲ ਸਤਿਕਾਰ ਨਾਲ ਛਕੇਗਾ, ਇਸ਼ਨਾਨ ਕਰਕੇ ਸੇਵਾ ਤੇ ਸਿਮਰਨ ਕਰੇਗਾ ਉਸ ਦੇ ਤਿੰਨੇ ਤਾਪਾਂ ਦਾ ਨਿਵਾਰਨ ਹੋ ਜਾਵੇਗਾ ਤੇ ਪ੍ਰਾਣੀ ਦੀ ਪ੍ਰਭੂ ਨਾਲ ਸਾਂਝ ਬਣੀ ਰਹੇਗੀ।
ਬਾਬਾ ਸਹਾਰੀ ਰੰਧਾਵਾ ਨੂੰਗੁਰੂ ਕਾ ਹਾਲੀਦਾ ਵਰ ਦੇਣਾ:
ਗੁਰਦੁਆਰਾ ਮੰਜੀ ਸਾਹਿਬ ਦੇ ਪਵਿੱਤਰ ਸਥਾਨ ’ਤੇ ਹੀ ਪੰਚਮ ਪਾਤਸ਼ਾਹ ਜੀ ਨੇ ਬਾਬਾ ਸਹਾਰੀ ਰੰਧਾਵਾ ਨੂੰ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਦਾ ਵਰ ਦੇ ਕੇ ਖੂਹਾਂ ਦੀ ਜ਼ਮੀਨ ਦਾ ਮਾਲਕ ਬਣਾਇਆ ਤੇ ਆਪ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ। ਯਾਦ ਰਹੇ ਕਿ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਭਾਈ ਸਹਾਰੀ ਰੰਧਾਵਾ ਨੂੰ ਘਣੀਏ ਕੇ ਬਾਂਗਰ (ਗੁਰਦਾਸਪੁਰ) ਤੋਂ ਖੁਦ ਲਿਆ ਕੇ ਗੁਰੂ ਕੀ ਵਡਾਲੀ ਵਿਖੇ ਪਰਿਵਾਰ ਸਮੇਤ ਵਸਾਇਆ। ਸਰਕਾਰੀ ਕਾਗਜ਼ਾਂ ਵਿੱਚ ਬਾਬੇ ਸਹਾਰੀ ਦੇ ਨਿਵਾਸ ਸਥਾਨ ਨੂੰ ਪਹਿਲਾਂ ‘ਗੁਰੂ ਕੀ ਪੱਤੀ’ ਤੇ ਬਾਅਦ ਵਿੱਚ ‘ਰੰਧਾਵਾ ਪੱਤੀ’ ਜਾਂ ‘ਗੁਰੂ ਕੇ ਹਾਲੀਆਂ ਦੀ ਪੱਤੀ’ ਦੇ ਸਤਿਕਾਰਤ ਨਾਵਾਂ ਨਾਲ ਜਾਣਿਆ ਜਾਣ ਲੱਗਾ। ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ‘ਮਹਾਨ ਕੋਸ਼’ ਵਿੱਚ ਹਵਾਲਾ ਦਿੰਦੇ ਲਿਖਦੇ ਹਨ:- ‘ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਤੋਂ ਕਈ ਵਾਰ ਗੁਰੂ ਕੀ ਵਡਾਲੀ ਵਿਖੇ ਮੰਜੀ ਸਾਹਿਬ ਸਥਾਨ ’ਤੇ ਆਪਣੇ ਸਿੱਖ ਭਾਈ ਸਹਾਰੀ ਦੀ ਖੇਤੀ ਵੇਖਣ ਆਇਆ ਕਰਦੇ ਸਨ ਜੋ ਗੁਰੂ ਕੇ ਲੰਗਰਾਂ ਲਈ ਕਰਦਾ ਸੀ’-(ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 1081)
ਪਿੰਡ ਗੁਰੂ ਕੀ ਵਡਾਲੀ ਵਿਖੇ ‘ਰੰਧਾਵੇ ਪਰਿਵਾਰ’ ਬਾਬਾ ਸਹਾਰੀ ਰੰਧਾਵਾ ਦੀ ਅੰਸ ਬੰਸ਼ ਵਿੱਚੋਂ ਹਨ ਜੋ ਗੁਰਦੁਆਰਾ ਮੰਜੀ ਸਾਹਿਬ (ਤਿੰਨ ਹਲਟਾ ਖੂਹ) ਅਤੇ ਇਤਿਹਾਸਕ ਖੂਹ ਚਾਰ ਹਲਟਾ (ਨੇੜੇ ਗੁਰਦੁਆਰਾ ਛੇਹਰਟਾ ਸਾਹਿਬ) ਵਿਖੇ ਆਪਣੀਆਂ ਜ਼ਮੀਨਾਂ ਵਿੱਚ ਵਸ ਰਹੇ ਹਨ।