Gurdwara San Sahib

ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ

ਇਹ ਪਿੰਡ ਬਾਸਰਕੇ ਗਿੱਲਾਂ ਦੇ ਚੜ੍ਹਦੇ ਪਾਸੇ ਸੜਕ ਤੇ ਸਥਿਤ ਹੈ । ਗੁਰਦੁਆਰਾ ਸੰਨ੍ਹ ਸਾਹਿਬ ਵਾਲੇ ਸਥਾਨ ਤੇ ਸ੍ਰੀ ਗੁਰੁ ਅਮਰ ਦਾਸ ਜੀ ਦੇ ਸਮੇਂ ਦਰੱਖਤਾ ਦੀ ਇੱਕ ਝੰਗੀ ਅਤੇ ਕੱਚਾ ਜਿਹਾ ਇੱਕ ਕੋਠਾ ਹੁੰਦਾ ਸੀ । ਜੋ ਪਿੰਡ ਦੇ ਵਾਗੀਆਂ ਨੇ ਮੀਂਹ ਕਣੀ ਦੇ ਬਚਾ ਲਈ ਪਾਇਆ ਸੀ, ਜਿੱਥੋਂ ਤੱਕ ਸੰਨ੍ਹ ਸਾਹਿਬ ਦੇ ਇਤਿਹਾਸ ਦਾ ਸਬੰਧ ਹੈ, ਜਦੋਂ ਗਰੂ ਅੰਗਦ ਜੀ ਨੇ ਗੁਰਗੱਦੀ ਗੁਰੁ ਅਮਰ ਦਾਸ ਜੀ ਨੇ ਤਾਂ ਗੁਰੁ ਅੰਗਦ ਦੇਵ ਜੀ ਦੇ ਸਪੁੱਤਰਾਂ ਦਾਤੂ ਅਤੇ ਦਾਸੂ ਨੇ ਇਸ ਦਾ ਕਰੜਾ ਵਿਰੋਧ ਕੀਤਾ ਤਾਂ ਗੁਰੁ ਅਮਰ ਦਾਸ ਜੀ ਬਿਨ੍ਹਾ ਕਿਸੇ ਨੂੰ ਦੱਸਿਆ ਗੋਇੰਦਵਾਲ ਤੋਂ ਬਾਸਰਕੇ ਆ ਗਏ ਅਤੇ ਇਸ ਜਗ੍ਹਾ ਚਰਾਂਦ ਵਿੱਚ ਵਾਗੀਆ ਵੱਲੋਂ ਮੀਂਹ ਕਣੀ ਅਤੇ ਧੁੱਪ ਤੋਂ ਬਚਾਅ ਲਈ ਬਣਾਏ ਕਮਰੇ ਵਿੱਚ ਬੈਠ ਕੇ ਭਜਨ ਬੰਦਗੀ ਕਰਨ ਲੱਗ ਪਏ ਅਤੇ ਬਾਹਰ ਲਿਖ ਦਿੱਤਾ ਕਿ ਜੋ ਬੂਹਾ ਖੋਲੇਗਾ ਉਹ ਗੁਰੁ ਦਾ ਸਿੱਖ ਨਹੀਂ ਹੋਵੇਗਾ । ਜਦ ਸਵੇਰ ਹੋਈ ਤਾਂ ਸ਼ਰਧਾਵਾਲ ਸਿੱਖਾਂ ਦਾ ਇਕੱਠ ਹੋਇਆ । ਗੁਰੂ ਜੀ ਦੀ ਭਾਲ ਲਈ ਵਿਚਾਰਾਂ ਹੋਈਆਂ ਅਤੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਭਾਲ ਲਈ ਅਰਜ ਕੀਤੀ ।ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਧੀਰਜ ਬਣਾਈ ਅਤੇ ਗੁਰੁ ਜੀ ਦੀ ਘੋੜੀ ਲਿਆਉਣ ਲਈ ਕਿਹਾ । ਘੋੜੀ ਰਾਤੋ ਰਾਤ ਕੀਤੇ ਦੂਹਰੇ ਪੈਂਡੇਂ ਨਾਲ ਮੁੜ੍ਹਕੋ-ਮੁੜ੍ਹਕੀ ਹੋਈ ਪਈ ਸੀ । ਘੋੜੀ ਅੱਗੇ-ਅੱਗੇ ਤੇ ਬਾਬਾ ਬੁੱਢਾ ਜੀ ਮਗਰ ਤੁਰ ਪਏ । ਬਾਬਾ ਬੁੱਢਾ ਜੀ ਦੇ ਪਿੱਛੇ ਸੰਗਤਾਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਤੁਰ ਪਈਆਂ । ਘੋੜੀ ਇਸ ਅਸਥਾਨ ਤੇ ਆ ਕੇ ਰੁਕ ਪਈ । ਬੂਹੇ ਤੇ ਗੁਰੂ ਜੀ ਦਾ ਹੁਕਮ ਲਿਖਿਆ ਪੜ੍ਹ ਕੇ ਸੰਗਤਾਂ ਉਦਾਸ ਹੋ ਗਈਆਂ ਕਿ ਗੁਰੁ ਜੀ ਦੀ ਹੁਕਮ ਅਦੂਲੀ ਕੋਣ ਕਰੂ ਅਤੇ ਗੁਰੁ ਜੀ ਦੇ ਦਰਸ਼ਨਾਂ ਤੋਂ ਵਾਂਝੇ ਕਿਵੈਨ ਰਹਿ ਲਈਏ । ਸੰਗਤਾਂ ਦੇ ਚਿਹਰਿਆਂ ਤੇ ਉਦਾਸੀ ਪੜ੍ਹ ਕੇ ਸੰਗਤਾਂ ਨੂੰ ਦਿਲਾਸਾ ਦਿੱਤਾ, ਧੀਰਜ ਬਣਾਈ ਅਤੇ ਜੁਗਤ ਵਰਤੀ । ਬਾਬਾ ਬੁੱਢਾ ਜੀ ਨੇ ਬੂਹਾ ਖੋਲ੍ਹਣ ਦੀ ਬਜਾਏ ਮਗਰੋਂ ਸੰਨ੍ਹ (ਪਾੜ) ਲਾ ਕੇ ਗੁਰੁ ਜੀ ਦੇ ਦਰਸ਼ਨ ਆਪ ਅਤੇ ਸੰਗਤਾਂ ਨੂੰ ਕਰਵਾਏ । ਇਸ ਅਸਥਾਨ ਦਾ ਵਰਨਣ “ਸੂਰਜ ਪ੍ਰਕਾਸ਼” ਵਿੱਚ ਇਸ ਤਰ੍ਹਾਂ ਕੀਤਾ ਹੈ, “ਸੰਨ੍ਹ ਬੀਚ ਨਰ ਜੋ ਲਖ ਜਾਏ । ਸੋ ਜਨ ਜੰਮ ਕੇ ਪੰਥ ਨਾ ਪਾਏ।

ਜਦ ਇਹ ਕੌਤਕ ਵਰਤਿਆ ਤਾਂ ਇਹ ਜਮੀਨ (ਜਿੱਥੇ ਹੁਣ ਗੁਰਦੁਆਰਾ ਸੰਨ੍ਹ ਸਾਹਿਬ ਸੁਸ਼ੋਬਿਤ ਹੈ) ਸ਼ੇਰ ਖਾਨ ਨਾਮੀਂ ਮੁਸਲਮਾਨ ਦੀ ਮਾਲਕੀ ਸੀ । ਪਿੱਛੋਂ ਉਸ ਦੇ ਪੁੱਤਰਾਂ ਦੇ ਨਾਂ ਤੇ ਪ੍ਰਾਚੀਨ ਦੇ ਪਿੰਡ ਬਾਸਰਕੇ ਦੇ ਪਿੰਡ ਪਹਾੜ ਬਾਹੀਕੇ ਕੋਟਲੀ ਮੀਆਂ ਖਾਂ ਅਤੇ ਲਗਭਗ ਇੱਕ ਕਿਲੋਮੀਟਰ ਚੜ੍ਹਦੇ ਪਾਸੇ ਕੋਟਲੀ ਨਸੀਰ ਖਾਂ ਸਥਿਤ ਹੈ । ਗੁਰਦੁਆਰਾ ਸੰਨ੍ਹ ਸਾਹਿਬ ਦੀ ਲੋਹ ਨਾਲ ਲਗਦੀ ਜਮੀਨ ਨਸੀਰ ਖਾਂ ਵੱਲੋਂ ਲੰਗਰ ਲਈ ਅਰਪਿਤ ਕੀਤੀ ਗਈ ਹੈ । ਪਰ ਕੁਝ ਵਿਦਵਾਨਾਂ ਦਾ ਕਥਨ ਹੈ ਕਿ ਗੁਰਦੁਆਰਾ ਸੰਨ੍ਹ ਸਾਹਿਬ ਦੀ ਜਮੀਨ ਕੋਟਲੀ ਨਸੀਰ ਖਾਂ ਦੇ ਸਮੁੰਦ ਖਾਂ ਪੱਟੀ ਨੇ ਲਵਾਈ ਹੈ । ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਪਹਿਲੇ ਪੁਜਾਰੀ ਨਿਰਮਲੇ ਸਨ ਅਤੇ ਪਹਿਲੀ ਸੇਵਾ ਸ੍ਰ: ਲਹਿਣਾ ਸਿੰਘ ਮਜੀਠੀਆ ਨੇ ਅਤੇ ਕੱਚੇ ਤਲਾਬ ਦੀ ਸੇਵਾ ਗੋਬਿੰਦ ਰਾਮ ਅੰਮ੍ਰਿਤਸਰ ਵਾਲਿਆਂ ਨੇ ਕਰਵਾਈ ਸੀ ।

ਜਿਵੇਂ ਇਤਿਹਾਸ ਵਿੱਚ ਜਿਕਰ ਹੈ ਕਿ ਸ੍ਰੀ ਗੁਰੁ ਰਾਮਦਾਸ ਜੀ ਜਿੰਨ੍ਹਾ ਦਾ ਪਹਿਲਾ ਨਾਂ ਭਾਈ ਜੇਠਾ ਸੀ । ਜਿੰਨ੍ਹਾ ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਸੀ, ਦੇ ਮਾਤਾ ਜੀ ਪੂਰੇ ਹੋ ਗਏ ਸਨ । ਜਿਸ ਕਾਰਨ ਇਹਨਾਂ ਦਾ ਪਾਲਣ ਪੋਸ਼ਣ ਪਿੰਡ ਬਾਸਰਕੇ ਵਿਖੇ ਮਾਸੀ ਕੋਲ ਰਹਿ ਕੇ ਹੋਇਆ । ਗੁਰੁ ਅਮਰ ਦਾਸ ਜੀ ਦੋ ਸਪੁਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹੜੀ ਜੀ ਅਤੇ ਦੋ ਪੁੱਤਰੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਸਨ । ਭਾਈ ਜੇਠਾ ਜੀ ਘੂੰਗਣੀਆਂ ਵੇਚਿਆ ਕਰਦੇ ਸਨ । ਇੱਕ ਦਿਨ ਮਾਤਾ ਲਛਮੀ ਜੀ ਨੇ ਗੁਰੁ ਅਮਰ ਦਾਸ ਜੀ ਨੂੰ ਕਿਹਾ ਕਿ ਆਪਣੀ ਭਾਨੀ ਵਿਆਹੁਣਯੋਗ ਹੋ ਗਈ ਹੈ, ਇਸ ਲਈ ਕੋਈ ਵਰ ਟੋਲੋ ਤਾਂ ਗੁਰੂ ਅਮਰ ਦਾਸ ਜੀ ਦੇ ਪੁੱਛਣ ਤੇ ਮਾਤਾ ਸੁਲੱਖਣੀ ਜੀ ਨੇ ਘੁੰਗਣੀਆ ਵੇਚ ਰਹੇ ਭਾਈ ਜੇਠਾ ਜੀ ਵੱਲ ਵੇਖ ਕੇ ਕਿਹਾ ਕਿ ਮੁੰਡਾ ਇਹੋ ਜਿਹਾ ਹੋਵੇ ਤਾਂ ਗੁਰੂ ਅਮਰ ਦਾਸ ਜੀ ਨੇ ਕਿਹਾ ਕਿ ਇਹਦੇ ਜਿਹਾ ਹੋ ਕੋਈ ਨਹੀਂ ਹੈ । ਇਸ ਲਈ ਬੀਬੀ ਭਾਨੀ ਜੀ ਲਈ ਇਹੀ ਵਰ ਠੀਕ ਹੈ ਤਾਂ ਮਾਤਾ ਜੀ ਨੇ ਸਤ ਬਚਨ ਕਹਿ ਕੇ ਸਵੀਕਾਰ ਕਰ ਲਿਆ ।

ਪਿੰਡ ਦੇ ਬਾਹਰ ਵਾਰ ਗੁਰਦੁਆਰਾ ਸੰਨ੍ਹ ਸਾਹਿਬ ਤੋਂ ਇੱਕ ਕਿਲੋਮੀਟਰ ਪਿੰਡ ਦੇ ਦੂਸਰੇ ਸਿਰੇ ਦੂਰਦਰਸ਼ਨ ਰੀਲੇਅ ਕੇਂਦਰ ਅੰਮ੍ਰਿਤਸਰ ਦਾ ਟੀ.ਵੀ. ਟਾਵਰ ਹੈ । ਇਹ ਟਾਵਰ ਇਸ ਪਿੰਡ ਝੰਡਾ ਸਿੰਘ ਬੂਦੀਆ ਦੇ ਟੱਬਰ ਦੀ ਜਮੀਨ ਵਿੱਚ ਹੈ । ਜਿਸ ਦੇ ਦੋ ਪੁਤਰ ਇਕਬਾਲ ਸਿੰਘ ਸ਼ਾਹ ਅਤੇ ਪਾਲ ਸਨ । ੧੯੭੩ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪਾਲ ਸਿੰਘ ਪਾਸੋਂ ਜਮੀਨ ਇਕੁਵਾਇਰ ਕਰਕੇ ਦੂਰਦਰਸ਼ਨ ਕੇਂਦਰ ਅੰਮ੍ਰਿਤਸਰ ਦਾ ਕੰਮ ਆਰੰਭਿਆ ਸੀ ਅਤੇ ਇਸ ਦਾ ਕੰਮ ਜੰਗੀ ਪੱਧਰ ਤੇ ਕਰਕੇ ਇਸ ਦਾ ਉਦਘਾਟਨ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ੧੯੭੪ ਵਿੱਚ ਕੀਤਾ ਸੀ । ਇਹ ਉਦਘਾਟਨੀ ਸਮਾਰੋਹ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਇਆ ਸੀ ਅਤੇ ਇਸ ਮੌਕੇ ਇਸ ਪਿੰਡ ਦੀਆਂ ਦੋ ਸਖਸ਼ੀਅਤਾਂ ਨੂੰ ਉਚੇਚੇ ਤੌਰ ਤੇ ਵਿਸ਼ੇਸ਼ ਨਿਮੰਤ੍ਰਿਤ ਕੀਤਾ ਗਿਆ ਸੀ । ਇਹਨਾਂ ਵਿਅਕਤੀਆ ਵਿੱਚ ਉਸ ਸਮੇਂ ਦੇ ਸਰਪੰਚ ਸ੍ਰ: ਹਰਭਜਨ ਸਿੰਘ ਗਿੱਲ ਅਤੇ ਮੇਰੇ ਪਿਤਾ ਜੀ ਗਿਆਨੀ ਹਜਾਰਾ ਸਿੰਘ ਪ੍ਰੇਮੀ ਉਸ ਸਮੇਂ ਦੇ ਮੈਨੇਜਰ ਗੁਰਦੁਆਰਾ ਸੰਨ੍ਹ ਸਾਹਿਬ ਸਨ । ਇਹ ਦੂਰਦਰਸ਼ਨ ਕੇਂਦਰ ਜਦੋਂ ਕਾਇਮ ਕੀਤਾ ਗਿਆ ਸੀ ਇਸ ਦੀ ਸਮਰੱਥਾ ੧੦ ਕਿਲੌਵਾਟ ਸੀ । ਜਿਸ ਦੀ ਸਮਰੱਥਾ ਹੁਣ ੧੫ ਕਿਲੋਵਾਟ ਕਰ ਦਿੱਤੀ ਗਈ ਹੈ । ਸਮਰੱਥਾ ਵਧਾਉਣ ਦਾ ਉਦਘਾਟਨ ਉਸ ਸਮੇਂ ਦੀ ਸੂਚਨਾ ਤੇ ਪ੍ਰਸਾਰਣ ਸ੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਕੀਤਾ ਗਿਆ । ਪਹਿਲਾਂ ਪਹਿਲ ਇੱਥੋਂ ਕੇਵਲ ਖਬਰਾਂ ਹੀ ਪੜ੍ਹੀਆ ਜਾਂਦੀਆਂ ਸਨ ਅਤੇ ਪ੍ਰੋਗਰਾਮ ਦਿੱਲੀ ਤੋਂ ਤਿਆਰ ਹੋ ਕੇ ਆਉਂਦੇ ਸਨ, ਜੋ ਪੰਜਾਬੀ ਸਭਿਆਚਾਰ ਤੋਂ ਕੋਹਾਂ ਦੂਰ ਹੁੰਦੇ ਸਨ । ਫਿਰ ਇਹ ਪ੍ਰੋਗਰਾਮ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਤਿਆਰ ਹੋ ਕੇ ਜਲੰਧਰੋਂ ਹੀ ਪ੍ਰਸਾਰਿਤ ਹੋਣ ਲੱਗ ਪਏ । ਇਹ ਕੇਂਦਰ ਕੇਵਲ ਦੂਰਦਰਸ਼ਨ ਰੀਲੇਅ ਕੇਂਦਰ ਹੀ ਬਣ ਕੇ ਰਹਿ ਗਿਆ ।

ਅਜਾਦੀ ਦੇ ਘੋਲ ਵਿੱਚ ਵੀ ਮੇਰੇ ਪਿੰਡ ਦੇ ਬਜੁਰਗਾਂ ਨੇ ਅਹਿਮ ਯੋਗਦਾਨ ਪਾਇਆ ਹੈ । ਮੇਰੇ ਪਿੰਗ ਦੇ ਉਜਾਗਰ ਸਿੰਘ ਪੁਤਰ ਦੇਵਾ ਸਿੰਘ, ਹਰ ਕੌਰ ਪਤਨੀ ਦੇਵਾ ਸਿੰਘ ਮਾਨੋਚਾਹਲੀਆ, ਵੀਰ ਸਿੰਘ ਠੇਕੇਦਾਰ, ਦਲੀਪ ਸਿੰਘ ਪੁਤਰ ਝੰਡਾ ਸਿੰਘ, ਬਾਊ ਕਰਤਾਰ ਸਿੰਘ (ਅਮਰੀਕਾ ਵਾਲੇ) ਅਤੇ ਬੂਟਾ ਸਿੰਘ ਨੇ ਅੰਗਰੇਜਾਂ ਵਿਰੁੱਧ ਘੋਲ ਵਿੱਚ ਯੋਗਦਾਨ ਪਾਇਆ ਹੈ । ਜਿਸ ਬਦਲੇ ਵਿੱਚ ਕਈਆਂ ਨੂੰ ਪੈਨਸ਼ਨ ਵੀ ਮਿਲੀ ਅਤੇ ਤਾਮਰ ਪੱਤਰ ਵੀ ਮਿਲੇ । ਬਾਊ ਕਰਤਾਰ ਸਿੰਘ ਨੂੰ ਛੱਡ ਕੇ ਬਾਕੀ ਸਾਰਿਆਂ ਨੇ ੯ ਮਹੀਨਿਆਂ ਤੋਂ ਲੈ ਕੇ ਸਾਲ ਤੱਕ ਕੈਦ ਵੀ ਕੱਟੀ ਸੀ ।

ਬਾਊ ਕਰਤਾਰ ਸਿੰਘ ਨੇ ਅਮਰੀਕਾ ਦੀ ਯੂਨੀਵਰਸਿਟੀ ਤੋਂ ੧੯੩੬ ਵਿੱਚ ਮਾਸਟਰ ਆਫ ਸਾਇੰਸ ਕੈਮੀਕਲ ਦੀ ਡਿਗਰੀ ਪ੍ਰਾਪਤ ਕੀਤੀ, ਉੱਥੇ ਇੱਕ ਅੰਗਰੇਜ ਵੱਲੋਂ ਮਿਹਣਾ ਮਾਰਨ ਤੇ ਕਿ ਤੁਸੀਂ ਭਾਰਤੀ ਕੀ ਹੋ ਅਸੀਂ ੪ ਕਰੋੜ ਦੀ ਅਬਾਦੀ ਵਾਲੇ ੩੨ ਕਰੋੜ ਭਾਰਤੀਆਂ ਤੇ ਰਾਜ ਕਰ ਰਹੇ ਹਾਂ ਅਤੇ ਤੁਹਾਨੂੰ ਕੁਸਕਣ ਨਹੀਂ ਦਿੰਦੇ । ਇਸ ਤੇ ਬਾਊ ਕਰਤਾਰ ਸਿੰਘ ਭਾਰਤ ਵਾਪਸ ਆ ਕੇ ਕੁਝ ਕਰਨ ਦਾ ਮਨ ਬਣਾਇਆ ਅਤੇ ਉਨ੍ਹਾਂ ਦਿਨਾਂ ਵਿੱਚ ਨਿਕਲਦੀ “ਗਦਰ” ਅਖਬਾਰ ਨਾਲ ਜੁੜ੍ਹ ਗਏ । ਅਜਾਦੀ ਸੰਗਰਾਮ ਵਿੱਚ ਹਿੱਸਾ ਪਾਉਣ ਲਈ ਇਹਨਾਂ ਨੂੰ ਉੱਥੇ ਇੱਕ ਸਾਲ ਦੀ ਕੈਦ ਹੋਈ । ਰਿਹਾਅ ਹੋਣ ਤੇ ਇੰਨ੍ਹਾ ਭਾਰਤ ਆਉਣ ਦੀ ਇੱਛਾ ਜਾਹਰ ਕੀਤੀ ਪਰ ਅੰਗਰੇਜ ਹਕੂਮਤ ਨੇ ਇਹਨਾਂ ਦੇ ਭਾਰਤ ਆਉਣ ਤੇ ਪਾਬੰਦੀ ਲਗਾ ਦਿੱਤੀ । ਇੱਕ ਹਿੰਦੁਸਤਾਨੀ ਲਕਸ਼ਮੀ ਨਾਂ ਦੇ ਵਿਅਕਤੀ ਨੇ ਇਹਨਾਂ ਨੂੰ ਭਾਰਤ ਭੇਜਣ ਵਿੱਚ ਸਹਾਇਤਾ ਕੀਤੀ ਤਾਂ ਅੰਗਰੇਜਾਂ ਨੇ ਉਹਨਾਂ ਖਿਲਾਫ ਨਾ ਬੋਲਣ ਦੀ ਸ਼ਰਤ ਤੇ ਚੰਗੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਜੋ ਇਹਨਾਂ ਨੇ ਠੁਕਰਾ ਦਿੱਤੀ । ਇੱਥੈ ਇਹਨਾਂ ਦਾ ਮੇਲ ਬਾਬਾ ਸੋਹਣ ਸਿੰਘ ਭਕਨਾ ਨਾਲ ਹੋ ਗਿਆ ਅਤੇ ਇਹਨਾਂ ਨੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ । ਅੰਗਰੇਜ ਹਕੂਮਤ ਨੇ ਇਹਨਾਂ ਨੂੰ ਘਰ ਵਿੱਚ ਹੀ ਨਜਰਬੰਦ ਕਰ ਦਿੱਤਾ ਅਤੇ ਇਹਨਾਂ ਦੀਆਂ ਸਰਗਰਮੀਆਂ ਤੇ ਕਰੜੀ ਨਿਗ੍ਹਾ ਰੱਖੀ ਜਾਣ ਲੱਗੀ । ੧੯੩੯ ਵਿੱਚ ਇਹਨਾਂ ਦੀ ਸ਼ਾਦੀ ਬੀਬੀ ਪ੍ਰੀਤਮ ਕੌਰ (ਜਿਸ ਨੂੰ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਪੁੱਤਰੀ ਬਣਾਇਆ ਸੀ) ਨਾਲ ਹੋਈ । ਆਪ ਨੂੰ ਮੁੜ੍ਹ ੧੯੪੦ ਵਿੱਚ ਘਰ ਵਿੱਚ ਨਜਰਬੰਦ ਕੀਤਾ ਗਿਆ ਪਰ ਆਪ ਕਾਮਰੇਡ ਅੱਛਰ ਸਿੰਘ ਛੀਨਾ ਦੀ ਮਦਦ ਨਾਲ ਪਿੰਡੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਜਲਦੀ ਪਕੜੇ ਗਏ । ਜਿਸ ਕਾਰਨ ਆਪ ਦੋ ਸਾਲ ਡੋਲੀ ਜੇਲ ਵਿੱਚ ਰਹੇ । ਰਿਹਾਅ ਹੋਣ ਉਪਰੰਤ ਇਹਨਾਂ ਅੰਗਰੇਜਾਂ ਦੇ ਖਿਲਾਫ ਲਾਹੌਰ ਵਿੱਚ ਹੋਏ ਪ੍ਰਦਰਸ਼ਨ ਵਿੱਚ ਭਾਗ ਲਿਆ ਅਤੇ ਮੁੜ੍ਹ ਮੁਲਤਾਨ ਜੇਲ ਵਿੱਚ ਚਲੇ ਗਏ । ਦੇਸ਼ ਅਜਾਦ ਹੋਣ ਉਪਰੰਤ ਉਹਨਾਂ ਨੇ ਜਗਾਧਰੀ, ਆਮੋਸੀ (ਲਖਨਊ) ਅਤੇ ਕਲਕੱਤਾ ਮਿੱਲ ਦੇ ਉੱਚ ਅਧਿਕਾਰੀ ਵਜੋਂ ਨੌਕਰੀ ਕੀਤੀ ਅਤੇ ਅਖੀਰ ਸਿਹਤ ਠੀਕ ਨਾ ਹੋਣ ਕਾਰਨ ਨੌਕਰੀ ਛੱਡ ਨੈਨੀਤਾਲ ਵਿਖੇ ਜਮੀਨ ਖਰੀਦ ਲਈ । ਅਖੀਰ ਭਾਰਤ ਦੇ ਸਪੂਤ ਮੇਰੇ ਪਿੰਡ ਦੇ ਅਜਾਦੀ ਸੰਗਰਾਮੀਏ ਨੇ ੧੭ ਸਤੰਬਰ ੧੯੯੭ ਨੂੰ ਲਿਆ।
ਅੱਛਰ ਸਿੰਘ ਛੀਨਾ ਦੇ ਸਪੁਤਰ ਕਵੀ ਜਗਤਾਰ ਗਿੱਲ ਹਨ । ਜਿੰਨ੍ਹਾ ਨੂੰ ਅੱਤਵਾਦੀਆਂ ਨੇ ਆਪਣੀ ਗੋਲੀਆਂ ਦਾ ਨਿਸ਼ਾਨਾ ਬਣਾਇਆ । ਜਗਤਾਰ ਗਿੱਲ ਜਖਮੀ ਹੋ ਗਿਆ ਪਰ ਬਚ ਗਏ ਅਤੇ ਪਿੰਡ ਛੱਡ ਗਏ ।

ਮੇਰੇ ਪਿੰਡ ਦਾ ਰਾਜਨੀਤਕ ਖੇਤਰ ਵਿੱਚ ਵੀ ਚੰਗਾ ਨਾਂ ਹੈ ।ਪਹਿਲਾਂ ਕਿਸੇ ਸਮੇਂ ਜਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਅੰਮ੍ਰਿਤਸਰ ਦੇ ਪ੍ਰਧਾਨ ਰਹੇ ਸ੍ਰੀ ਸਾਧੂ ਰਾਮ ਸ਼ਰਮਾ ਵੀ ਇਸੇ ਪਿੰਡ ਦੇ ਜੰਮਪਲ ਸਨ ਅਤੇ ੧੯੭੨ ਵਿੱਚ ਸ੍ਰ: ਕ੍ਰਿਪਾਲ ਸਿੰਘ ਪ੍ਰਧਾਨ ਦੇ ਨਾਲ ਮਿਊਂਸੀਪਲ ਕਮੇਟੀ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਸ੍ਰੀ ਕ੍ਰਿਸ਼ਨ ਭੱਲਾ ਦਾ ਜਨਮ ਨਗਰ ਵੀ ਬਾਸਰਕੇ ਗਿੱਲਾਂ ਹੀ ਸੀ ।ਕਿਸੇ ਸਮੇਂ ਛੇਹਰਟਾ ਸਰਕਲ ਦੇ ਪ੍ਰਧਾਨ ਰਹੇ ਅਤੇ ਅੰਮ੍ਰਿਤਸਰ ਸੈਂਟਰਕ ਕੋਆਪਰਟਿਵ ਦੇ ਡਾਇਰੈਕਟਰ ਰਹੇ ਜਥੇਦਾਰ ਚੂਹੜ ਸਿੰਘ ਵੀ ਇਸੇ ਪਿੰਡ ਦੇ ਸਨ । ਹੁਣ ਇਹਨਾਂ ਦਾ ਸਪੁਤਰ ਸ੍ਰੀ ਸਤਨਾਮ ਸਿੰਘ ਛੇਹਰਟਾ ਸਰਕਲ (ਅਕਾਲੀ ਦਲ ਬਾਦਲ) ਦੇ ਪ੍ਰਧਾਨ ਹਨ ।

ਲੰਮਾ ਸਮਾਂ ਅਕਾਲੀ ਦਲ ਵਿੱਚ ਕੰਮ ਕਰਨ ਵਾਲੇ ਅਤੇ ਹੁਣ ਕਾਂਗਰਸੀ ਆਗੂ ਇੰਦਰਜੀਤ ਸਿੰਘ ਬਾਸਰਕੇ ਜੋ ਮੇਰੇ ਛੋਟੇ ਭਾਈ ਸਾਹਿਬ ਹਨ, ਅੱਜ ਕੱਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਹਨ । ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ । ਆਪ ਕੈਪਟਨ ਅਮਰਿੰਦਰ ਸਿੰਘ, ਸਮਸ਼ੇਰ ਸਿੰਘ ਦੂਲੋ ਅਤੇ ਐਚ.ਐਸ. ਹੰਸਪਾਲ ਦੀ ਪ੍ਰਧਾਨਗੀ ਸਮੇਂ ਲਗਾਤਾਰ ਪੰਜ ਸਾਲ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ (ਦਿਹਾਤੀ) ਰਹੇ ਹਨ । ਆਪ ਜਿਲ੍ਹਾ ਯੋਜਨਾ ਬੋਰਡ, ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ, ਮਾਰਕੀਟ ਕਮੇਟੀ ਅੰਮ੍ਰਿਤਸਰ, ਉੱਤਰੀ ਰੇਲਵੇ ਸਲਾਹਕਾਰ ਕਮੇਟੀ ਦੇ ਮੈਂਬਰ ਰਹਿਣ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ (ਪੱਛੜੀਆਂ ਸ਼੍ਰੇਣੀਆਂ ਸੱੈਲ) ਦੇ ਚੇਅਰਮੈਨ ਅਤੇ ਕਨਵੀਨਰ ਵੀ ਰਹੇ ਹਨ । ੧੯੫੨ ਤੋਂ ਪੰਜਾਬ ਪੰਚਾਇਤੀ ਰਾਜ ਐਕਟ ਲਾਗੂ ਹੋਣ ਉਪਰੰਤ ਮੇਰੇ ਪਿੰਡ ਦੇ ਸਰਪੰਚ ਸਵਰਗੀ ਚੰਨਣ ਸਿੰਘ, ਹਰਭਜਨ ਸਿੰਘ, ਸਰਵਨ ਸਿੰਘ ਨੰਬਰਦਾਰ, ਸਵਰਗੀ ਹਰਪਾਲ ਸਿੰਘ ਗਿੱਲ, ਕਾਬਲ ਸਿੰਘ, ਆਸ਼ਾ ਰਾਣੀ ਰਹੇ ਹਨ ਅਤੇ ਮੌਜੂਦਾ ਸਰਪੰਚ ਦਲਬੀਰ ਸਿੰਘ ਹੈ ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ । ਹਰਭਜਨ ਸਿੰਘ ਗਿੱਲ ਅਤੇ ਸਵਰਗੀ ਹਰਪਾਲ ਸਿੰਘ, ਬੀਰ ਕੌਰ ਪੰਚਾਇਤ ਸੰਮਤੀ ਵੇਰਕਾ ਦੇ ਮੈਂਬਰ ਰਹੇ ਹਨ ਅਤੇ ਹੀਰਾ ਸਿੰਘ ਆੜ੍ਹਤੀਆ ਇਸ ਸਮੇਂ ਪੰਚਾਇਤ ਸੰਮਤੀ ਦਾ ਮੈਂਬਰ ਹੈ ।

ਸਮਾਜ ਭਲਾਈ ਕਾਰਜਾਂ ਵਿੱਚ ਸਰਗਰਮ ਰੋਲ ਨਿਭਾ ਰਹੀਆਂ ਸੁਸਾਇਟੀਆਂ ਵਿੱਚ ਭਾਈ ਗੁਰਦਾਸ ਭਲਾਈ ਕੇਂਦਰ ਅਤੇ ਬਾਸਰਕੇ ਗਿੱਲਾਂ ਗ੍ਰਾਮੀਣ ਵਿਕਾਸ ਸੁਸਾਇਟੀ ਹੈ । ਜੋ ਗਾਹੇ- ਬਗਾਹੇ ਮੈਡੀਕਲ ਚੈਕ ਅੱਪ ਅਤੇ ਅੱਖਾਂ ਦੇ ਕੈਂਪ ਲਗਾ ਕੇ ਮੁਫਤ ਦਵਾਈਆਂ ਮੁਹੱਈਆ ਕਰਨ ਦੇ ਨਾਲ-ਨਾਲ ਗਰੀਬ ਵਿੱਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੀ ਦਿੰਦੀਆ ਹਨ । ਇਸ ਸਮੇਂ ਭਲਾਈ ਕੇਂਦਰ ਕਾਰਜਕਰਤਾਵਾਂ ਵਿੱਚ ਗੁਰਦਿਆਲ ਸਿੰਘ ਅਤੇ ਡਾ: ਜਸਬੀਰ ਸਿੰਘ ਅਤੇ ਸੁਸਾਇਟੀ ਦੇ ਕਾਰਜ ਕਰਤਾਵਾਂ ਵਿੱਚ ਅਜਮੇਰ ਸਿੰਘ ਬਾਸਰਕੇ, ਅਜੀਤ ਸਿੰਘ ਗਿੱਲ, ਨਿਰਮਲ ਸਿੰਘ ਅਤੇ ਮਾਸਟਰ ਜਗਤਾਰ ਸਿੰਘ ਸ਼ਾਮਿਲ ਹਨ ।