Gurdwara Guru Amar Das Ji

ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਤੀਸਰੀ

ਅੰਮ੍ਰਿਤਸਰ ਦੀ ਸਨਅਤੀ ਅਤੇ ਇਤਿਹਾਸਿਕ ਉਪ ਨਗਰੀ ਛੇਹਰਟਾ ਤੋਂ ੭ ਕਿਲੋਮੀਟਰ ਦੱਖਣ ਬਾਹੀ ਘੁੱਗ ਵਸਦਾ ਪਿੰਡ ਬਾਸਰਕੇ ਗਿੱਲਾਂ ਹੈ । ਜਿਸ ਨੂੰ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਨਗਰ ਹੋਣ ਦਾ ਮਾਣ ਹਾਸਿਲ ਹੈ । ਇਸ ਨਗਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ੫ ਮਈ ੧੪੭੯ ਨੂੰ ਸ੍ਰੀ ਤੇਜ ਭਾਨ ਭੱਲੇ ਖੱਤਰੀ ਦੇ ਘਰ ਮਾਤਾ ਸੁਲੱਖਣੀ (ਲਛਮੀ) ਦੀ ਕੁੱਖੋਂ ਹੋਇਆ । ਇਹ ਅਸਥਾਨ ਗੁਰਦੁਆਰਾ ਸੰਨ੍ਹ ਸਾਹਿਬ ਤੋਂ ਦੋ ਕੁ ਫਰਲਾਂਗ ਪਿੰਡ ਦੇ ਬਾਹਰਵਾਰ ਛੇਹਰਟਾ ਝਬਾਲ ਰੋਡ ਤੇ ਸਥਿਤ ਹੈ । ਗੁਰੁ ਅਮਰਦਾਸ ਜੀ ਮੁੱਢ ਤੋਂ ਹੀ ਧਾਰਮਿਕ ਬਿਰਤੀਆਂ ਦੇ ਮਾਲਕ ਸਨ । ਆਪ ਨੇ ੨੧ ਵਾਰ ਗੰਗਾ ਦੀ ਯਾਤਰਾ ਵੀ ਕੀਤੀ । ਪਰ ਮਨ ਦੀ ਭਟਕਣਾ ਦੂਰ ਨਾ ਹੋਈ । ਜਦ ਆਪ ਨੇ ਇੱਕ ਦਿਨ ਪਹਿਰ ਦੇ ਤੜ੍ਹਕੇ ਬੀਬੀ ਅਮਰੋ ਜੀ ਤੋਂ ਗੁਰੁ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਆਪ ਦਾ ਮਨ ਸ਼ਾਂਤ ਹੋ ਗਿਆ ਅਤੇ ਆਪ ਨੇ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਗੁਰੁ ਜੀ ਦੇ ਦਰਸ਼ਨਾਂ ਨੂੰ ਗਏ ਅਤੇ ਖਡੂਰ ਸਾਹਿਬਦੇ ਹੋ ਕੇ ਹੀ ਰਹਿ ਗਏ । ਬੀਬੀ ਅਮਰੋ ਗੁਰੁ ਅੰਗਦ ਦੇਵ ਜੀ ਦੀ ਸਪੁੱਤਰੀ, ਗੁਰੁ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਜੀ ਨਾਲ ਵਿਆਹੇ ਸਨ । ਜਿੰਨ੍ਹਾ ਦੀ ਯਾਦ ਵਿੱਚ ਗੁਰਦੂਆਰਾ ਜਨਮ ਅਸਥਾਨ ਦੇ ਨਾਲ ਹੀ ਗੁਰਦੁਆਰਾ ਅੰਗੀਠਾ ਬੀਬੀ ਅਮਰੋ ਜੀ ਸੁਸ਼ੋਬਿਤ ਹੈ । ਇਸ ਅਸਥਾਨ ਤੇ ਬੀਬੀ ਅਮਰੋ ਜੀ ਦਾ ਸਸਕਾਰ ਕੀਤਾ ਗਿਆ ਸੀ ।

ਇਸ ਨਗਰ ਵਿਖੇ ਉਪਰੋਕਤ ਧਾਰਮਿਕ ਅਸਥਾਨਾਂ ਤੋਂ ਇਲਾਵਾ ਗੁਰਦੁਆਰਾ ਸੰਨ੍ਹ ਸਾਹਿਬ ਵੀ ਸੁਸ਼ੋਬਿਤ ਹੈ । ਜਿਸ ਦਾ ਸਬੰਧ ਗੁਰੁ ਅਮਰਦਾਸ ਜੀ ਅਤੇ ਬਾਬਾ ਬੁੱਢਾ ਜੀ ਨਾਲ ਹੈ । ਜਦੋਂ ਗੁਰੁ ਅੰਗਦ ਦੇਵ ਜੀ ਨੇ ਗੁਰ ਗੱਦੀ ਗੁਰੁ ਅਮਰਦਾਸ ਜੀ ਨੂੰ ਸੋਂਪੀ ਤਾਂ ਗੁਰੁ ਅੰਗਦ ਦੇਵ ਜੀ ਦੇ ਪੁੱਤਰਾਂ ਦਾਤੂ ਅਤੇ ਦਾਸੂ ਨੇ ਕਰੜ੍ਹਾ ਵਿਰੋਧ ਕੀਤਾ । ਜਿਸ ਤੇ ਗੁਰੁ ਅਮਰਦਾਸ ਜੀ ਬਿਨ੍ਹਾ ਕਿਸੇ ਨੂੰ ਦੱਸਿਆਂ ਰਾਤੋ ਰਾਤ ਗੋਇੰਦਵਾਲ ਸਾਹਿਬ ਤੋਂ ਆਪਣੇ ਨਗਰ ਪਿੰਡ ਬਾਸਰਕੇ ਵਿਖੇ ਆ ਗਏ ਅਤੇ ਚਰਾਂਦ ਵਿੱਚ ਵਾਗੀਆਂ ਵੱਲੋਂ ਮੀਹ ਕਣੀ ਤੋਂ ਬਚਣ ਲਈ ਬਣਾਏ ਇੱਕ ਕੱਚੇ ਕੋਠੇ ਵਿੱਚ ਬੈਠ ਕੇ ਭਜਨ ਬੰਦਗੀ ਕਰਨ ਲੱਗ ਪਏ । ਜਦੋਂ ਸਵੇਰ ਹੋਈ ਤਾਂ ਗੋਇੰਦਵਾਲ ਗੁਰੁ ਜੀ ਬਿਨ੍ਹਾ ਭਾਂ-ਭਾਂ ਕਰ ਰਿਹਾ ਸੀ । ਗੁਰੁ ਬਿਨ੍ਹਾ ਸੰਗਤਾਂ ਦੀ ਹਾਲਤ ਪਾਣੀ ਬਿਨ੍ਹ ਮੱਛਲੀ ਵਰਗੀ ਸੀ । ਚੋਣਵੇਂ ਸਿੱਖਾਂ ਦਾ ਇਕੱਠ ਹੋਇਆ ਅਤੇ ਬਾਬਾ ਬੁੱਢਾ ਜੀ ਨੂੰ ਗੁਰੁ ਜੀ ਨਾਲ ਮਿਲਣ ਦੀ ਬੇਨਤੀ ਕੀਤੀ । ਬਾਬਾ ਬੁੱਢਾ ਜੀ ਦਾ ਜਦੋਂ ਰਾਤੋ ਰਾਤ ਕੀਤੇ ਦੋਹਰੇ ਪੈਂਡੇ ਨਾਲ ਮੁੜ੍ਹਕੋ ਮੁੜ੍ਹਕੀ ਹੋਈ ਘੋੜੀ ਨੂੰ ਤਾਂ ਸਾਰੀ ਗੱਲ ਸਮਝ ਗਏ । ਗੁਰੁ ਜੀ ਨੇ ਘੋੜੀ ਖੋਲ੍ਹ ਦਿੱਤੀ ਅਤੇ ਆਪ ਸੰਗਤਾਂ ਨਾਲ “ਸਤਿਨਾਮ ਵਾਹਿਗੁਰੂ” ਦਾ ਜਾਪ ਕਰਦੇ ਹੋਏ ਸੰਗਤਾਂ ਦੇ ਨਾਲ ਤੁਰ ਪਏ । ਘੋੜੀ ਨੇ ਆ ਕੇ ਉਸ ਅਸਥਾਨ ਤੇ ਨਮਸ਼ਕਾਰ ਕੀਤੀ ਜਿੱਥੇ ਗੁਰੁ ਅਮਰਦਾਸ ਜੀ ਨੂੰ ਛੱਡ ਕੇ ਗਈ ਸੀ ।

ਸੰਗਤਾਂ ਬੂਹੇ ਤੇ ਲਿਖੇ ਸ਼ਬਦ ਨੂੰ ਪੜ੍ਹ ਕੇ ਉਦਾਸ ਹੋ ਗਈਆ । ਜਿਸ ਤੇ ਲਿਖਿਆ ਸੀ ਜੋ ਦਰਵਾਜਾ ਖੋਲੇਗਾ ਗੁਰੂ ਦਾ ਸਿੱਖ ਨਹੀਂ ਹੋਵੇਗਾ । ਬਾਬਾ ਬੁੱਢਾ ਜੀ ਨੇ ਦਰਵਾਜਾ ਖੋਲ੍ਹਣ ਦੀ ਬਜਾਏ ਮਗਰੋਂ ਸੰਨ੍ਹ (ਪਾੜ) ਲਾ ਕੇ ਗੁਰੂ ਜੀ ਦੇ ਦਰਸ਼ਨ ਆਪ ਕੀਤੇ ਤੇ ਸੰਗਤਾਂ ਨੂੰ ਕਰਵਾਏ । ਇਸੇ ਕਰਕੇ ਇਸ ਅਸਥਾਨ ਨੂੰ ਗੁਰਦੁਆਰਾ ਸੰਨ੍ਹ ਸਾਹਿਬ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਹੈ । ਗੁਰੂ ਅਮਰਦਾਸ ਜੀ ਨੇ ਇਸ ਅਸਥਾਨ ਨੂੰ ਵਰ ਦਿੱਤਾ ਕਿ ਜੋ ਮਾਈ ਭਾਈ ਇਸ ਸੰਨ੍ਹ ਵਿਚਦੀ ਲੰਘ ਜਾਵੇਗਾ । ਉਹ ਚੌਰਾਸੀ ਦੇ ਗੇੜ ਤੋਂ ਮੁਕਤ ਹੋ ਜਾਵੇਗਾ ।