Gurudwara Chheharta Sahib

ਗੁਰਦੁਆਰਾ ਛੇਹਰਟਾ ਸਾਹਿਬ                                                            

ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਤੋਂ ਸਾਢੇ-ਕੁ ਸੱਤ ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਅੰਮ੍ਰਿਤਸਰ ਤੋਂ ਕੁਝ ਸੇਵਕਾਂ ਨਾਲ ਇਥੇ ਜੰਗਲ ਵਿੱਚ ਬੇਰੀ ਹੇਠ ਠਹਿਰੇ ਅਤੇ ਨਜ਼ਦੀਕੀ ਪਿੰਡ ਨੱਤਾਂ ਦੀ ਵਡਾਲੀ ਦੇ ਵਸਨੀਕ ਭਾਈ ਭਾਗੂ ਦੀ ਬੇਨਤੀ ’ਤੇ ਮਾਤਾ ਗੰਗਾ ਜੀ ਉਸ ਦੇ ਘਰ ਪਧਾਰੇ ਸਨ। ਪਿੰਡ ਦੇ ਵਸਨੀਕ ਖਾਨ ਤੇ ਢੋਲ ਨੇ ਗੁਰੂ ਜੀ ਪਾਸ ਉਨ੍ਹਾਂ ਦੇ ਪਿੰਡ ਨੂੰ ਵਸਾਉਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਸ ਪਿੰਡ ਦਾ ਨਾਮ ਗੁਰੂ ਕੀ ਵਡਾਲੀ ਰੱਖਿਆ। ਖਾਨ ਅਤੇ ਢੋਲ ਨੇ ਇਸ ਕੰਮ ਲਈ ਜ਼ਮੀਨ ਭੇਟ ਕੀਤੀ। ਗੁਰੂ ਜੀ ਨੇ ਇਸ ਨੂੰ ਅਬਾਦ ਕਰਨ ਤੇ ਇਲਾਕੇ ਦੀਆਂ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 21 ਖੂਹ ਸ਼ੁਰੂ ਕਰਨ ਦਾ ਫੈਸਲਾ ਲਿਆ। ਬਾਬਾ ਸਹਾਰੀ ਜੀ ਇਸ ਜ਼ਮੀਨ ਨੂੰ ਅਬਾਦ ਕਰਨ ਲਈ ਗੁਰੂ ਘਰ ਦਾ ਹਾਲੀ ਬਣਿਆ। ਗੁਰੂ ਜੀ ਨੇ ਬਾਬਾ ਸਿੱਧ ਨਾਂ ਦੇ ਇੱਕ ਸਿੱਖ ਨੂੰ ਵਰ ਦਿੱਤਾ ਕਿ ਉਨ੍ਹਾਂ ਦੇ ਜੀਆਂ ਕੋਲੋਂ ਕੋਹੜ ਦਾ ਰੋਗ ਠੀਕ ਹੋਇਆ ਕਰੇਗਾ।
ਬਾਬਾ ਬੁੱਢਾ ਜੀ ਦੇ ਬਚਨਾਂ ਅਨੁਸਾਰ ਬਾਲਕ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾਂ ਦੀ ਕੁੱਖੋਂ ਹਾੜ ਦੀ ਪੂਰਨਮਾਸ਼ੀ ਬਿਕਰਮੀ 1652 (ਜੂਨ 1595 ਈਸਵੀ) ਨੂੰ ਪ੍ਰਕਾਸ਼ ਧਾਰਿਆ। ਗੁਰੂ ਅਰਜਨ ਦੇਵ ਇੱਕ ਦਿਨ ਬੇਰੀ ਹੇਠ ਭਗਤੀ ’ਚ ਲੀਨ ਸਨ ਕਿ ਸੰਗਤ ਨੇ ਆ ਕੇ ਵਧਾਈ ਦਿੱਤੀ ਤੇ ਗੁਰੁੂ ਸਾਹਿਬ ਨੇ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ’ਚ ਇਥੇ 6 ਹਰਟਾਂ ਵਾਲਾ ਖੂਹ ਲਗਾਉਣ ਦਾ ਫੈਸਲਾ ਕੀਤਾ। ਇਸ ਸਥਾਨ ’ਤੇ ਅੱਜਕੱਲ੍ਹ ਗੁਰਦੁਆਰਾ ਛੇਹਰਟਾ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਨੇ ਬਚਨ ਕੀਤੇ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਇਥੇ ਆ ਕੇ ਖੁਸ਼ੀ ਪ੍ਰਾਪਤ ਹੁੰਦੀ ਹੈ ਅਤੇ ਜਿਨ੍ਹਾਂ ਘਰ ਔਲਾਦ ਨਹੀਂ ਜੇ ਉਹ ਇਸ ਸਥਾਨ ’ਤੇ 12 ਪੰਚਮੀਆਂ ਇਸ਼ਨਾਨ ਕਰਨ ਤਾਂ ਉਨ੍ਹਾਂ ਨੂੰ ਵੀ ਖੁਸ਼ੀਆਂ ਪ੍ਰਾਪਤ ਹੋਣਗੀਆਂ
ਪੰਜਾਬ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਸਾਡਾ ਭਾਰਤ ਰੁੱਤਾਂ ਦਾ ਦੇਸ਼ ਹੈ ਅਤੇ ਸਾਲ ਦੀਆਂ ਵਾਰੋ-ਵਾਰੀ ਆਉਂਦੀਆਂ ਛੇ ਰੁੱਤਾਂ ਭਾਵੇਂ ਕਿ ਸਾਰੀਆਂ ਹੀ ਆਪੋ-ਆਪਣਾ ਮਹੱਤਵ ਰੱਖਦੀਆਂ ਹਨ ਪਰ ਇਨ੍ਹਾਂ ਸਭਨਾਂ ’ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਇਸੇ ਕਾਰਨ ਹੀ ਇਸ ਨੂੰ ਰੁੱਤਾਂ ਦਾ ਰਾਜਾ ਕਿਹਾ ਗਿਆ ਹੈ। । ਬਸੰਤ ਰੁੱਤ ਫਰਵਰੀ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਕੇ ਮਾਰਚ ਦੇ ਅੱਧ ਤੱਕ ਪੂਰੇ ਜੋਬਨ ’ਤੇ ਆ ਜਾਂਦੀ ਹੈ। ਖੇਤਾਂ ਵਿੱਚ ਖਿੜੇ-ਪੀਲੇ ਰੰਗ ਦੇ ਸਰ੍ਹੋਂ ਦੇ ਫੁੱਲ ਇੰਜ ਲੱਗਦੇ ਹਨ ਜਿਵੇਂ ਕੁਦਰਤ ਨੇ ਸੁਨਹਿਰੀ ਫੁਲਕਾਰੀ ਤਾਣ ਲਈ ਹੋਵੇ ਤੇ ਉਸ ਦਾ ਜੋਬਨ ਠਾਠਾ ਮਾਰ ਰਿਹਾ ਹੋਵੇ। ਟਾਹਲੀ ਦੇ ਰੁੱਖਾਂ ਦੇ ਕੋਮਲ ਪੱਤੇ ਪੀਲੀ ਭਾਅ ਮਾਰਨ ਲੱਗ ਪੈਂਦੇ ਹਨ। ਪਹਿਲੀ, ਤੀਜੀ, ਚੌਥੀ, ਪੰਜਵੀਂ ਅਤੇ ਨੌਵੀਂ ਪਾਤਸ਼ਾਹੀ ਨੇ ਬਸੰਤ ਰਾਗ ਵਿੱਚ ਬਾਣੀ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਚਿਤ੍ਰਣ ਦਾ ਕਮਾਲ ਵੇਖਣ ਵਾਲਾ ਹੈ ਸ੍ਰੀ ਗੁਰੂ ਅਮਰਦਾਸ ਜੀ ਬਸੰਤ ਰਾਗ ਵਿੱਚ ਬਾਣੀ ਰਚਦਿਆਂ ਫੁਰਮਾਨ ਕਰਦੇ ਹਨ।
ਮਾਹਾ ਰੁਤੀ ਮਹਿ ਜੀਅ ਜੰਤੂ
ਬਸੰਤ ਪੰਚਮੀ ਨੂੰ ਅਨੇਕਾਂ ਥਾਵਾਂ ’ਤੇ ਮੇਲੇ ਲੱਗਦੇ ਹਨ।  ਇਸੇ ਤਰ੍ਹਾਂ ਹੀ ਪੂਰਬੀ ਪੰਜਾਬ ਵਿੱਚ ਛੇਹਰਟਾ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਵਿਖੇ ਬਸੰਤ ਪੰਚਮੀ ਦਾ ਮੇਲਾ ਬੜਾ ਮਸ਼ਹੂਰ ਹੈ। । ਇਸ ਪਵਿੱਤਰ ਅਸਥਾਨ ’ਤੇ ਹਰ ਮਹੀਨੇ ਦੀ ਪੰਚਮੀ ਅਤੇ ਹਰ ਸਾਲ ਬਸੰਤ ਪੰਚਮੀ ਮੌਕੇ ਭਾਰੀ ਜੋੜ ਮੇਲਾ ਲੱਗਦਾ ਹੈ। ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਇਥੇ ਆ ਕੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਹਨ ਅਤੇ ਇਸ਼ਨਾਨ ਕਰ ਕੇ ਪੁੱਤਰ ਦੀ ਪ੍ਰਾਪਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦੀਆਂ ਜਿਨ੍ਹਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਉਹ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਇੱਥੇ ਆ ਕੇ ਨਤਮਸਤਕ ਹੁੰਦੇ ਹਨ।