Basarke Gillan

ਮੇਰਾ ਪਿੰਡ

ਅੰਮ੍ਰਿਤਸਰ ਸ਼ਹਿਰ ਦੀ ਇਤਿਹਾਸਕ ਅਤੇ ਸਨਅਤੀ ਉਪ ਨਗਰੀ ਛੇਹਰਟਾ ਤੋਂ ੭ ਕਿਲੋਮੀਟਰ ਤੋਂ ਦੱਖਣ ਬਾਹੀ ਵੱਸਿਆ ਪਿੰਡ ਬਾਸਰਕੇ ਗਿੱਲਾਂ ਹੈ ਜੋ ਛੇਹਰਟਾ ਝਬਾਲ ਰੋਡ ਤੇ ਸਥਿਤ ਹੈ । ਜਿੱਥੇ ਮੇਰਾ ਜਨਮ ੧੬ ਮਾਰਚ ੧੯੫੯ ਨੂੰ ਹੋਇਆ । ਗਿਆਨੀ ਹਜਾਰਾ ਸਿੰਘ ਪ੍ਰੇਮੀ ਦੇ ਘਰ ਮਾਤਾ ਸਵਿੰਦਰ ਕੌਰ ਦੇ ਕੁੱਖੋਂ ਹੋਇਆ । ਪ੍ਰੇਮੀ ਮੇਰੇ ਪਿਤਾ ਜੀ ਦਾ ਤਖੱਲਸ ਸੀ । ਜਿੰਨ੍ਹਾ ਨੇ ਕੁਝ ਸਮਾਂ ਆਪਣਾ ਢਾਡੀ ਜਥਾ ਬਣਾ ਕੇ ਸਿੱਖ ਧਰਮ ਦਾ ਪ੍ਰਚਾਰ ਵੀ ਕੀਤਾ ਅਤੇ ਧਾਰਮਿਕ ਕਵਿਤਾਵਾਂ ਵੀ ਲਿਖੀਆਂ । ਪਰ ਪਿਤਾ ਜੀ ਆਉਣ ਵਾਲੀ ਨਸਲ ਇਹ ਕਵਿਤਾਵਾਂ ਸਾਂਭ ਨਹੀਂ ਸਕੇ । ਮੈਨੂੰ ਮਾਣ ਹੈ ਆਪਣੇ ਪਿੰਡ ਤੇ ਜਿਸ ਦੀ ਮਿੱਟੀ ਦਾ ਕਿਣਕਾ-ਕਿਣਕਾ ਮਸਤਕ ਲਾਉਣਯੋਗ ਹੈ । ਮੇਰਾ ਪਿੰਡ ਉਹ ਬਾਸਰਕੇ ਹੈ ਜਿੱਥੇ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਤੀਸਰੀ ਜੋਤ ਸਾਹਿਬ ਸ੍ਰੀ ਗੁਰੁ ਅਮਰ ਦਾਸ ਜੀ ਨੇ ਅਵਤਾਰ ਧਾਰਿਆ । ਇਸ ਇਲਾਕੇ ਦੇ ਬਹੁਤੇ ਪਿੰਡ ਮੁਸਲਮਾਨਾਂ ਦੇ ਵਸਾਏ ਹੋਏ ਹਨ । ਪਿੰਡ ਬਾਸਰਕੇ ਵੀ ਬਸ਼ੀਰ ਨਾਂ ਦੇ ਮੁਸਲਮਾਨ ਨੇ ਵਸਾਇਆ । ਜਿਸ ਕਰਕੇ ਇਸ ਪਿੰਡ ਦਾ ਨਾਂ ਬਸ਼ੀਰ ਤੇ ਪਿਆ ਜੋ ਸਮੇਂ ਦੇ ਨਾਲ-ਨਾਲ ਬਾਸਰਕੇ ਦੇ ਨਾਂ ਨਾਲ ਪ੍ਰਚੱਲਿਤ ਹੋਇਆ । ਪਹਿਲਾ ਪਿੰਡ ਬਾਸਰਕੇ ਮੌਜੂਦਾ ਪਿੰਡ ਬਾਸਰਕੇ ਗਿੱਲਾਂ ਦੇ ਦਰਮਿਆਨ ਉਸ ਥੇਹ ਤੇ ਵੱਸਿਆ ਸੀ ਜੋ ਭਾਈ ਗੁਰਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਬੈਕ ਸਾਈਡ ਬਿਲਕੁਲ ਸਕੂਲ ਦੇ ਨੇੜੇ ਹੈ ।ਸ੍ਰ: ਰਣਧੀਰ ਸਿੰਘ ਰਿਸਰਚ ਸਕਾਲਰ ਅਨੁਸਾਰ ਪਿੰਡ ਬਾਸਰਕੇ ਸੰਮਤ ੧੫੧੧ ਤੋਂ ੧੮੧੧ ਬਿਕਰਮੀ ਤੱਕ ਲਗਭਗ ੩੦੦ ਸਾਲ ਇਸੇ ਥੇਹ ਤੇ ਵੱਸਿਆ ਰਿਹਾ ਹੈ ।

ਸਭ ਤੋਂ ਪਹਿਲਾਂ ਗੁਰੁ ਅਮਰਦਾਸ ਦੇ ਵੱਡੇ-ਵਡੇਰਿਆ ਰਾਮ ਨਰਾਇਣ ਭੱਲੇ ਨੇ ਇਸ ਪਿੰਡ ਬਾਸਰਕੇ ਵਿਖੇ ਆ ਕੇ ਵਾਸ ਕੀਤਾ ਸੀ । ਸ੍ਰ: ਰਣਧੀਰ ਸਿੰਘ ਦੀ ਲਿਖਤ ਅਨੁਸਾਰ ਜਦ ਸ੍ਰੀ ਰਾਮ ਨਰਾਇਣ ਦੀ ਬੰਸ ਵਿੱਚੋਂ ੧੪੯੮ ਈਸਵੀਂ ਨੂੰ ਹਰ ਜੀ ਪੈਦਾ ਹੋਏ ਤਾਂ ਇਸੇ ਸਾਲ ਇਹਨਾਂ ਦੇ ਵੱਡੇ ਪਿੰਡ ਬਾਸਰਕੇ ਛੱਡ ਕੇ ਗੁਰਵਾਲੀ ਚਲੇ ਗਏ । ਗੁਰਵਾਲੀ ਹੀ ਹਰ ਜੀ ਦੇ ਘਰ ਪੁਤਰ ਨੇ ਜਨਮ ਲਿਆ । ਜਿਸ ਦਾ ਨਾਂ ਤੇਜ ਭਾਨ ਰੱਖਿਆ ਗਿਆ । ਇੱਥੇ ਹੀ ਹਰ ਜੀ ਦੇ ਘਰ ਦੋ ਹੋਰ ਪੁੱਤਰਾਂ ਨੇ ਜਨਮ ਲਿਆ । ਜਿੰਨ੍ਹਾ ਦੇ ਨਾਂ ਚੰਦਰ ਭਾਨ ਅਤੇ ਭਾਨ ਚੰਦ ਰੱਖੇ ਗਏ ।

800px-Basarke_Gillan

ਸ੍ਰੀ ਤੇਜ ਭਾਨ ਦਾ ਵਿਆਹ ਦੁੱਗਲ ਖੱਤਰੀ ਦੇ ਘਰ ਹੋਇਆ ਅਤੇ ਇਨ੍ਹਾ ਦਾ ਖਾਨਦਾਨ ਮੁੜ ਬਾਸਰਕੇ ਆ ਗਿਆ । ੧੫੯੧ ਈਸਵੀ ਚੜ੍ਹਦਿਆਂ ਹੀ ਆਪਣੇ ਪਿਤਾ ਜੀ ਦੇ ਫੁੱਲ ਲੈ ਕੇ ਗਏ, ਹਰ ਜੀ ਵੀ ਉੱਥੇ ਸਵਰਗ ਸਿਧਾਰ ਗਏ । ਗੁਰੁ ਅਮਰ ਦਾਸ ਦੇ ਚਾਚੇ ਭਾਨ ਚੰਦ ਦੇ ਘਰ ਦੋ ਬਾਲਕਾਂ ਨੇ ਜਨਮ ਲਿਆ । ਵੱਡੇ ਦਾ ਨਾਂ ਦਤਾਰ ਚੰਦ ਅਤੇ ਛੋਟੇ ਦਾ ਨਾਂ ਈਸਰ ਦਾਸ ਰੱਖਿਆ ਗਿਆ । ਭਾਈ ਗੁਰਦਾਸ ਜੀ ਈਸਰ ਦਾਸ ਜੀ ਦੇ ਇਕਲੌਤੇ ਪੁੱਤਰ ਸਨ ।

ਤੇਜ ਭਾਨ ਭੱਲੇ ਦੀ ਪਤਨੀ ਦਾ ਨਾਂ ਮਾਤਾ ਸੁਲੱਖਣੀ (ਲਛਮੀ) ਸੀ । ਜਿਸ ਦੀ ਕੁੱਖੋਂ ਗੁਰੂ ਅਮਰ ਦਾਸ ਜੀ ਦਾ ਜਨਮ ੫ ਮਈ ੧੪੭੯ ਈਸਵੀ ਪਿੰਡ ਬਾਸਰਕੇ ਵਿਖੇ ਹੋਇਆ । ਗੁਰੁ ਅਮਰ ਦਾਸ ਜੀ ਦੇ ਜਨਮ ਅਸਥਾਨ ਸਬੰਧੀ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਕੱਤਰ ਸ੍ਰ. ਤੇਜਾ ਸਿੰਘ ਨੇ ਉਸ ਸਮੇਂ ਦੇ ਗ੍ਰਾਮ ਪੰਚਾਇਤ ਦੇ ਬਾਸਰਕੇ ਗਿੱਲਾਂ ਦੇ ਮੈਂਬਰ ਸ੍ਰੀ ਹਜਾਰਾ ਸਿੰਘ ਪ੍ਰੇਮੀ ਨੂੰ ਪੱਤਰ ਨੰ: ੩੨੬/੨੦-੪ ਮਿਤੀ ੯/੧੬-੧੧੫੩ ” ਇਹਨਾਂ ਸਾਰੇ ਨਿਸ਼ਾਨਾਂ ਅਤੇ ਇਤਿਹਾਸਿਕ ਇਸ਼ਾਰਿਆ ਦੇ ਆਸਰ ਅਸੀਂ ਇਸ ਨਤੀਜੇ ਤੇ ਪਹੁੰਚ ਸਕੇ ਹਾਂ ਕਿ ਸ੍ਰੀ ਗੁਰੁ ਅਮਰ ਦਾਸ ਜੀ ਦਾ ਜਨਮ ਉਸ ਥੇਹ ਉਪਰ ਹੈ ਜੋ ਸੰਮਤ ੧੫੧੧ ਬਿਕਰਮੀ ਤੋਂ ੧੮੧੧ ਬਿਕਰਮੀ ਤੱਕ ਅੰਮੀ ਜੰਮੀ ਵੱਸ ਰਿਹਾ ਸੀ । ਇਹ ਥੇਹ ਮੌਜੂਦਾ ਪਿੰਡ ਬਾਸਰਕੇ ਗਿੱਲਾਂ ਅਤੇ ਕੋਟਲੀ ਮੀਆਂ ਖਾਨ ਦੀਆਂ ਜੂਹਾਂ ਵਿੱਚ ਦੇਹ ਸ਼ਾਮਲਾਤ ਪਿਆ ਹੈ । ਗੁਰਦੁਆਰਾ ਸੰਨ੍ਹ ਸਾਹਿਬ ਤੋਂ ਲਗਭਗ ੨੯੫ ਕਰਮ (੪੯੨ ਗਜ) ਦੀ ਵਿੱਥ ਤੇ ਲਹਿੰਦੇ ਪਾਸੇ ਹੈ”

ਪਰ ਸੰਤ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਨੇ ਜੋ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੁ ਅਮਰ ਦਾਸ ਜੀ ਦੀ ਉਸਾਰੀ ਕਰਵਾ ਰਹੇ ਹਨ, ਉਸ ਸਬੰਧੀ ਉਨ੍ਹਾ ਅਤੇ ਕੁਝ ਪਿੰਡ ਵਾਸੀਆਂ ਦਾ ਮੱਤ ਹੈ ਕਿ ਪਿੰਡ ਬਾਸਰਕੇ ਪਿੰਡ ਵਿੱਚ ਜਿੱਥੇ ਅੱਜ ਤੱਕ ਰਿਹਾਇਸ਼ੀ ਮਕਾਨ ਬਣ ਚੁੱਕੇ ਹਨ ਪੁਰਾਤਨ ਸਮਿਆਂ ਵਿੱਚ ਇੱਥੇ ਕਈ ਖੂਹ ਵਗਦੇ ਸਨ ਜੋ ਹੁਣ ਪੂਰੇ ਜਾ ਚੁੱਕੇ ਹਨ । ਇੱਕ ਪੂਰਿਆ ਹੋਇਆ ਖੂਹ ਜੋ ਬੀਬੀ ਅਮਰੋ ਜੀ ਦੇ ਅੰਗੀਠੇ ਤੋਂ ੪੦ ਕਰਮਾਂ ਦੀ ਵਿੱਥ ਤੇ ਪਿੰਡ ਦੇ ਬਿਲਕੁਲ ਅੰਦਰ-ਬਾਹਰ ਨਾਨਕਸ਼ਾਹੀ ਇੱਟਾਂ ਦੀ ਬਣੀ ਹਵੇਲੀ ਇਮਾਰਤ ਦੇ ਨੇੜੇ ਸੀ । ਉੱਥੇ ਉਨ੍ਹਾ ਦੇ ਖਿਆਲ ਅਨੁਸਾਰ ਭੱਲਾ ਬੰਸ ਦੇ ਮੁਖੀ ਅਤੇ ਗੁਰੁ ਅਮਰਦਾਸ ਦੇ ਪਿਤਾ ਤੇਜ ਭਾਨ ਜੀ ਦਾ ਘਰ ਸੀ ।
ਬੀਬੀ ਅਮਰੋ ਜੀ ਦੀ ਸਮਾਧ (ਬੀਬੀ ਅਮਰੋ ਗੁਰੁ ਅੰਗਦ ਦੇਵ ਜੀ ਦੀ ਸਪੁਤਰੀ ਅਤੇ ਗੁਰੁ ਅਮਰ ਦਾਸ ਜੀ ਦੀ ਭਤੀਜ ਨੂੰਹ ਸੀ) ਦੇ ਨਜਦੀਕ ਬੀਬੀ ਅਮਰੋ ਤਲਾਬ ਵੀ ਸੀ । ਬੀਬੀ ਅਮਰੋ ਜੀ ਦਾ ਸਸਕਾਰ ਇੱਥੇ ਕੀਤਾ ਗਿਆ ਸੀ । ਪਹਿਲਾਂ ਸਸਕਾਰ ਘਰਾਂ ਵਿੱਚ ਹੀ ਕੀਤੇ ਜਾਂਦੇ ਸਨ । ਇਸ ਕਰਕੇ ਇਹ ਸੰਭਵ ਹੈ ਕਿ ਗੁਰੁ ਅਮਰ ਦਾਸ ਜੀ ਦਾ ਜਨਮ ਇਸੇ ਅਸਥਾਨ ਤੇ ਹੀ ਹੋਇਆ ਹੋਵੇਗਾ । (ਇਹਨਾਂ ਤੱਥਾਂ ਨੂੰ ਰੌਸ਼ਨੀ ਵਿੱਚ ਲਿਆਉਣ ਤੋਂ ਸਾਡਾ ਭਾਵ ਕਿਸੇ ਕਿਸਮ ਦਾ ਵਖਰੇਂਵਾ ਕਰਨਾ ਨਹੀਂ ਸਗੋਂ ਪਾਠਕਾਂ ਨੂੰ ਦੋਹਾਂ ਪੱਖਾਂ ਤੋਂ ਜਾਣੂ ਕਰਵਾਉਣਾ ਹੀ ਹੈ|

ਗੁਰੁ ਅਮਰ ਦਾਸ ਜੀ ਮੁੱਢ ਤੋਂ ਹੀ ਧਾਰਮਿਕ ਖਿਆਲਾਂ ਦੇ ਮਾਲਕ ਸਨ । ਗੁਰੁ ਜੀ ਨੇ ੨੧ ਵਾਰ ਗੰਗਾ ਦੀ ਯਾਤਰਾ ਵੀ ਕੀਤੀ ਪਰ ਮਨ ਦੀ ਭਟਕਣਾ ਦੂਰ ਨਾ ਹੋਈ । ਅਖੀਰਲੀ ਵਾਰ ਗੰਗਾ ਦੀ ਯਾਤਰਾ ਕਰਦਿਆ ਹਰਦੁਆਰ ਤੋਂ ਆਉਂਦਿਆ ਉਹਨਾਂ ਦਾ ਮੇਲ ਦੁਰਗਾ ਨਾਮੀੰ ਪੰਡਤ ਨਾਲ ਹੋ ਗਿਆ । ਜਿਸ ਨੇ ਗੁਰੁ ਅਮਰ ਦਾਸ ਜੀ ਨੂੰ ਪੁੱਛਿਆ ਕਿ ਆਪ ਦਾ ਗੁਰੁ ਕੋਣ ਹੈ । ਜਦ ਗੁਰੁ ਅਮਰ ਦਾਸ ਜੀ ਨੇ ਗੁਰੁ ਨਾ ਧਾਰਨ ਕਰਨ ਬਾਰੇ ਦੱਸਿਆ ਤਾਂ ਪੰਡਿਤ ਨਰਾਜ ਹੋ ਗਿਆ । ਗੁਰੁ ਅਮਰ ਦਾਸ ਵਿੱਚ ਗੁਰੂ ਦੀ ਇੱਛਾ ਪੈਦਾ ਹੋਈ । ਪਿੰਡ ਵਾਪਸ ਆ ਕੇ ਇੱਕ ਰਾਤ ਦੇ ਪਿਛਲੇ ਪਹਿਰ ਬੀਬੀ ਅਮਰੋ ਜੀ ਮੂੰਹੋਂ ਗਾਇਨ ਅਤੇ ਮਧੁਰ ਸੁਰ ਵਿੱਚ ਗੁਰਬਾਣੀ ਸੁਣੀ ਜੋ ਬੀਬੀ ਜੀ ਗਾ ਰਹੇ ਸਨ । ਇਹ ਸ਼ਬਦ ਸੁਣ ਕੇ ਉਨ੍ਹਾਂ ਦੇ ਮਨ ਨੂੰ ਧਰਵਾਸ ਆਇਆ । ਪੁੱਛਣ ਤੇ ਬੀਬੀ ਅਮਰੋ ਜੀ ਨੇ ਦੱਸਿਆ ਕਿ ਇਹ ਗੁਰਬਾਣੀ ਇਲਾਹੀ ਗੁਰੁ ਨਾਨਕ ਦੇਵ ਜੀ ਦੀ ਹੈ, ਜਿੰਨ੍ਹਾ ਦੀ ਗੱਦੀ ਦੇ ਵਾਰਿਸ ਮੇਰੇ ਪਿਤਾ ਜੀ ਹਨ । ਗੁਰੁ ਅਮਰ ਦਾਸ ਜੀ ਨੂੰ ਸੱਚ ਦਾ ਮਾਰਗ ਦਿੱਸ ਪਿਆ । ਉਹ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਚਲੇ ਗਏ । ਗੁਰੁ ਅਮਰ ਦਾਸ ਕੁੜ੍ਹਮਾਚਾਰੀ ਨੂੰ ਭੁੱਲ ਕੇ ਖਡੂਰ ਸਾਹਿਬ ਦੇ ਹੀ ਹੋ ਗਏ । ਬੀਬੀ ਅਮਰੋ ਜੀ ਵਾਪਸ ਪਿੰਡ ਵਾਪਸ ਆ ਗਏ । ਇਸ ਤਰ੍ਹਾਂ ਗੁਰੁ ਅਮਰ ਦਾਸ ਜੀ ਨੂੰ ਗੁਰੁ ਅੰਗਦ ਦੇਵ ਜੀ ਨਾਲ ਮਿਲਾ ਕੇ ਬੀਬੀ ਅਮਰੋ ਜੀ ਨੇ ਪੁੰਨ ਦਾ ਕੰਮ ਕੀਤਾ । ਜਿੱਥੇ ਹੁਣ ਗੁਰਦੁਆਰਾ ਅੰਗੀਠਾ ਸਾਹਿਬ ਹੈ, ਇੱਥੇ ਬੀਬੀ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ । ਇਸੇ ਕਰਕੇ ਇਸ ਅਸਥਾਨ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਬੀਬੀ ਅਮਰੋ ਜੀ ਕਹਿ ਕੇ ਸਤਕਾਰਿਆ ਜਾਂਦਾ ਹੈ ।