About Me

ਮੈਂ ਧੰਨਵਾਦੀ ਹਾਂ

s.manmohan singh basarkeਜੇ ਅੱਜ ਮੈ ‘ਆਪਣਾ ਗੁਆਚੇ ਪਲਾਂ ਦੀ ਦਾਸਤਾਨ’ ਤੇ ‘ਬੇਨਾਮ ਰਿਸਤੇ’ ਕਹਾਣੀ ਸੰਗ੍ਰਹਿ ਲੈ ਕੇ ਪਾਠਕਾਂ ਦੇ ਰੂ-ਬ-ਰੂ ਹੋ ਰਿਹਾ ਹਾਂ ਤਾਂ ਇਸ ਪਿੱਛੇ ਕੁਝ ਸਖਸ਼ੀਅਤਾਂ ਦਾ ਯੋਗਦਾਨ ਹੈ, ਜਿਨ੍ਹਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਲੋਚਦਾ ਹਾਂ| ਭਾਵੇਂ ਹਰ ਮਾਂ ਬਾਪ ਆਪਣੇ ਬੱਚਿਆਂ ਲਈ ਵੱਧ ਤੋਂ ਵੱਧ ਕਰਦੇ ਹਨ ਪਰ ਜੋ ਮੇਰੇ ਮਾਂ ਬਾਪ (ਗਿਆਨੀ ਹਜ਼ਾਰਾ ਸਿੰਘ ‘ਪ੍ਰੇਮੀ’ – ਮਾਤਾ ਸਵਿੰਦਰ ਕੌਰ) ਨੇ ਮੇਰੀ ਪਰਵਰਿਸ਼ ਕਰਨ ਤੇ ਮੈਨੂੰ~ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਜਫਰ ਜਾਲੇ ਹਨ, ਇਹਨਾਂ ਦੀ ਦੇਣ ਤਾਂ ਮੈਂ ਦੇ ਹੀ ਨਹੀਂ ਸਕਦਾ|

ਜਦ ਮੈਂ ਪ੍ਰਾਇਮਰੀ ਕੀਤੀ ਤਾਂ ਮੇਰੇ ਪਿੰਡ ਹਾਈ ਸਕੂਲ ਨਹੀਂ ਸੀ, ਪਿੰਡੋਂ ਤਿੰਨ-ਚਾਰ ਕਿਲੋਮੀਟਰ ਹਟਵੇਂ ਹਾਈ ਸਕੂਲ ਵਡਾਲੀ ਗੁਰੂ ਜਾਂ ਢੰਡ ਸਨ | ਇਕ ਅੱਧ ਬੱਸ ਦਾ ਸਰਕਾਰੀ ਟਾਇਮ ਸੀ | ਮੈਂ ਅੰਗਹੀਣ ਹੋਣ ਕਰਕੇ ਨਾ ਤਾਂ ਬੱਸ ਰਾਹੀਂ ਹੀ ਇਹਨਾਂ ਸਕੂਲਾਂ ਵਿਚ ਜਾ ਸਕਦਾ ਸੀ ਅਤੇ ਨਾ ਹੀ ਸਾਇਕਲ ਚਲਾਉਣ ਦੇ ਸਮਰੱਥ ਸੀ ਜਿਸ ਕਾਰਨ ਮੇਰੇ ਮਾਂ-ਬਾਪ ਮੇਰੀ ਪੜ੍ਹਾਈ ਪ੍ਰਤੀ ਚਿੰਤਤ ਸਨ ਪਰ ਇਸ ਔਖੀ ਸਥਿਤੀ ਵਿਚ ਮੇਰੀ ਬਾਂਹ ਮੇਰੀ ਭੂਆ ਨੇ ਫੜ੍ਹੀ ਤੇ ਆਪਣੀ ਉਂਗਲੀ ਲਾ ਕੇ ਆਪਣੇ ਪਿੰਡ ਗੰਡੀਵਿੰਡ ਲੈ ਗਈ ਜਿੱਥੇ ਮੈਂ ਭੂਆ-ਫੁੱਫੜ (ਸ੍ਰ: ਗੁਰਦੀਪ ਸਿੰਘ – ਸ੍ਰੀਮਤੀ ਸੁਰਜੀਤ ਕੌਰ) ਦੀ ਸਰਪ੍ਰਸਤੀ ਹੇਠ ਸੀ. ਐਮ. ਖਾਲਸਾ ਹਾਈ ਸਕੂਲ (ਹੁਣ ਸਰਕਾਰੀ) ਤੋਂ ਮਿਡਲ ਕੀਤੀ | ਇਸ ਮੌਕੇ ਤੇ ਮਾਂ ਵਰਗੀ ਮੇਰੀ ਵੱਡੀ ਭਾਬੀ (ਕ੍ਰਿਪਾਲ ਕੌਰ ਸੁਪੱਤਨੀ ਮਾ. ਗੱਜਣ ਸਿੰਘ) ਨੇ ਮੈ~ ਆਪਣੇ ਬੱਚਿਆਂ ਨਾਲੋਂ ਵੱਧ ਸੰਭਾਲਿਆ ਵੀ, ਪਿਆਰਿਆ ਵੀ, ਸਤਿਕਾਰਿਆ ਵੀ ਅਤੇ ਝਿੜਕਿਆ ਝੰਬਿਆ ਵੀ |

ਮੈਂ ਨੌਂਵੀਂ ਵਿੱਚ ਸਰਕਾਰੀ ਹਾਈ ਸਕੂਲ ਵਡਾਲੀ ਗੁਰੂ ਦਾਖਲ ਹੋ ਗਿਆ| ਜਿੱਥੇ ਮੇਰੇ ਛੋਟੇ ਭਾਈ ਸਾਹਿਬ ਇੰਦਰਜੀਤ ਸਿੰੰਘ ‘ਬਾਸਰਕੇ’ ਨੇ ਵੱਡਿਆਂ ਭਰਾਵਾਂ ਵਾਲੇ ਫਰਜ਼ ਅਦਾ ਕੀਤੇ| ਉਹ ਸਾਇਕਲ ਚਲਾਉਂਦੇ ਤੇ ਮੈਂ ਮਗਰ ਬੈਠ ਸਕੂਲ ਜਾਂਦਾ ਤੇ ਇਸ ਤਰ੍ਹਾਂ ਮੈਂ ਮੈਟ੍ਰਿਕ ਕਰ ਲਈ | ਮੈਂ ਕਈ ਵਾਰ ਮਹਿਸੂਸ ਕਰਦਾ ਹਾਂ ਕਿ ਜੇਕਰ ਉਪਰੋਕਤ ਸਖਸ਼ੀਅਤਾਂ ਮੈਨੂੰ ਸਹਿਯੋਗ ਨਾ ਦੇਂਦੀਆਂ ਤਾਂ ਮੈਂ ਤੁਹਾਡੇ ਰੂ-ਬ-ਰੂ ਹੋਣ ਦੇ ਸਮਰੱਥ ਤਾਂ ਕੀ ਹੋਣਾ ਸੀ ਸ਼ਾਇਦ ਮੈਂ ਪਿੰਡ ਦੀਆਂ ਗਲੀਆਂ ਤੱਕ ਹੀ ਸੀਮਤ ਰਹਿ ਜਾਂਦਾ |
ਮੈਨੂੰ ਆਪਣੇ ਅਧਿਆਪਕਾਂ ਤੇ ਵੀ ਮਾਣ ਹੈ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਜਿਊਣ ਦਾ ਵੱਲ ਸਿਖਾਇਆ ਅਤੇ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਲਈ, ਮਨ ਲਗਾ ਕੇ ਪੜ੍ਹਣ ਲਈ ਪ੍ਰੇਰਿਆ ਵੀ ਤੇ ਹੱਲਾ ਸ਼ੇਰੀ ਵੀ ਦਿੱਤੀ |

ਭਾਵੇਂ ਮੇਰੀ ਜੀਵਨ ਸਾਥਣ ਸਰਬਜੀਤ ਕੌਰ ਚਿੱਟੀ ਅਨਪੜ੍ਹ ਹੈ ਪਰ ਜਿਸ ਤਰ੍ਹਾਂ ਉਹ ਮੇਰੀ ਰਚਨ-ਪ੍ਰਕਿਰਿਆ ਦੌਰਾਨ ਸਹਿਯੋਗ ਦਿੰਦੀ ਹੈ ਅਤੇ ਘਰੇਲੂ ਜਿੰਮੇਵਾਰੀਆਂ ਬਾਖੂਬੀ ਨਿਭਾ ਰਹੀ ਹੈ, ਉਸ ਤੋਂ ਤਾਂ ਇਉਂ ਜਾਪਦਾ ਹੈ ਜਿਵੇਂ ਇਹ ਪੜ੍ਹੀਆਂ ਲਿਖੀਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਾ ਹੋਵੇ|

ਜਦ ਮੇਰਾ ਐਕਸੀਡੈਂਟ ਹੋਇਆ, ਪਹਿਲਾਂ ਹੀ ਪੋਲੀਉ ਕਾਰਨ ਕਮਜ਼ੋਰ ਲੱਤ ਟੁੱਟ ਗਈ ਤਾਂ ਮੇਰੀ ਜੀਵਨ ਜੋਤ ਜਗਾਈ ਰੱਖਣ ਲਈ, ਮੈਨੂੰ~ਸਮੇਂ ਸਿਰ ਹਸਪਤਾਲ ਪਹੁੰਚਾਉਣ ਵਿਚ ਜੋ ਸਹਾਇਤਾ ਸੀ੍ਰ ਸੁਰਿੰਦਰਪਾਲ ਮੈਂਬਰ ਪੰਚਾਇਤ ‘ਬਾਸਰਕੇ ਗਿੱਲਾਂ’ ਨੇ ਕੀਤੀ ਉਹ ਮੈਨੂੰ ਹਮੇਸ਼ਾਂ ਯਾਦ ਰਹੇਗੀ |

ਮੈਨੂੰ ਫਖਰ ਹੈ ਸ੍ਰ! ਰਣਬੀਰ ਸਿੰਘ ‘ਮੂਧਲ’, ਬੀ. ਡੀ. ਓ. ਅਤੇ ਉਸਦੇ ਸਹਿਯੋਗੀਆ ਜਿਨ੍ਹਾਂ ਵਿਚ ਸਰਵ ਸ੍ਰੀ ਸਤਨਾਮ ਸਿੰਘ ‘ਛੀਨਾ’, ਐਸ. ਈ. ਪੀ. ਓ., ਗੁਰਦੇਵ ਸਿੰਘ ‘ਮਾਹਲ’ ਬੀ. ਐਲ. ਈ. ਓ. (ਆਈ), ਬਲਦੇਵ ਸਿੰਘ ਗੱਗੋਬੂਆ, ਪ੍ਰਧਾਨ, ਬੀ. ਡੀ. ਓ. ਯੂਨੀਅਨ ਅੰਮ੍ਰਿਤਸਰ, ਗੁਰਨਾਮ ਸਿੰਘ ‘ਬੱਲ’ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਗੰਡੀਵਿੰਡ, ਇੰਜ. ਕੰਵਰਗੁਰਿੰਦਰ ਸਿੰਘ, ਇੰਜ. ਸੁਰਿੰਦਰ ਕੁਮਾਰ ਅਤੇ ਇੰਜ. ਮਹਿੰਦਰਪਾਲ ਤੋਂ ਇਲਾਵਾ ਡਾ. ਤੇਜਬੀਰ ਸਿੰਘ ‘ਭੰਗੂ’ ਏ. ਡੀ. ਓ. ਅਤੇ ਸਮਾਜ ਸੇਵੀ ਨੌਜਵਾਨ ਸੋ~ ‘ਚੀਮਾ’, ਜਿਹਨਾਂ ਨੇ ਮੇਰੀ ਹੱਥਲੀ ਪੁਸਤਕ ਛਪਾਉਣ ਵਿੱਚ ਸਹਾਇਤਾ ਕੀਤੀ ਹੈ| ਭਾਵੇਂ ਸ੍ਰ. ਰਣਬੀਰ ਸਿੰਘ ‘ਮੂਧਲ’ ਮੇਰੇ ਅਫਸਰ ਹਨ ਪਰ ਮੈਂ ਇਉਂ ਮਹਿਸੂਸ ਕਰਦਾ ਹਾਂ ਜਿਵੇਂ ਇਹਨਾਂ ਵਿਚ ਅਫਸਰੀ ਦੀ ਬੋ ਘੱਟ ਅਤੇ ਭਰਾਵਾਂ ਵਾਲਾ ਨਿੱਘ ਜਿਆਦਾ ਹੋਵੇ |

ਮੈਂ ਸਭ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਕਿਸੇ ਵੀ ਸਮੇਂ ਕਿਸੇ ਦੀ ਰੂਪ ਵਿੱਚ ਸਹਾਇਤਾ ਕੀਤੀ ਹੈ|

ਮਨਮੋਹਨ ਸਿੰਘ ਬਾਸਰਕੇ